ਯੂ.ਪੀ, ਬਿਹਾਰ ਨੂੰ ਜਾਣ ਵਾਲੀਆਂ ਪ੍ਰਾਈਵੇਟ ਬੱਸਾਂ ਵਿੱਚ ਲੋਡ ਕੀਤੇ ਜਾਂਦੇ ਨੇ ਮੋਟਰ ਸਾਈਕਲ ਤੇ ਘਰੇਲੂ ਗੈਸ ਸਿਲੰਡਰ
ਚੰਦ ਚਾਂਦੀ ਦੇ ਟੁਕੜਿਆਂ ਲਈ ਗਰੀਬ ਲੋਕਾਂ ਦੀ ਜਾਨਾਂ ਨਾਲ ਕੀਤਾ ਜਾ ਰਿਹੈ ਖਿਲਵਾੜ
ਲੁਧਿਆਣਾ, 26 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ): ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਬਿਹਾਰ ਤੋਂ ਦਿੱਲੀ ਜਾ ਰਹੀ ਬੱਸ ਨੂੰ ਅੱਗ ਲੱਗਣ ਨਾਲ ਪੰਜ ਵਿਅਕਤੀਆਂ ਦੇ ਜਿੰਦਾ ਸੜ ਜਾਣ ਦੀ ਘਟਨਾ ਨੇ ਹਰ ਵਿਅਕਤੀ ਦੀ ਅੱਖ ਨਮ ਕਰ ਦਿੱਤੀ। ਪਰ ਦੂਸਰੇ ਪਾਸੇ ਲੁਧਿਆਣਾ ਦਾ ਆਰ. ਟੀ. ਏ ਵਿਭਾਗ ਤੇ ਟ੍ਰੈਫ਼ਿਕ ਪੁਲੀਸ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸਾਇਦ ਉਹ ਲਖਨਊ ਵਰਗੀ ਕਿਸੇ ਹੋਰ ਘਟਨਾ ਦਾ ਇੰਤਜਾਰ ਕਰ ਰਿਹਾ ਹੈ। ਏਥੇ ਦੱਸ ਦੇਈਏ ਕੀ ਲੁਧਿਆਣਾ ਸ਼ਹਿਰ ਅੰਦਰੋਂ ਕਰੀਬ ਦੋ ਤਿੰਨ ਦਰਜ਼ਨ ਥਾਵਾਂ ਤੋਂ ਯੂ.ਪੀ ਬਿਹਾਰ ਨੂੰ ਗੈਰ ਕਾਨੂੰਨੀ ਯੂ.ਪੀ ਨੰਬਰ ਦੀਆਂ ਪ੍ਰਾਈਵੇਟ ਬੱਸਾਂ ਖ਼ਾਸ ਕਰਕੇ ਐਤਵਾਰ ਤੇ ਬੁੱਧਵਾਰ ਨੂੰ ਸਵੇਰੇ ਦੇ ਸਮੇਂ ਚੱਲਦੀਆਂ ਹਨ। ਇਨ੍ਹਾਂ ਬੱਸਾਂ ਵਿੱਚ ਸਵਾਰੀਆਂ ਦੇ ਨਾਲ ਨਾਲ ਮੋਟਰ ਸਾਈਕਲ, ਐਕਟਿਵਾ ਤੇ ਘਰੇਲੂ ਗੈਸ ਸਿਲੰਡਰ ਬੱਸਾਂ ਦੀਆਂ ਛੱਤਾਂ ਤੇ ਬੱਸ ਦੀਆਂ ਸੀਟਾਂ ਥੱਲੇ ਲੋਡ ਕਰਕੇ ਲਿਜਾਏ ਜਾ ਰਹੇ ਹਨ। ਇਹ ਸੱਭ ਕੁਝ ਆਰ. ਟੀ. ਏ ਵਿਭਾਗ ਤੇ ਟ੍ਰੈਫ਼ਿਕ ਪੁਲੀਸ ਵਿਭਾਗ ਵਾਲੇ ਕੁਝ ਚਾਂਦੀ ਦੇ ਟੁਕੜਿਆਂ ਲੈ ਕੇ ਕੁੰਭਕਰਨ ਦੀ ਨੀਂਦ ਸੁੱਤੇ ਰਹਿੰਦੇ ਹਨ। ਇਸ ਸੰਬੰਧ ਵਿੱਚ ਮੀਡੀਆ ਵਿੱਚ ਵਾਰ ਵਾਰ ਖ਼ਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਪ੍ਰਸ਼ਾਸ਼ਨ ਕੁੱਝ ਹਰਕਤ ਵਿੱਚ ਜਰੂਰ ਆਉਂਦਾ ਹੈ, ਪਰ ਇੱਕ ਦੁੱਕਾ ਬੱਸਾਂ ਵਾਲਿਆਂ ਤੇ ਕਾਰਵਾਈ ਕਰਨ ਤੋਂ ਬਾਅਦ ਫਿਰ ਸੋ ਜਾਂਦਾ ਹੈ।
