ਵਰਤਮਾਨ ਸਮੇਂ ’ਚ ਔਰਤਾਂ ਅਤੇ ਮਰਦਾਂ ਵਿੱਚਕਾਰ ਇੱਕ ਟਕਰਾਅ ਦੇਖਣ ਨੂੰ ਮਿਲਦਾ ਹੈ। ਦੋਵੇਂ ਜਾਤਾਂ ਇੱਕ ਦੂਜੇ ’ਤੇ ਦੋਸ਼ ਕੱਢਦੀਆਂ ਦਿਖਾਈ ਦਿੰਦੀਆਂ ਹਨ। ਜਦੋਂ ਦਾ ਮਨੁੱਖੀ ਸਮਾਜ ਹੋਂਦ ’ਚ ਆਇਆ ਹੈ, ਦੋਵੇਂ ਜਾਤਾਂ ਸਮਾਜ ’ਚ ਮਿਲ ਕੇ ਰਹਿ ਰਹੀਆਂ ਹਨ ਨਾ ਕਿ ਵੱਖੋ-ਵੱਖਰਾ ਸਮਾਜ ਬਣਾ ਕੇ ਬੈਠੀਆਂ ਹਨ। ਬੇਸ਼ੱਕ ਇਤਿਹਾਸ ਅਨੁਸਾਰ ਸਾਨੂੰ ਇਹ ਜਾਣਕਾਰੀ ਪ੍ਰਾਪਤ ਹੈ ਕਿ ਔਰਤ ਜਾਤ ਮਰਦ ਜਾਤ ਦੇ ਬਰਾਬਰ ਨਹੀਂ ਮੰਨੀ ਜਾਂਦੀ ਸੀ। ਪਰ ਜੇ ਸਿਰਫ਼ ਦੋਹਾਂ ਜਾਤਾਂ ਦੇ ਆਪਸ ’ਚ ਰਹਿਣ ਦੀ ਗੱਲ ਕਰੀਏ ਤਾਂ ਉਹ ਮੁੱਢ ਤੋਂ ਹੀ ਇੱਕ ਦੂਜੇ ਨਾਲ ਰਹਿ ਰਹੀਆਂ ਹਨ, ਆਪੋ-ਆਪਣੇ ਕੰਮ ਕਰ ਰਹੀਆਂ ਹਨ, ਪਰਿਵਾਰ ਪਾਲ ਰਹੀਆਂ ਹਨ, ਸਮਾਜ ’ਚ ਯੋਗਦਾਨ ਪਾ ਰਹੀਆਂ ਹਨ। ਪਰ ਵਰਤਮਾਨ ਸਮੇਂ ’ਚ (Feminism) ਨਾਰੀਵਾਦ, (Patriarchy) ਪਿਤਾਪੁਰਖੀ, (Masculinity) ਮਰਦਾਨਗੀ ਅਤੇ ਫੈਮੀਨਿਨ ਨੇਚਰ ਆਦਿ ਦੀ ਚਰਚਾ ਹੋ ਰਹੀ ਹੈ ਜਿਸ ਕਾਰਨ ਦੋਹਾਂ ਜਾਤਾਂ ਅੰਦਰ ਇੱਕ ਟਕਰਾਅ ਪੈਦਾ ਹੋ ਚੁੱਕਾ ਹੈ। ਅਜਿਹਾ ਨਹੀਂ ਕਿ ਦੁਨੀਆ ’ਚ ਵੱਡੇ ਪੱਧਰ ’ਤੇ ਇਹ ਟਕਰਾਅ ਮੌਜੂਦ ਹੈ ਤੇ ਰਾਹ ਚਲਦੇ ਨੂੰ ਦਿਖਾਈ ਦਿੰਦਾ ਹੈ, ਬਲਕਿ ਇਹ ਸਮੇਂ-ਸਮੇਂ ’ਤੇ ਸਾਮ੍ਹਣੇ ਆਉਂਦਾ ਹੈ। ਇਹੋ ਟਕਰਾਅ ਕਈ ਪ੍ਰਸ਼ਨਾਂ ਨੂੰ ਖੜ੍ਹਾ ਕਰ ਦਿੰਦਾ ਹੈ ਜਿਵੇਂ ਇੱਕ ਮਰਦ ਔਰਤ ਕੋਲੋਂ ਕੀ ਚਾਹੁੰਦਾ ਹੈ? ਇੱਕ ਔਰਤ ਮਰਦ ਕੋਲੋਂ ਕੀ ਚਾਹੁੰਦੀ ਹੈ? ਕੀ ਮਰਦ ਅਤੇ ਔਰਤ ਇੱਕ ਦੂਜੇ ਨੂੰ ਸਮਝਦੇ ਵੀ ਹਨ? ਕੀ ਸਮਾਜ ਦੀ ਦੋਹਾਂ ਜਾਤਾਂ ਨੂੰ ਦੇਖਣ ਦੀ ਨਜ਼ਰ ਠੀਕ ਹੈ?
ਇਸ ਲੇਖ ’ਚ ਇਸ ਸਬੰਧੀ ਵਿਸ਼ਿਆਂ ਉੱਤੇ ਗੱਲ ਕਰਨ ਲੱਗੇ ਹਾਂ। ਗੱਲ ਦੀ ਸਮੁੱਚਤਾ ਨੂੰ ਸਮਝਣ ਲਈ ਕੁਝ ਮਹੱਤਵਪੂਰਨ ਗੱਲਾਂ ਹਨ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਜੋ ਹੇਠਾਂ ਬਿਆਨ ਕੀਤੀਆਂ ਹਨ।
ਮਰਦ ਅਤੇ ਔਰਤ ’ਚ ਫ਼ਰਕ ਕੀ?
