ਹੜ੍ਹ ਦੀ ਸਥਿਤੀ ਬਣਾਉਣ ਵਾਲਾ ਰੇਤ ਮਾਫੀਆ ਸੇਵਾ 'ਚ ਲੱਗ, ਮੇਵਾ ਵੀ ਖਾਹ ਰਿਹਾ ਤੇ ਅਹਿਸਾਨ ਵੀ ਜਿਤਾ ਰਿਹਾ
"ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ" ਸੁਰਜੀਤ ਪਾਤਰ ਦੀਆਂ ਏਨ੍ਹਾਂ ਸਤਰਾਂ ਵਾਂਗ ਜੇਕਰ ਅੱਜ ਹੜ੍ਹਾਂ ਦੀ ਅਸਲੀਅਤ 'ਤੇ ਬੋਲੇ ਤਾਂ ਇਸਦੇ ਲਈ ਜਿੰਮੇਵਾਰ ਲੋਕ ਸਾਨੂੰ ਬਰਦਾਸ਼ਤ ਕਿਵੇਂ ਕਰਨਗੇ ਪਰ ਜੇਕਰ ਚੁੱਪ ਰਹੇ ਤਾਂ ਹਨੇਰਿਆਂ ਨੂੰ ਦੂਰ ਕਰਨ ਲਈ ਕਿਸੇ ਲੋਅ ਦੀ ਉਡੀਕ ਕਰਨ ਵਾਲੇ ਆਲ਼ੇ (ਸ਼ਮਾਦਾਨ) ਕੀ ਕਹਿਣਗੇ। ਇਸ ਲਈ ਇੱਕ ਪਾਸਾ ਕਰਦੇ ਹੋਏ ਅਸੀਂ ਆਲ਼ਿਆਂ ਨਾਲ ਖੜ੍ਹਨ ਦਾ ਫੈਸਲਾ ਕੀਤਾ ਹੈ ਕਿਉਂਕਿ ਹਨੇਰਿਆਂ ਨਾਲ ਸਾਡੀ ਕੀ ਸਾਂਝ।
ਮੌਜੂਦਾ ਸਮੇਂ ਆਏ ਹੜ੍ਹਾਂ ਨੂੰ ਲੈਕੇ ਬਹੁਤ ਸਾਰੇ ਕਾਰਨ ਚਰਚਾ 'ਚ ਹਨ (ਜੋ ਪਿਛਲੀ ਸੰਪਾਦਕੀ 'ਚ ਅਸੀਂ ਦੱਸ ਚੁੱਕੇ ਹਾਂ) ਜਿਨ੍ਹਾਂ ਚੋਂ ਇੱਕ ਕਾਰਨ ਦਰਿਆਵਾਂ ਚੋਂ ਕੀਤੀ ਨਜਾਇਜ ਮਾਈਨਿੰਗ ਵੀ ਹੈ। ਇਸਦੇ ਲਈ ਸਬੂਤ ਭਾਲਣ ਲਈ ਕਿਤੇ ਜਾਣ ਦੀ ਜਰੂਰਤ ਨਹੀਂ ਕਿਉਂਕਿ ਸਤਲੁਜ ਦੇ ਕੰਢੇ ਵਸੇ ਹਲਕਾ ਸਾਹਨੇਵਾਲ ਦੇ ਪਿੰਡ ਸਸਰਾਲੀ ਕਲੋਨੀ ਦੀ ਉਦਾਹਰਨ ਸਾਹਮਣੇ ਹੈ ਜਿੱਥੇ ਸਤਲੁਜ ਦਾ ਬੰਨ ਟੁੱਟ ਚੁੱਕਾ ਹੈ ਅਤੇ ਜੇਕਰ ਲੋਕ ਅੱਜ ਵੀ ਬਚੇ ਹਨ ਤਾਂ ਉਸਦਾ ਕਾਰਨ ਉਨ੍ਹਾਂ ਦੀ ਅਪਣੀ ਹਿੰਮਤ ਹੈ ਜਾਂ ਫੌਜ, ਜਿਨ੍ਹਾਂ ਇੱਕਠਿਆ ਏਥੇ ਇੱਕ ਆਰਜੀ ਰਿੰਗ ਬੰਨ ਨੂੰ ਨੇਪਰੇ ਚਾੜਿਆ। ਜਿੱਥੇ ਬੇਖੌਫ ਹੋ ਕੇ ਰੱਜ ਕੇ ਮਾਈਨਿੰਗ ਹੋਈ ਸੀ। ਦੂਜਾ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ ਘੱਟ ਜਾਣਾ ਹੈ ਜੋ ਮੌਜੂਦਾ ਸਮੇਂ ਆਲੇ ਦੁਆਲੇ ਦੇ ਖੇਤਾਂ ਤੋਂ ਵੀ ਨੀਵਾਂ ਵਹਿ ਰਿਹਾ ਹੈ ਤੇ ਭਾਵੇਂ ਉਹ ਨਵੇਂ ਬਣਾਏ ਰਿੰਗ ਬੰਨ ਨਾਲ ਜਾ ਲੱਗਾ ਹੈ ਪਰ ਉਸਤੋਂ ਅਜੇ ਕੋਈ ਖਤਰਾ ਨਹੀਂ ਹੈ।
ਸਸਰਾਲੀ ਕਲੋਨੀ ਅੱਜ ਅਪਣੇ ਹਾਲਾਤਾਂ ਕਾਰਨ ਦੇਸ਼ ਵਿਦੇਸ਼ 'ਚ ਮਸ਼ਹੂਰ ਹੋ ਚੁੱਕਾ ਹੈ ਜਿਸਦੀ ਚਰਚਾ ਇਸ ਬਜਾਹ ਤੋਂ ਵੀ ਅੱਜ ਕਰਨੀ ਬਣਦੀ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਾਰਾਜ ਚੌਹਾਨ ਨੇ ਅਪਣੇ ਪੰਜਾਬ ਦੌਰੇ ਦੌਰਾਨ ਏਹ ਗੱਲ ਕਹੀ ਕਿ ਪੰਜਾਬ 'ਚ ਹੜ੍ਹ ਆਉਣ ਦਾ ਮੁੱਖ ਕਾਰਨ ਗੈਰ ਕਾਨੂੰਨੀ ਮਾਈਨਿੰਗ ਹੈ। ਜਿਸ ਉੱਤੇ ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਤੋਂ ਇਲਾਵਾ ਆਪ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮਾਲ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਟਿੱਪਣੀ ਆਈ ਤੇ ਉਨ੍ਹਾਂ ਇਸਦੀ ਨਿੰਦਾ ਕਰਦੇ ਹੋਏ ਕੇਂਦਰ ਸਰਕਾਰ ਉੱਤੇ ਵਿਤਕਰੇਬਾਜੀ ਦੇ ਦੋਸ਼ ਲਗਾਏ। ਕੇਂਦਰੀ ਮੰਤਰੀ ਵਰਗੀ ਪ੍ਰਤੀਕਿਿਰਆ ਸਸਰਾਲੀ ਕਲੋਨੀ 'ਚ ਸਤਲੁਜ ਬੰਨ ਦਾ ਦੌਰਾ ਕਰਨ ਆਏ ਬਸਪਾ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ, ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਡਾ ਅਮਰ ਸਿੰਘ ਬੋਪਾਰਾਏ, ਅਕਾਲੀ ਦੇ ਸਾਬਕਾ ਵਿਧਾਇਕ ਤੇ ਹਲਕੇ ਦੇ ਇੰਚਾਰਜ ਸ਼ਰਨਜੀਤ ਸਿੰਘ ਢਿੱਲੋਂ, ਕਾਂਗਰਸ ਦੇ ਹਲਕਾ ਇੰਚਾਰਜ ਵਿਰਕਮ ਸਿੰਘ ਬਾਜਵਾ, ਕਾਂਗਰਸ ਤੋਂ ਹੀ ਇਸ ਹਲਕੇ ਤੋਂ ਸਰਗਰਮੀਆਂ ਚਲਾ ਰਹੇ ਐਡਵੋਕੇਟ ਤਨਵੀਰ ਸਿੰਘ ਧਾਲੀਵਾਲ, ਭਾਜਪਾ ਤੋਂ ਇਸ ਹਲਕੇ 'ਚ ਸਰਗਰਮੀਆਂ ਚਲਾ ਰਹੇ ਪ੍ਰਿਤਪਾਲ ਸਿੰਘ ਬਲੀਏਵਾਲ ਅਤੇ ਕੁਝ ਹੋਰਾਂ ਨੇ ਵੀ ਦਿੱਤੀ। ਭਾਵੇਂ ਕਿ ਏਹ ਸਿਆਸੀ ਬਿਆਨਬਾਜੀ ਹੈ ਪਰ ਇਸਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ ਕਿਉਂਕਿ ਜਿਸ ਜਗਾਹ ਉੱਤੋਂ ਬੰਨ ਟੁੱਟਿਆ ਹੈ ਇਸ ਪੁਆਇੰਟ ਤੋਂ ਜੋ ਨਜਾਇਜ ਮਾਈਨਿੰਗ ਹੋਈ ਹੈ ਉਸ ਨੂੰ ਲੈਕੇ ਪਹਿਲਾਂ ਹਾਈਕੋਰਟ ਦੀ ਮਹਿਲਾ ਵਕੀਲ ਸਿਮਰਨ ਕੌਰ ਗਿੱਲ ਵੱਲੋਂ ਇਲਾਕੇ ਦੀਆਂ ਕੁਝ ਪੰਚਾਇਤਾਂ ਤੇ ਮੋਹਤਬਰਾਂ ਨੂੰ ਲੈਕੇ ਪਹਿਲਾਂ ਪ੍ਰਸ਼ਾਸਨ ਅਤੇ ਪੁਲਿਸ ਦੇ ਆਲਾ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ। ਜਦੋਂ ਸ਼ਾਸਨ ਪ੍ਰਸ਼ਾਸਨ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਤਾਂ ਉਨ੍ਹਾਂ ਅਪਣੇ ਸੰਵਿਧਾਨਿਕ ਅਧਿਕਾਰ ਦੀ ਵਰਤੋਂ ਕਰਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਪਿੰਡ ਗੌਂਸਗੜ੍ਹ ‘ਚ ਪੱਕਾ ਧਰਨਾ ਲਗਾ ਕੇ ਗੈਰ ਕਾਨੂੰਨੀ ਮਾਈਨਿੰਗ ਨਾਲ ਭਰੇ ਟਿੱਪਰਾਂ ਨੂੰ ਰੋਕ ਦਿੱਤਾ। ਇਸ ਦੌਰਾਨ ਪ੍ਰਸ਼ਾਸਨ ਨੇ ਰੇਤ ਮਾਫੀਆ ‘ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨਾਲ ਵਧੀਕੀ ਕਰਦੇ ਹੋਏ ਦਬਾਅ ਬਣਾਉਣ ਲਈ ਥਾਣਾ ਮੇਹਰਬਾਨ ‘ਚ ਗੈਰਕਾਨੂੰਨੀ ਮਾਈਨਿੰਗ ਖਿਲਾਫ ਲੜ੍ਹ ਰਹੇ ਲੋਕਾਂ ਉੱਤੇ ਹੀ ਵੱਖ ਵੱਖ ਸਮੇਂ ‘ਤੇ 2 ਪਰਚੇ ਦਰਜ ਕਰ ਦਿੱਤੇ। ਇਸ ਤੋਂ ਬਾਅਦ 21 ਜਣਿਆ ‘ਤੇ ਇੱਕ ਹੋਰ ਪਰਚਾ ਦਰਜ ਕਰਕੇ ਸਰਪੰਚ ਤਾਜਪਰਮਿੰਦਰ ਸਿੰਘ ਸੋਨੂੰ ਨੂੰ ਫੜ੍ਹ ਲਿਆ ਗਿਆ ਜਿਸਦੇ ਖਿਲਾਫ ਇਲਾਕੇ ਦੇ ਲੋਕਾਂ ਵੱਲੋਂ ਥਾਣਾ ਮੇਹਰਬਾਨ ਦੇ ਬਾਹਰ ਧਰਨਾ ਲਗਾ ਦਿੱਤਾ ਤਾਂ ਦਬਾ ਵੱਧਣ ਤੋਂ ਬਾਅਦ ਭਾਵੇਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਪਰ ਕੀਤੇ ਵਾਅਦੇ ਮੁਤਾਬਿਕ ਦਰਜ ਕੀਤਾ ਉਹ ਮਾਮਲਾ ਅਜੇ ਤੱਕ ਰੱਦ ਨਹੀਂ ਕੀਤਾ ਗਿਆ। ਗੱਲ ਏਥੇ ਵੀ ਨਹੀਂ ਰੁਕੀ। ਕੁਝ ਦਿਨ ਬਾਅਦ ਰੇਤ ਨਾਲ ਭਰੇ ਟਿੱਪਰਾਂ ਨੂੰ ਰੋਕਣ ‘ਤੇ ਗੈਰ ਕਾਨੂੰਨੀ ਮਾਈਨਿੰਗ ਖਿਲਾਫ ਲੜ੍ਹਨ ਵਾਲੇ ਲੋਕਾਂ ਦੀ ਰੇਤ ਮਾਫੀਆ ਦੁਆਰਾ ਸਸਰਾਲੀ ਕਲੋਨੀ ‘ਚ ਕੁੱਟਮਾਰ ਕੀਤੀ ਗਈ ਜਿਸ ਕਾਰਨ ਮਹਿਲਾ ਵਕੀਲ ਸਿਮਰਨ ਕੌਰ ਗਿੱਲ ਸਮੇਤ ਕਈ ਲੋਕ ਗੰਭੀਰ ਜਖਮੀਂ ਹੋ ਗਏ। ਰੇਤ ਮਾਫੀਆ ਉੱਤੇ ਪਰਚਾ ਦਰਜ ਕਰਵਾਉਣ ਲਈ ਕੀਤੀਆਂ ਸਾਰੀਆਂ ਕੋਸ਼ਿਸਾਂ ਫੇਲ੍ਹ ਹੋ ਜਾਣ ਤੋਂ ਬਾਅਦ ਏਹ ਮਾਮਲਾ ਪੰਜਾਬ ਦੇ ਗਵਰਨਰ ਦੇ ਦਰਬਾਰ ਪੁੱਜ ਗਿਆ ਤੇ ਮਾਨਯੋਗ ਗਵਰਨਰ ਦੇ ਦਖਲ ਤੋਂ ਬਾਅਦ ਰੇਤ ਮਾਫੀਆ ਉੱਤੇ ਪਰਚਾ ਤਾਂ ਦਰਜ ਹੋ ਗਿਆ ਪਰ ਜਿੱਥੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਉੱਥੇ ਹੀ ਇੱਕ ਮਹੀਨੇ ਬਾਅਦ ਸੱਭ ਨੂੰ ਹੈਰਾਨ ਕਰਨ ਵਾਲਾ ਇੱਕ ਹੋਰ ਕਰਾਸ ਪਰਚਾ ਵੀ ਲੜ੍ਹਨ ਵਾਲੇ ਲੋਕਾਂ ਉੱਤੇ ਵੀ ਹੋ ਜਾਂਦਾ ਹੈ। ਵਕੀਲ ਗਿੱਲ ‘ਤੇ ਪਰਚਾ ਦਰਜ ਹੋਣ ਤੋਂ ਬਾਅਦ ਜਿੱਥੇ ਹੋਰ ਇਨਸਾਫ ਪਸੰਦ ਲੋਕ ਉਸ ਦੇ ਹੱਕ ‘ਚ ਖੜ੍ਹੇ ਹੋ ਗਏ ਉੱਥੇ ਹੀ ਸਮੁੱਚਾ ਵਕੀਲ ਭਾਈਚਾਰਾ ਵੀ ਉਸਦੇ ਹੱਕ ‘ਚ ਖੜ੍ਹਾ ਹੋ ਗਿਆ। ਲੁਧਿਆਣਾ ਅਦਾਲਤ ‘ਚ ਸੀਨੀਅਰ ਐਡਵੋਕੇਟ ਹਰਕਮਲ ਸਿੰਘ ਮੇਘੋਵਾਲ ਨੇ ਜਿੱਥੇ ਜਨਾਨੀਆਂ ਨੂੰ ਛੱਡ ਕੇ ਸਾਰੇ ਮਰਦ ਅਰੋਪੀਆਂ ਦੀਆਂ ਜਮਾਨਤਾਂ ਰੱਦ ਕਰਵਾ ਦਿੱਤੀਆਂ ਉੱਥੇ ਹੀ ਸਿਮਰਨ ਕੌਰ ਗਿੱਲ ਦੀ ਹਾਈ ਕੋਰਟ ਵਾਲੀ ਟੀਮ ਨੇ ਹਾਈ ਕੋਰਟ ਚੋਂ ਵੀ ਸਾਰਿਆਂ ਦੀਆਂ ਜਮਾਨਤਾਂ ਰੱਦ ਕਰਵਾ ਦਿੱਤੀਆਂ। ਏਸੇ ਦਰਮਿਆਨ ਇੱਕ ਹੋਰ ਘਟਨਾ ਵੀ ਵਾਪਰੀ ਕਿ ਇੱਕ ਅਰੋਪੀ ਪਰਚਾ ਹੋਣ ਦਰਜ ਹੋਣ ਦੇ ਬਾਵਯੂਦ ਪੁਲਿਸ ਕਮਿਸ਼ਨਰ ਦੇ ਦਫਤਰ ਬੇਖੌਫ ਹੋ ਕੇ ਘੁੰਮ ਰਿਹਾ ਸੀ ਜਿਸਦੀ ਜਾਣਕਾਰੀ ਜਿਉਂ ਹੀ ਸਿਮਰਨ ਕੌਰ ਗਿੱਲ ਨੂੰ ਲੱਗੀ ਤਾਂ ਉਸਨੇ ਉਸਦੀ ਗ੍ਰਿਫਤਾਰੀ ਕਰਵਾ ਦਿੱਤੀ ਜੋ ਅਜੇ ਵੀ ਜੇਲ੍ਹ ‘ਚ ਹੈ।