'ਯੂ.ਪੀ ਬਿਹਾਰ ਨੂੰ ਜਾਣ ਵਾਲੀਆਂ ਬੱਸਾਂ ਅੰਦਰ ਨਹੀਂ ਹੁੰਦਾ ਕੋਈ ਅੱਗ ਬੁਝਾਉਣ ਵਾਲਾ ਕੋਈ ਯੰਤਰ'
ਯੂ.ਪੀ ਬਿਹਾਰ ਨੂੰ ਜਾਣ ਵਾਲੀਆਂ ਬੱਸਾਂ ਅੰਦਰ ਨਹੀਂ ਹੁੰਦਾ ਕੋਈ ਅੱਗ ਬੁਝਾਉਣ ਵਾਲਾ ਕੋਈ ਯੰਤਰ ਨਹੀਂ ਹੁੰਦਾ। ਅੱਤ ਦੀ ਪੈ ਰਹੀ ਗਰਮੀ ਵਿੱਚ ਜਦੋਂ ਸੜਕਾਂ ਤਪ ਰਹੀਆਂ ਹੁੰਦੀਆਂ ਹਨ। ਇਨ੍ਹਾਂ ਬੱਸਾਂ ਵਿੱਚ ਮੋਟਰ ਸਾਈਕਲ ਗੈਸ ਸਿਲੰਡਰ ਲੋਡ ਕੀਤੇ ਜਾਂਦੇ ਹਨ ਤੇ ਇੱਕ ਛੋਟੀ ਜਿਹੀ ਚੰਗਾਰੀ ਦੇ ਨਾਲ ਇੱਕ ਵੱਡੇ ਹਾਦਸੇ ਹੋ ਸਕਦਾ ਹੈ। ਦੂਸਰੇ ਪਾਸੇ ਇਨ੍ਹਾਂ ਬੱਸਾਂ ਵਿੱਚ ਯੂ ਪੀ, ਬਿਹਾਰ ਨੂੰ ਜਾਣ ਵਾਲੇ ਮੋਟਰ ਸਾਈਕਲ ਤੇ ਹੋਰ ਸਮਾਨ ਦੀ ਕਿਸੇ ਵਲੋਂ ਕੋਈ ਜਾਂਚ ਨਹੀਂ ਕੀਤੀ ਜਾਂਦੀ ਕਿ ਮੋਟਰ ਸਾਈਕਲ ਚੋਰੀ ਦਾ ਹੈ ਜਾਂ ਨਹੀਂ। ਅਗਰ ਪੁਲਿਸ ਵਿਭਾਗ ਇਸ ਮਾਮਲੇ ਦੀ ਜਾਂਚ ਕਰੇ ਤਾਂ ਉਨ੍ਹਾਂ ਨੂੰ ਚੋਰੀ ਦੇ ਮਾਮਲਿਆਂ ਵਿੱਚ ਵੱਡੀ ਸਫ਼ਲਤਾ ਮਿਲ ਸਕਦੀ ਹੈ। ਯੂ ਪੀ ਬਿਹਾਰ ਲੈ ਜਾਣ ਵਾਲੇ ਜਿਆਦਾ ਯੂ ਪੀ ਬਿਹਾਰ ਨਾਲ ਹੀ ਸੰਬੰਧਤ ਹਨ। ਇਨ੍ਹਾਂ ਕੋਲ ਕੋਈ ਰਿਕਾਰਡ ਵੀ ਨਹੀਂ ਕਿ ਇਹ ਕਿਹੜਾ ਵਾਹਨ ਲੈਕੇ ਗਏ ਹਨ ਤੇ ਨਾ ਹੀ ਉਨ੍ਹਾਂ ਦੇ ਕੋਈ ਕਾਗਜਾਤ ਦੀਆਂ ਕਾਪੀਆਂ। ਇਸ ਮਾਮਲੇ ਵਿੱਚ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੂੰ ਦਖਲ ਦੇਕੇ ਗੈਰ ਕਾਨੂੰਨੀ ਢੰਗ ਨਾਲ ਜਾ ਰਹੇ ਵਾਹਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਜਲਦ ਹੋਵੇਗੀ ਕਾਰਵਾਈ: ਇੰਸਪੈਕਟਰ ਦਵਿੰਦਰ ਕੌਰ
ਇਸ ਮਾਮਲੇ ਦੇ ਸੰਬੰਧ ਵਿੱਚ ਜਦੋਂ ਟ੍ਰੈਫ਼ਿਕ ਪੁਲੀਸ ਲੁਧਿਆਣਾ ਦੇ ਜੋਨ ਨੰਬਰ ਪੰਜ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਤੁਸੀ ਧਿਆਨ ਵਿੱਚ ਲਿਆਂਦਾ ਹੈ। ਅਜਿਹੇ ਬੱਸ ਚਾਲਕਾਂ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਨਹੀਂ ਦਿੱਤੀ ਜਾਵੇਗੀ ਤੇ ਕਾਨੂੰਨ ਤੋੜਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।