ਪ੍ਰਾਪਤ ਜਾਣਕਾਰੀ ਅਨੁਸਾਰ ਮਰਦ ਔਰਤ ਨਾਲੋਂ ਜ਼ਿਆਦਾ ਸਰੀਰਕ ਤਾਕਤ ਦਾ ਮਾਲਕ ਹੁੰਦਾ ਹੈ, ਜ਼ਿਆਦਾ ਗੁੱਸੇ ਦਾ ਪ੍ਰਗਟਾਵਾ ਕਰਦਾ ਹੈ, ਜੋੋਖਿਮ ਭਰੇ ਕੰਮ ਕਰਦਾ ਹੈ, ਮੁਕਾਬਲਾ ਕਰਦਾ ਹੈ, ਸੰਸਾਰਕ ਪਦਾਰਥਾਂ ’ਚ ਜ਼ਿਆਦਾ ਰੂਚੀ ਰੱਖਦਾ ਹੈ, ਉਸਦੇ ਦਿਮਾਗ ’ਚ ਕਾਮ ਦੇ ਵਿਚਾਰ ਜ਼ਿਆਦਾ ਆਉਂਦੇ ਹਨ, ਤਰਕ ਆਧਾਰਿਤ ਕੰਮ ਜ਼ਿਆਦਾ ਬੇਹਤਰੀ ਨਾਲ ਕਰਦਾ ਹੈ ਤੇ ਆਤਮ-ਵਿਸ਼ਵਾਸੀ ਹੁੰਦਾ ਹੈ। ਦੂਜੇ ਪਾਸੇ ਔਰਤ ਸਰੀਰਕ ਤੌਰ ’ਤੇ ਮਰਦ ਨਾਲੋਂ ਘੱਟ ਤਾਕਤਵਰ ਹੁੰਦੀ ਹੈ, ਭਾਵਨਾਤਮਕ ਹੁੰਦੀ ਹੈ, ਤਰਕ ਆਧਾਰਿਤ ਕੰਮਾਂ ’ਚ ਮਰਦ ਨਾਲੋਂ ਘੱਟ ਸਮਰੱਥਾਵਾਨ ਹੁੰਦੀ ਹੈ, ਯਾਦਾਸ਼ਤ ਸ਼ਕਤੀ ਜ਼ਿਆਦਾ ਰੱਖਦੀ ਹੈ, ਮਰਦ ਨਾਲੋਂ ਜ਼ਿਆਦਾ ਸੋਚ ਵਿਚਾਰ ਨਾਲ ਆਪਣੇ ਪ੍ਰੇਮੀ ਨੂੰ ਚੁਣਦੀ ਹੈ, ਭਾਵਨਾ ਨੂੰ ਜ਼ਿਆਦਾ ਵਿਅਕਤ ਕਰਦੀ ਹੈ ਤੇ ਦਯਾ ਦਾ ਪ੍ਰਗਟਾਵਾ ਜ਼ਿਆਦਾ ਕਰਦੀ ਹੈ।
ਜ਼ਿਕਰਯੋਗ ਹੈ ਕਿ ਜੋ ਵੀ ਅਸੀਂ ਦੱਸਿਆ ਹੈ, ਅਜਿਹਾ ਨਹੀਂ ਹੈ ਕਿ ਹਰ ਔਰਤ ਤੇ ਮਰਦ ਇਹੋ ਗੁਣ ਰੱਖਦੇ ਹਨ। ਸਗੋਂ ਹਰ ਵਿਅਕਤੀ ਨਿਜੀ ਹੈ ਜੋ ਆਪੋ-ਆਪਣੇ ਗੁਣ ਰੱਖਦਾ ਹੈ। ਮਰਦ ਅਤੇ ਔਰਤ ਦੋਹਾਂ ਦੇ ਗੁਣ ਇੱਕ ਦੂਜੇ ਅੰਦਰ ਵੀ ਹੋ ਸਕਦੇ ਹਨ, ਭਾਵ ਇੱਕ ਮਰਦ ਵੀ ਭਾਵਨਾਤਮਕ ਹੋ ਸਕਦਾ ਹੈ ਤੇ ਇੱਕ ਔਰਤ ਵੀ ਤਾਰਕਿਕ ਹੋ ਸਕਦੀ ਹੈ।
(Feminism) ਨਾਰੀਵਾਦ
ਨਾਰੀਵਾਦ ਇੱਕ ਵਿਚਾਰਧਾਰਾ ਹੈ ਜੋ ਲਿੰਗ ਸਮਾਨਤਾ, ਪਿਤਾਪੁਰਖੀ (Patriarchy) ਦਾ ਵਿਰੋਧ, ਔਰਤ ਦੀ ਸਮਾਜ ’ਚ ਬਰਾਬਰ ਪਛਾਣ, ਔਰਤ ਲਈ ਬਰਾਬਰ ਮੌਕਿਆਂ ਦੀ ਮੰਗ ਅਤੇ ਬਰਾਬਰ ਅਧਿਕਾਰ ਆਦਿ ਦੀ ਮੰਗ ਕਰਦੀ ਹੈ। ਨਾਰੀਵਾਦ ਦੀ ਵਿਚਾਰਧਾਰਾ ਨੂੰ ਅਪਣਾਉਣ ਵਾਲਿਆਂ ਨੂੰ Feminist ਕਿਹਾ ਜਾਂਦਾ ਹੈ। ਭਾਵ ਮਰਦ ਅਤੇ ਔਰਤ ਦੋਵੇਂ Feminist ਹੋ ਸਕਦੇ ਹਨ।
(Patriarchy) ਪਿਤਾਪੁਰਖੀ
ਪਿਤਾਪੁਰਖੀ ਇੱਕ ਮਾਨਤਾ ਹੈ ਕਿ ਮਰਦ ਕੋਲ ਔਰਤ ਨਾਲੋਂ ਵਾਧੂ ਤਾਕਤ, ਵਿਸ਼ੇਸ਼ ਅਧਿਕਾਰ ਅਤੇ ਸਮਾਜ ਤੇ ਪਰਿਵਾਰ ਅੰਦਰ ਦਬਦਬਾ ਹੁੰਦਾ ਹੈ। ਇਸ ਸਥਿਤੀ ’ਚ ਵੀ ਮਰਦ ਅਤੇ ਔਰਤ ਦੋਵੇਂ ਪਿਤਾਪੁਰਖੀ ਹੋ ਸਕਦੇ ਹਨ।
ਔਰਤ ਮਰਦ ਕੋਲੋਂ ਕੀ ਚਾਹੁੰਦੀ ਹੈ?
ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਚਾਹੁੰਦੀ ਹੈ ਕਿ ਸਮਾਜ ਅਤੇ ਪਰਿਵਾਰ ’ਚ ਮਰਦ ਜਾਤ ਉਸਦਾ ਆਦਰ ਕਰੇ। ਉਹ ਚਾਹੁੰਦੀ ਹੈ ਕਿ ਮਰਦ ਇਹ ਨਾ ਸਮਝੇ ਕਿ ਉਹ ਸਿਰਫ਼ ਘਰ ਦੇ ਕੰਮਾਂ ਲਈ ਬਣੀ ਹੈ। ਉਹ ਕਹਿੰਦੀ ਹੈ ਕਿ ਘਰ ਦੇ ਕੰਮ ਮਰਦ ਅਤੇ ਔਰਤ ਦੋਵਾਂ ਲਈ ਹਨ, ਇਸ ਲਈ ਇੱਕ ਮਰਦ ਵੀ ਘਰ ਦੇ ਘਰੇਲੂ ਕੰਮ ਕਰ ਸਕਦਾ ਹੈ ਤੇ ਇੱਕ ਔਰਤ ਵੀ ਬਾਹਰ ਦੇ ਕੰਮ ਕਰ ਸਕਦੀ ਹੈ। ਔਰਤ ਚਾਹੁੰਦੀ ਹੈ ਕਿ ਉਸਦਾ ਪਤੀ ਉਸ ਲਈ ਵਫ਼ਾਦਾਰ ਹੋਵੇ ਅਤੇ ਭਾਵਨਾਤਮਕ ਲੋੜ ਪੈਣ ’ਤੇ ਉਸਦੀ ਸਹਾਇਤਾ ਕਰੇ। ਹਾਲਾਂਕਿ ਔਰਤਾਂ ਦਾ ਇੱਕ ਵਰਗ ਅਜਿਹਾ ਵੀ ਹੈ ਜੋ ਸਿਰਫ਼ ਆਪਣੇ ਪਤੀ ਦੀ ਗੱਲ ਮੰਨਦਾ ਹੈ। ਆਪਣੇ ਪਤੀ ਦੀ ਸੇਵਾ ਨੂੰ ਹੀ ਆਪਣਾ ਧਰਮ ਮੰਨਦਾ ਹੈ ਤੇ ਆਪ ਕੋਈ ਇੱਛਾ ਨਹੀਂ ਰੱਖਦਾ। ਪਰ ਜ਼ਰੂਰੀ ਨਹੀਂ ਕਿ ਇਹ ਸੱਚ ਹੋਵੇ ਕਿ ਉਹ ਆਪ ਕੋਈ ਇੱਛਾ ਨਹੀਂ ਰੱਖਦਾ, ਕਿਉਂਕਿ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਉਹ ਅੰਦਰੋਂ ਕਮਜ਼ੋਰ ਅਨੁਭਵ ਕਰਦਾ ਹੋਵੇ ਤੇ ਉਸਨੂੰ ਹੋਰ ਕੋਈ ਰਾਹ ਨਾ ਦਿਖਦਾ ਹੋਵੇ, ਜਿਸ ਕਾਰਨ ਉਹ ਮਜਬੂਰੀ ਨਾਲ ਪਤੀ ਦੀ ਸੇਵਾ ਕਬੂਲਦਾ ਹੋਵੇ।
ਜੇ ਗੱਲ ਕਰੀਏ ਕਿ ਔਰਤ ਕਿਹੋ ਜਿਹਾ ਮਰਦ ਚਾਹੁੰਦੀ ਹੈ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਦੇਸ਼, ਸਮਾਜ ਦੀ ਔਰਤ ਆਪੋ-ਆਪਣੀ ਚਾਹਤ ਰੱਖਦੀ ਹੈ। ਨਾਲ ਹੀ ਉਹ ਕਿਹੋ ਜਿਹਾ ਮਰਦ ਚਾਹੁੰਦੀ ਹੈ ਇਹ ਉਸਦੀ ਉਮਰ ’ਤੇ ਵੀ ਨਿਰਭਰ ਕਰਦਾ ਹੈ। ਆਮ ਤੌਰ ’ਤੇ ਇੱਕ ਔਰਤ ਆਤਮ-ਵਿਸ਼ਵਾਸੀ, ਪੈਸੇ ਵਾਲਾ, ਚੰਗਾ ਦਿਖਣ ਵਾਲਾ, ਵਫ਼ਾਦਾਰ, ਖਵਾਹਿਸ਼ਾਂ ਪੂਰੀਆਂ ਕਰਨ ਵਾਲਾ, ਵਿਕਾਸਸ਼ੀਲ, ਲੰਬੇ ਕੱਦ ਵਾਲਾ, ਔਰਤ ’ਤੇ ਅਧਿਕਾਰ ਨਾ ਰੱਖਣ ਵਾਲਾ ਅਤੇ ਔਰਤ ਨੂੰ ਆਦਰ ਦੇਣ ਵਾਲੇ ਮਰਦ ਦੀ ਚਾਹਤ ਰੱਖਦੀ ਹੈ।
ਮਰਦ ਔਰਤ ਕੋਲੋਂ ਕੀ ਚਾਹੁੰਦਾ ਹੈ?
ਪ੍ਰਾਪਤ ਜਾਣਕਾਰੀ ਅਨੁਸਾਰ ਮਰਦ ਚਾਹੁੰਦਾ ਹੈ ਕਿ ਉਸਦੀ ਪਤਨੀ ਉਸ ਲਈ ਆਕਰਸ਼ਕ ਹੋਵੇ। ਉਸਦਾ ਆਦਰ ਕਰਦੀ ਹੋਵੇ। ਔਰਤ ਘਰ ਦੇ ਘਰੇਲੂ ਕੰਮ ਕਰੇ। ਉਸਦੀ ਪਤਨੀ ਉਸਦੇ ਮਾਂ-ਬਾਪ ਦੀ ਸੇਵਾ ਕਰੇ ਅਤੇ ਆਪਣੇ ਜਵਾਕਾਂ ਦਾ ਖਿਆਲ ਰੱਖੇ। ਔਰਤ ਜ਼ਿਆਦਾ ਇੱਛਾਵਾਂ ਨਾ ਪਾਲੇ। ਉਸਦੀ ਪਤਨੀ ਦੂਸਰੇ ਮਰਦ ਨਾਲ ਮਿੱਤਰਤਾ ਨਾ ਬਣਾਵੇ। ਮਰਦ ਅਨੁਸਾਰ ਜੇਕਰ ਉਸਦੀ ਘੱਟ ਉਮਰ ’ਚ ਹੀ ਮੌਤ ਹੋ ਜਾਂਦੀ ਹੈ ਤਾਂ ਔਰਤ ਨੂੰ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ। ਮਰਦ ਅਨੁਸਾਰ ਪਤਨੀ ਨੂੰ ਸੱਭਿਅਕ ਕੱਪੜੇ ਪਾਉਣੇ ਚਾਹੀਦੇ ਹਨ।
ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਮਰਦ ਕਿਹੋ ਜਿਹੀ ਪ੍ਰੇਮਿਕਾ ਚਾਹੁੰਦਾ ਹੈ ਤੇ ਕਿਹੋ ਜਿਹੀ ਪਤਨੀ ਚਾਹੁੰਦਾ ਹੈ, ਦੋਵੇਂ ਪ੍ਰਸਥਿਤੀਆਂ ’ਚ ਉਸਦੀ ਮੰਗ ਵੱਖ-ਵੱਖ ਹੋਵੇਗੀ। ਇਹ ਗੱਲ ਔਰਤ ’ਤੇ ਵੀ ਲਾਗੂ ਹੁੰਦੀ ਹੈ। ਔਰਤ ਵੀ ਕਿਹੋ ਜਿਹਾ ਪ੍ਰੇਮੀ ਚਾਹੁੰਦੀ ਹੈ ਤੇ ਕਿਹੋ ਜਿਹਾ ਪਤੀ ਚਾਹੁੰਦੀ ਹੈ, ਦੋਵੇਂ ਪ੍ਰਸਥਿਤੀਆਂ ’ਚ ਉਸਦੀ ਮੰਗ ਵੱਖ-ਵੱਖ ਹੋਵੇਗੀ। ਹੁਣ ਦਿਮਾਗ ’ਚ ਸਵਾਲ ਇਹ ਆ ਰਿਹਾ ਹੋਵੇਗਾ ਕਿ, ਕੀ ਪ੍ਰੇਮੀ ਅਤੇ ਪਤੀ ਜਾਂ ਪ੍ਰੇਮਿਕਾ ਅਤੇ ਪਤਨੀ ਵੱਖ-ਵੱਖ ਹੁੰਦੇ ਹਨ? ਜਵਾਬ ਇਹ ਹੈ ਕਿ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਪਸੰਦ ਕਰਨ ਵਾਲਾ ਜੋੜਾ ਪ੍ਰੇਮੀ ਅਤੇ ਪ੍ਰੇਮਿਕਾ ਵਜੋਂ ਜਾਣਿਆ ਜਾਂਦਾ ਹੈ। ਵਿਆਹ ਉਪਰੰਤ ਦੋਵੇਂ ਪਤੀ-ਪਤਨੀ ਵਜੋਂ ਜਾਣੇ ਜਾਂਦੇ ਹਨ। ਜੇ ਜਵਾਬ ਇਸ ਸਵਾਲ ਦਾ ਦੇਣਾ ਹੋਵੇ ਕਿ, ਕੀ ਪਤੀ-ਪਤਨੀ ਪ੍ਰੇਮੀ ਅਤੇ ਪ੍ਰੇਮਿਕਾ ਨਹੀਂ ਹੁੰਦੇ? ਤਾਂ ਇਸਦਾ ਜਵਾਬ ਉਹ ਆਪ ਹੀ ਦੇ ਸਕਦੇ ਹਨ। ਭਾਵ ਉਹਨਾਂ ਅੰਦਰ ਇੱਕ ਦੂਜੇ ਪ੍ਰਤੀ ਕੀ ਭਾਵਨਾ ਹੈ, ਇਹੋ ਉਨ੍ਹਾਂ ਦਾ ਪ੍ਰੇਮੀ ਅਤੇ ਪ੍ਰੇਮਿਕਾ ਹੋਣਾ ਤੈਅ ਕਰੇਗਾ।
ਸਮਾਜ ਮਰਦ ਅਤੇ ਔਰਤ ਦੇ ਬਿਨ੍ਹਾਂ ਵਿਆਹ ਤੋਂ ਬਣੇ ਰਿਸ਼ਤੇ (Relationship) ਬਾਰੇ ਕੀ ਕਹਿੰਦਾ ਹੈ?
ਪ੍ਰਾਪਤ ਜਾਣਕਾਰੀ ਅਨੁਸਾਰ ਪੂਰੀ ਦੁਨੀਆ ’ਚ ਇੱਕੋ ਤਰ੍ਹਾਂ ਦਾ ਸਮਾਜ ਹੋਂਦ ਰੱਖਦਾ ਹੈ, ਅਜਿਹਾ ਨਹੀਂ ਹੈ। ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਤਰ੍ਹਾਂ ਦਾ ਸਮਾਜ ਹੁੰਦਾ ਹੈ। ਜੇ ਗੱਲ ਪ੍ਰਚਲਿਤ ਸਮਾਜ ਦੀ ਕਰੀਏ ਤਾਂ ਸਮਾਜ ਔਰਤ ਅਤੇ ਮਰਦ ਦੇ ਰਿਸ਼ਤੇ ਬਾਰੇ ਇਹ ਆਖਦਾ ਹੈ ਕਿ ਮੁੰਡਾ ਅਤੇ ਕੁੜੀ ਨੂੰ ਵਿਆਹ ਤੋਂ ਪਹਿਲਾਂ ਰਿਸ਼ਤਾ ਨਹੀਂ ਬਣਾਉਣਾ ਚਾਹੀਦਾ। ਮੁੰਡਾ-ਕੁੜੀ ਖ਼ੁਦ ਆਪਣੇ ਲਈ ਚੰਗਾ ਪਾਰਟਨਰ ਨਹੀਂ ਲੱਭ ਸਕਦੇ। ਸਿਰਫ਼ ਉਨ੍ਹਾਂ ਦੇ ਮਾਂ-ਬਾਪ ਹੀ ਉਨ੍ਹਾਂ ਲਈ ਚੰਗਾ ਪਾਰਟਨਰ ਲੱਭ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੀਦਾ ਤੇ ਨਾ ਹੀ ਵਿਆਹ ਤੋਂ ਪਹਿਲਾਂ ਆਪਸ ’ਚ ਕੋਈ ਰਿਸ਼ਤਾ ਬਣਾਉਣਾ ਚਾਹੀਦਾ ਹੈ, ਕਿਉਂਕਿ ਇਹ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਨਹੀਂ। ਜੇਕਰ ਕੋਈ ਮੁੰਡਾ-ਕੁੜੀ ਵਿਆਹ ਤੋਂ ਪਹਿਲਾਂ ਆਪਸ ’ਚ ਰਿਸ਼ਤਾ ਬਣਾਉਂਦੇ ਹਨ ਜਾਂ ਆਪਣੀ ਮਰਜ਼ੀ ਨਾਲ ਪਾਰਟਨਰ ਚੁਣਦੇ ਹਨ ਤਾਂ ਉਨ੍ਹਾਂ ਦੇ ਮਾਂ-ਬਾਪ ਆਪਣੀ ਔਲਾਦ ਦੀ ਪਾਲਣਾ ’ਚ ਨਾਕਾਮ ਸਾਬਿਤ ਹੋਣਗੇ।
ਸਮਾਜ ਮਰਦ ਅਤੇ ਔਰਤ ਦੇ ਵਿਆਹ ਤੋਂ ਬਾਅਦ ਦੇ ਰਿਸ਼ਤੇ (Relationship) ਬਾਰੇ ਕੀ ਕਹਿੰਦਾ ਹੈ?
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਚਲਿਤ ਸਮਾਜ ਇਹ ਕਹਿੰਦਾ ਹੈ ਕਿ ਮਰਦ ਅਤੇ ਔਰਤ ਨੂੰ ਆਪੋ-ਆਪਣਾ ਫਰਜ ਨਿਭਾਉਣਾ ਚਾਹੀਦਾ ਹੈ। ਔਰਤ ਪਤੀ ਦੇ ਮਾਂ-ਬਾਪ ਦੀ ਸੇਵਾ ਅਤੇ ਘਰ ਦਾ ਕੰਮ ਕਰੇ। ਪਤੀ ਪੈਸੇ ਕਮਾ ਕੇ ਲਿਆਵੇ ਤੇ ਦੋਹੇਂ ਪਤੀ-ਪਤਨੀ ਆਪਣੇ ਬੱਚਿਆਂ ਦਾ ਖਿਆਲ ਰੱਖਣ। ਦੋਨਾਂ ਨੂੰ ਆਪਣਾ ਘਰ ਛੱਡ ਕੇ ਅਲੱਗ ਘਰ ’ਚ ਨਹੀਂ ਰਹਿਣਾ ਚਾਹੀਦਾ ਸਗੋਂ ਮੁੰਡੇ ਦੇ ਮਾਪਿਆਂ ਨਾਲ ਰਹਿਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਸਮਾਜ ’ਚ ਜਾਤੀ ਅਤੇ ਧਰਮ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਇਸੇ ਕਰਕੇ ਸਮਾਜ ਚਾਹੁੰਦਾ ਹੈ ਕਿ ਆਪਣੇ ਧਰਮ ਅਤੇ ਜਾਤੀ ਅੰਦਰ ਹੀ ਵਿਆਹ ਹੋਣਾ ਚਾਹੀਦਾ ਹੈ।
ਪ੍ਰਚਲਿਤ ਸਮਾਜ ਚਾਹੁੰਦਾ ਹੈ ਕਿ ਪਤੀ ਦੀ ਮੌਤ ਉਪਰੰਤ ਔਰਤ ਨੂੰ ਦੂਜਾ ਵਿਆਹ ਨਹੀਂ ਕਰਵਾਉਣਾ ਚਾਹੀਦਾ। ਪਰ ਪਤੀ ਲਈ ਅਜਿਹਾ ਕੋਈ ਨਿਯਮ ਨਹੀਂ ਹੈ। ਜੇਕਰ ਪਤੀ ਆਪਣੀ ਪਤਨੀ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਹੈ ਤਾਂ ਪਤਨੀ ਨੂੰ ‘ਨਾ’ ਨਹੀਂ ਕਰਨੀ ਚਾਹੀਦੀ।
ਪਰ ਫੇਰ ਵੀ ਸਾਰਾ ਸਮਾਜ ਅਜਿਹਾ ਨਹੀਂ ਹੈ। ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਹਰ ਥਾਂ ਦਾ ਆਪਣਾ ਇੱਕ ਸਮਾਜ ਹੁੰਦਾ ਹੈ। ਨਾਲ ਹੀ ਪੁਰਾਣਾ ਸਮਾਜ ਹੋਲੀ-ਹੋਲੀ ਬਦਲ ਰਿਹਾ ਹੈ। ਸਮਾਜ ’ਚ ਮੌਜੂਦ ਪਿਛੜੀ ਸੋਚ ਹੋਲੀ-ਹੋਲੀ ਖ਼ਤਮ ਹੋ ਰਹੀ ਹੈ। ਪਰ ਭਾਰਤ ਅੰਦਰ ਪਿਛੜੀ ਸੋਚ ਖ਼ਤਮ ਹੋਣ ’ਚ ਕਾਫ਼ੀ ਸਮਾਂ ਲੱਗ ਸਕਦਾ ਹੈ।
ਕਿਸੇ ਮਰਦ ਵੱਲੋਂ ਔਰਤ ’ਤੇ ਜਿਨਸੀ ਹਮਲੇ ਉਪਰੰਤ ਸਮਾਜ ਕੀ ਕਹਿੰਦਾ ਹੈ?
ਜੇਕਰ ਕੋਈ ਔਰਤ ਜਾਂ ਕੁੜੀ ਜਿਨਸੀ ਹਮਲੇ ਦਾ ਸ਼ਿਕਾਰ ਹੁੰਦੀ ਹੈ ਤਾਂ ਪ੍ਰਚਲਿਤ ਸਮਾਜ ਦੋਸ਼ੀ ਤੋਂ ਪਹਿਲਾਂ ਔਰਤ ਵੱਲ ਧਿਆਨ ਕੇਂਦ੍ਰਿਤ ਕਰ ਲੈਂਦਾ ਹੈ। ਸਮਾਜ ਸਵਾਲ ਕਰਦਾ ਹੈ ਕਿ, ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਸ ਔਰਤ ਜਾਂ ਕੁੜੀ ਨੇ ਕਿਹੋ ਜਿਹੇ ਕੱਪੜੇ ਪਾਏ ਸਨ? ਉਹ ਬਾਹਰ ਇਕੱਲੀ ਕਿਉਂ ਸੀ? ਉਹ ਰਾਤ ਦੇ ਸਮੇਂ ਕੀ ਕਰ ਰਹੀ ਸੀ? ਸਮਾਜ ਕਈ ਵਾਰ ਅਜਿਹੀ ਪ੍ਰਸਥਿਤੀ ’ਚ ਪੀੜ੍ਹਤਾ ਦੀ ਨਿਜੀ ਸ਼ਖ਼ਸੀਅਤ ਉੱਤੇ ਵੀ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਸਮਾਜ ਅਨੁਸਾਰ ਔਰਤ ਨੇ ਹੀ ਮਰਦ ਨੂੰ ਉਕਸਾਇਆ ਹੋਵੇਗਾ ਅਜਿਹਾ ਉਹ ਸੋਚਦਾ ਹੈ। ਸਮਾਜ ਚਾਹੁੰਦਾ ਹੈ ਕਿ ਔਰਤ ਸੱਭਿਅਕ ਕੱਪੜੇ ਹੀ ਪਾਵੇ ਕਿਉਂਕਿ ਅਸੱਭਿਅਕ ਕੱਪੜੇ ਪਾਉਣਾ ਹੀ ਮਰਦ ਨੂੰ ਉਕਸਾਉਣਾ ਜਾਂ ਆਪਣੇ ਵੱਲ ਸੱਦਾ ਦੇਣਾ ਹੈ।
ਵਰਤਮਾਨ ਸਮੇਂ ਦੀਆਂ ਔਰਤਾਂ ਜਾਂ ਕੁੜੀਆਂ ਵਿਆਹ ਨੂੰ ‘ਨਾ’ ਕਿਉਂ ਕਰ ਰਹੀਆਂ ਹਨ?