ਹੁਣ ਇਹ ਸਾਰਾ ਕਿੱਸਾ ਸੁਣਾਉਣ ਦੇ ਕਾਰਨਾਂ ਵੱਲ ਚੱਲਦੇ ਹਾਂ ਕਿ ਜਿਨ੍ਹਾਂ ਅਰੋਪੀਆਂ ਦੀਆਂ ਜਮਾਨਤਾਂ ਹੇਠਲੀ ਅਦਾਲਤ ਤੋਂ ਬਾਅਦ ਉੱਚ ਅਦਾਲਤ ‘ਚ ਰੱਦ ਹੋ ਚੁੱਕੀਆਂ ਹਨ ਅਤੇ ਉਹ ਪੁਲਿਸ ਨੂੰ ਲੋੜੀਂਦੇ ਹਨ ਪਰ ਅੱਜ ਉਹ ਬੇਖੌਫ ਹੋਏ ਸਸਰਾਲੀ ਪਿੰਡ ‘ਚ ਹੀ ਸ਼ਾਸ਼ਨ ਪ੍ਰਸ਼ਾਸ਼ਨ ਦੀ ਬਾਂਹ ‘ਚ ਬਾਂਹ ਪਾ ਕੇ ਘੁੰਮਦੇ ਦਿਖਾਈ ਦੇ ਰਹੇ ਹਨ। ਏਨ੍ਹਾਂ ਹੀ ਨਹੀਂ ਜੇਕਰ ਰੇਤ ਮਾਫੀਆ ਨਾਲ ਜੁੜੇ ਹੋਰਨਾਂ ਲੋਕਾਂ ਦੇ ਸ਼ੋਸ਼ਲ ਅਕਾਊਂਟ ਦੇਖੇ ਜਾਣ ਤਾਂ ਹੜ੍ਹਾਂ ਵਰਗੀ ਮਾਰੂ ਸਥਿਤੀ ਪੈਦਾ ਕਰਨ ਵਾਲੇ ਏਹ ਲੋਕ ਕਹਿੰਦੇ ਵੀ ਸੁਣੇ ਜਾ ਸਕਦੇ ਹਨ ਕਿ ਸਾਨੂੰ ਰੇਤ ਮਾਫੀਆ ਕਹਿੰਦੇ ਸਨ ਅੱਜ ਦੇਖ ਲਵੋ ਅਸੀਂ ਹੀ ਤੁਹਾਡੇ ਕੰਮ ਆਏ ਹਾਂ। ਇਸ ਦਾ ਕਾਰਨ ਵੀ ਹੈ, ਅੱਜ ਰਾਹਤ ਕਾਰਜਾਂ ‘ਚ ਵੱਡੇ ਪੱਧਰ ‘ਤੇ ਉਹੀ ਮਸ਼ੀਨਰੀ ਲੱਗੀ ਹੋਈ ਹੈ ਜਿਹੜੀ ਗੈਰਕਾਨੂੰਨੀ ਮਾਈਨਿੰਗ ਦੌਰਾਨ ਅਕਸਰ ਦੇਖੀ ਜਾਂਦੀ ਰਹੀ ਹੈ। ਜਿਹੜੇ ਕਈ ਪ੍ਰਕਾਰ ਦੇ ਸਵਾਲ ਪੈਦਾ ਕਰਦੀ ਹੈ ਕਿ ਜੇਕਰ ਉਹ ਸੇਵਾ ‘ਚ ਲੱਗੇ ਹਨ ਤਾਂ ਸ਼ਾਸਨ ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਨੇ ਏਨ੍ਹਾਂ ਕੋਲੋਂ ਕੰਮ ਕਰਵਾਉਣ ਦੀ ਬਜਾਏ ਅਪਣੇ ਪੱਲੇ ਤੋਂ ਕੀ ਕੀਤਾ? ਜੇਕਰ ਸਰਕਾਰ ਨੇ ਅਪਣੇ ਪੱਲੇ ਤੋਂ ਕੁਝ ਨਹੀਂ ਕੀਤਾ ਤਾਂ ਫੇਰ ਕਾਹਦੇ ਰਾਹਤ ਕਾਰਜ? ਏਥੇ ਏਹ ਵੀ ਨਹੀਂ ਕਿ ਰੇਤ ਮਾਫੀਆ ਦੀ ਮਸ਼ੀਨਰੀ ਫ੍ਰੀ ਸੇਵਾ ਕਰ ਰਹੀ ਹੈ। ਸੇਵਾ ਤੋਂ ਜਿਆਦਾ ਤਾਂ ਉਹ ਮੇਵਾ ਖਾਂਦੀ ਦਿਖਾਈ ਦਿੰਦੀ ਹੈ। ਕੱਲ ਵਿਧਾਇਕ ਨਾਲ ਉਨ੍ਹਾਂ ਦੀ ਵਾਇਰਲ ਹੋਈ ਤਸਵੀਰ ਇਸ ਦੇ ਲਈ ਕਾਫੀ ਹੈ ਕਿ ਲੋਕ ਉਨ੍ਹਾਂ ਨੂੰ ਆਰਥਿਕ ਸਹਾਇਤਾ ਵੀ ਦੇ ਰਹੇ ਹਨ। ਏਦਾਂ ਹੀ ਪਤਾ ਨਹੀਂ ਕਿੰਨੀ ਮਾਇਆ ਉਨ੍ਹਾਂ ਨੂੰ ਅਪਣੇ ਹੀ ਪੁੱਟੇ ਖੁਹ ਪੂਰਨ ਲਈ ਹਮਦਰਦੀ ਵਜੋਂ ਮਿਲ ਰਹੀ ਹੋਵੇਗੀ। ਮਾਇਆ ਦੇਣ ਵਾਲਾ ਵਿਧਾਇਕ ਇੱਕ ਸਮਾਜਸੇਵੀ ਹੈ ਪਰ ਉਸਨੂੰ ਕੀ ਪਤਾ ਕਿ ਜਿਸ ਨੂੰ ਉਨ੍ਹਾਂ ਨੇ ਮਾਇਆ ਫੜਾਈ ਹੈ ਲੋਕ ਉਨ੍ਹਾਂ ਨੂੰ ਰੇਤ ਮਾਫੀਆ ਆਖ ਰਹੇ ਹਨ ਅਤੇ ਪੈਦਾ ਹੋਈ ਸਥਿਤੀ ਲਈ ਉਨ੍ਹਾਂ ਨੂੰ ਦੋਸ਼ੀ ਸਮਝ ਰਹੇ ਹਨ। ਏਨ੍ਹਾਂ ਹੀ ਨਹੀਂ ਮਾਇਆ ਲੈਣ ਵਾਲਿਆਂ ‘ਚ ਦੋ ਉਹ ਹਨ ਜਿਨ੍ਹਾਂ ਦੀ ਮਾਨਯੋਗ ਹਾਈ ਕੋਰਟ ਚੋਂ ਜਮਾਨਤ ਰੱਦ ਹੋ ਚੁੱਕੀ ਹੈ।
ਸ਼ਾਸ਼ਨ, ਪ੍ਰਸ਼ਾਸਨ ਤੇ ਸੱਤਾਧਾਰੀਆਂ ਦੀ ਬਹੁਤ ਗੱਲ ਕਰ ਲਈ ਹੁਣ ਆਖਰ ‘ਚ ਵਿਰੋਧੀ ਧਿਰ ਦੇ ਸਾਰੇ ਆਗੂਆਂ ਨੂੰ ਏਹ ਪੁੱਛਣਾ ਤਾਂ ਬਣਦਾ ਹੀ ਹੈ ਕਿ ਤੁਸੀਂ ਅਤੇ ਤੁਹਾਡੀ ਸੀਨੀਅਰ ਲੀਡਰਸ਼ਿਪ ਅੱਜ ਹੜ੍ਹਾਂ ਨੂੰ ਨਜਾਇਜ ਹੋਈ ਮਾਈਨਿੰਗ ਵੀ, ਵਜਾਹ ਆਖ ਰਹੇ ਹਨ ਪਰ ਜਦੋਂ ਨਜਾਇਜ ਮਾਈਨਿੰਗ ਹੋ ਰਹੀ ਸੀ ਤਾਂ ਇਸਦੇ ਖਿਲਾਫ ਤੁਸੀਂ ਕਦੋਂ ਅਵਾਜ ਚੁੱਕੀ? ਇਸ ਬਾਬਤ ਅਸੀਂ ਉਸ ਵੇਲੇ ਵੀ ਲਿਿਖਆ ਸੀ ਜਦੋਂ ਗੈਰ ਕਾਨੂੰਨੀ ਮਾਈਨਿੰਗ ਖਿਲਾਫ ਇਸ ਇਲਾਕੇ ਦੇ ਕੁਝ ਲੋਕ ਉੱਠ ਖੜ੍ਹੇ ਹੋਏ ਸਨ ਤਾਂ ਦੋ ਵਾਰ ਦੇ ਵਿਧਾਇਕ ਸਾਬਕਾ ਮੰਤਰੀ ਨੇ ਨਜਾਇਜ ਮਾਈਨਿੰਗ ਖਿਲਾਫ ਕਦੋਂ ਵਕਾਲਤ ਕੀਤੀ? ਕਾਂਗਰਸ ਦੇ ਹਲਕਾ ਇੰਚਾਰਜ ਜੋ ਦੋ ਵਾਰ ਇਸ ਹਲਕੇ ਤੋਂ ਚੋਣ ਲੜ੍ਹ ਚੁੱਕੇ ਹਨ ਨੇ ਕਦੋਂ ਇਸ ਖਿਲਾਫ ਮੋਹਰੀ ਹੋ ਕਿ ਝੰਡਾ ਬੁਲੰਦ ਕੀਤਾ। ਜੇਕਰ ਏਨ੍ਹਾਂ ਸਮੇਤ ਭਾਜਪਾ ਅਤੇ ਕਾਂਗਰਸ ਦੇ ਇਸ ਹਲਕੇ ਤੋਂ ਚੋਣ ਲੜਨ ਦੀ ਇੱਛਾ ਰੱਖਣ ਵਾਲੇ ਦੋਵਾਂ ਨੌਜਵਾਨਾਂ ਨੂੰ ਪੁੱਛਿਆ ਜਾਵੇ ਕਿ ਅੱਜ ਰੇਤ ਮਾਫੀਆ ਆਪੇ ਖੜੀ ਮੁਸੀਬਤ ਨੂੰ ਪੂਰਨ ‘ਤੇ ਲੱਗਾ ਹੈ ਤਾਂ ਤੁਸੀਂ ਇਸ ਬਾਬਤ ਕੀ ਕਹੋਂਗੇ ਜਾਂ ਜਿਨ੍ਹਾਂ ਲੋਕਾਂ ਦੀਆਂ ਜਮਾਨਤਾਂ ਹਾਈ ਕੋਰਟ ਚੋਂ ਰੱਦ ਹਨ ਤੇ ਉਹ ਬੰਨ ‘ਤੇ ਬੇਖੌਫ ਹੋਏ ਘੁੰਮ ਰਹੇ ਹਨ ਉਨ੍ਹਾਂ ਉੱਤੇ ਕਾਰਵਾਈ ਕਰਵਾਉਣ ਲਈ ਕੀ ਕਰ ਰਹੇ ਹੋ? ਜੇ ਜਵਾਬ ਕੋਈ ਨਹੀਂ ਤਾਂ ਇਸ ਇਲਾਕੇ ਦੇ ਲੋਕਾਂ ਨੂੰ ਇੱਕ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਸਾਰੇ ਮਿਲੇ ਹੋਏ ਹਨ ਇਸ ਲਈ ਭਵਿੱਖ ਦੇ ਅਜਿਹੇ ਖਤਰੇ ਨੂੰ ਪੈਦਾ ਹੋਣ ਤੋਂ ਪਹਿਲਾਂ ਗਰਭ ‘ਚ ਮਾਰਨ ਲਈ ਉਨ੍ਹਾਂ ਨੂੰ ਠੀਕ ਉਸੇ ਪ੍ਰਕਾਰ ਇੱਕਜੁੱਟ ਹੋਣਾ ਹੋਵੇਗਾ ਜਿਸ ਪ੍ਰਕਾਰ ਅੱਜ ਉਹ ਇੱਕਜੁੱਟ ਹੋ ਕੇ ਮਨੁੱਖ ਦੀ ਪੈਦਾ ਕੀਤੀ ਹੋਈ ਮੁਸੀਬਤ ਦੇ ਖਿਲਾਫ ਜੂਝ ਰਹੇ ਹਨ।
ਗੁਰਿੰਦਰ ਕੌਰ ਮਹਿਦੂਦਾਂ
ਮੁੱਖ ਸੰਪਾਦਕ