ਪ੍ਰਾਪਤ ਜਾਣਕਾਰੀ ਅਨੁਸਾਰ ਇਸਦੇ ਕਾਰਨ ਆਰਥਿਕ ਆਜ਼ਾਦੀ, ਸਵੈ-ਨਿਰਭਰਤਾ, ਪਿਤਾਪੁਰਖੀ ਸਮਾਜ ਤੋਂ ਛੁਟਕਾਰਾ, ਬੱਚਿਆਂ ਦੇ ਪਾਲਣ ਪੋਸ਼ਣ ਤੋਂ ਛੁਟਕਾਰਾ, ਵਿਆਹ ਤੋਂ ਬਿਨ੍ਹਾਂ ਹੀ ਰਿਸ਼ਤਾ ਬਣਾ ਸਕਣਾ ਆਦਿ ਹੋ ਸਕਦੇ ਹਨ।
ਔਰਤਾਂ ਦਾ ਇੱਕ ਵਰਗ ਅਜਿਹਾ ਵੀ ਹੈ ਜੋ ਮਰਦ ਜਾਤ ਨੂੰ ਬਿਲਕੁਲ ਅਸਵੀਕਾਰ ਕਰ ਦਿੰਦਾ ਹੈ। ਉਹ ਵਰਗ ਆਖਦਾ ਹੈ ਕਿ ਸਾਨੂੰ ਮਰਦ ਜਾਤ ਦੀ ਕੋਈ ਜ਼ਰੂਰਤ ਨਹੀਂ। ਅਸੀਂ ਇਕੱਲੇ ਹੀ ਖ਼ੁਸ਼ ਹਾਂ। ਜਿਸਦਾ ਮੁੱਖ ਕਾਰਨ ਵਾਰ-ਵਾਰ ਜਿਨਸੀ ਹਮਲੇ ਦੀਆਂ ਘਟਨਾਵਾਂ ਦਾ ਵਾਪਰਨਾ ਹੋ ਸਕਦਾ ਹੈ।
ਇੱਕ ਸਵਾਲ ਇਹ ਵੀ ਉੱਠ ਸਕਦਾ ਹੈ ਕਿ, ਕੀ ਔਰਤਾਂ ਅੰਦਰ ਕਾਮ ਦੀ ਇੱਛਾ ਨਹੀਂ ਹੁੰਦੀ? ਕਿਉਂਕਿ ਉਹਨਾਂ ਨੂੰ ਕਿਸੇ ਮਰਦ ਨਾਲ ਰਿਸ਼ਤਾ ਨਾ ਬਣਾਉਣਾ ਵੀ ਕਬੂਲ ਹੈ, ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਅਜਿਹਾ ਨਹੀਂ ਹੈ। ਔਰਤਾਂ ਅੰਦਰ ਵੀ ਕਾਮ ਦੀ ਇੱਛਾ ਹੁੰਦੀ ਹੈ। ਔਰਤਾਂ ਇਸ ਇੱਛਾ ਦਾ ਪ੍ਰਗਟਾਵਾ ਚੋਣਵੇਂ ਮਰਦਾਂ ਜਾਂ ਪ੍ਰਸਥਿਤੀਆਂ ’ਚ ਹੀ ਕਰਦੀਆਂ ਹਨ। ਦੂਜੇ ਪਾਸੇ ਮਰਦ ਆਪਣੀ ਕਾਮ ਇੱਛਾ ਪ੍ਰਤੀ ਕਾਫ਼ੀ Casual ਸੁਭਾਅ ਦਾ ਹੁੰਦਾ ਹੈ। ਮਰਦ ਹਰ ਤਰ੍ਹਾਂ ਦੀ ਇਸਤਰੀ ਪ੍ਰਤੀ ਕਾਮ ਇੱਛਾ ਰੱਖ ਸਕਦਾ ਹੈ। ਪਰ ਇਹ ਗੱਲ ਵੀ ਹਰੇਕ ਉੱਤੇ ਲਾਗੂ ਨਹੀਂ ਹੁੰਦੀ।
ਵਰਤਮਾਨ ਸਮੇਂ ਦੇ ਮਰਦ ਜਾਂ ਮੁੰਡੇ ਵਿਆਹ ਨੂੰ ‘ਨਾ’ ਕਿਉਂ ਕਰ ਰਹੇ ਹਨ?
ਪ੍ਰਾਪਤ ਜਾਣਕਾਰੀ ਅਨੁਸਾਰ ਇਸਦੇ ਕਾਰਨ ਆਰਥਿਕ ਬੋਝ, ਵਿਆਹ ਤੋਂ ਬਿਨ੍ਹਾਂ ਹੀ ਔਰਤ ਨਾਲ ਰਿਸ਼ਤਾ ਬਣਾਉਣ ਵੱਲ ਵੱਧਣਾ, ਔਰਤ ਜਾਂ ਕੁੜੀਆਂ ਨੂੰ ਝੰੰਜਟ ਸਮਝਣਾ, ਮਾਂ-ਬਾਪ ਅਤੇ ਪਤਨੀ ਵਿੱਚਕਾਰ ਸੰਭਾਵਿਤ ਟਕਰਾਅ ਤੋਂ ਬਚਣਾ ਅਤੇ ਵਿਆਹ ਦੇ ਸਿਧਾਂਤ ਨੂੰ ਪਿਛੜਿਆ ਸਮਝਣਾ ਆਦਿ ਹੋ ਸਕਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੇਸ਼ੱਕ ਇੱਕ ਮਰਦ ਕਾਮ ਕਿਰਿਆ ਦੀ ਚਾਹਤ ਔਰਤ ਨਾਲੋਂ ਜ਼ਿਆਦਾ ਰੱਖਦਾ ਹੈ ਪਰ ਅੱਜ ਦੇ ਸਮੇਂ ’ਚ ਇਸਦੀ ਪੂਰਤੀ ਲਈ ਉਹ ਵਿਆਹ ਕਰਵਾਉਣਾ ਜਾਇਜ਼ ਨਹੀਂ ਮੰਨਦਾ। ਉਹ ਸਿਰਫ਼ ਇਸ ਕਾਮ ਕਿਰਿਆ ਲਈ ਵਿਆਹ ਦੇ ਨਕਾਰਾਤਮਕ ਹਿੱਸੇ ਆਪਣੇ ਸਿਰ ਨਹੀਂ ਲੈਣਾ ਚਾਹੁੰਦਾ।
ਵਰਤਮਾਨ ਸਮੇਂ ਦੇ ਮੁੰਡਿਆਂ ਦਾ ਡਰ
ਮੌਜੂਦਾ ਸਮੇਂ ’ਚ ਔਰਤਾਂ ਜਾਂ ਕੁੜੀਆਂ ਵੱਲੋਂ ਵਿਆਹ ਤੋਂ ਬਾਅਦ ਆਪਣੇ ਪਤੀ ਨੂੰ ਤਲਾਕ ਦੇਣ ਦਾ ਰਿਵਾਜ ਸਾਮ੍ਹਣੇ ਆ ਰਿਹਾ ਹੈ। ਜਿਸ ਤੋਂ ਬਾਅਦ ਔਰਤਾਂ ਜਾਂ ਕੁੜੀਆਂ ਆਪਣੇ ਪਤੀ ਕੋਲੋਂ ਵੱਡੀ ਮਾਤਰਾ ’ਚ (Alimony) ਗੁਜ਼ਾਰਾ ਭੱਤੇ ਦੀ ਮੰਗ ਕਰਦੀਆਂ ਹਨ। ਆਮ ਤੌਰ ’ਤੇ ਮਰਦ ਦਾ ਪਰਿਵਾਰ ਉਸ (Alimony) ਨੂੰ ਦੇਣ ਤੋਂ ਅਸਮਰੱਥ ਹੁੰਦਾ ਹੈ।
ਇਸ ਤੋਂ ਇਲਾਵਾ ਅਜਿਹੀਆਂ ਘਟਨਾਵਾਂ ਵੀ ਸਾਮ੍ਹਣੇ ਆਉਂਦੀਆਂ ਹਨ ਜਿਸ ਵਿੱਚ ਵਿਆਹ ਤੋਂ ਬਾਅਦ ਪਤਨੀ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮਾਰ ਦਿੰਦੀ ਹੈ। ਇਹ ਦੋ ਸੰਭਾਵਨਾਵਾਂ ਵੀ ਅੱਜ ਦੇ ਨੌਜਵਾਨਾਂ ਅੰਦਰ ਵਿਆਹ ਕਰਵਾਉਣ ਨੂੰ ਲੈ ਕੇ ਡਰ ਪੈਦਾ ਕਰ ਰਹੀਆਂ ਹਨ। ਅਕਸਰ ਹੀ ਜਦੋਂ ਔਰਤ ਜਾਂ ਕੁੜੀ ਦੇ ਘਰ ਦੇ ਉਸਦਾ ਵਿਆਹ ਉਸਦੀ ਮਰਜ਼ੀ ਤੋਂ ਬਗ਼ੈਰ ਆਪਣੀ ਮਰਜ਼ੀ ਚਲਾ ਕੇ ਕਰ ਦਿੰਦੇ ਹਨ ਤਾਂ ਵਿਆਹ ਤੋਂ ਬਾਅਦ ਔਰਤ ਜਾਂ ਕੁੜੀ ਆਪਣੀ ਮਰਜ਼ੀ ਕਰਨ ਦੀ ਮਾਰੀ ਵਿਆਹੇ ਪਤੀ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਸੰਸਾਰ ਤੋਂ ਚਲਦਾ ਕਰ ਦਿੰਦੀ ਹੈ।
ਮੇਰਾ ਵਿਚਾਰ
ਅੱਜ ਦੀਆਂ ਕੁਝ ਔਰਤਾਂ ਜਾਂ ਕੁੜੀਆਂ (Feminism) ਨਾਰੀਵਾਦੀ ਬਣਨ ਦੇ ਚੱਕਰ ’ਚ ਔਰਤ ਅਤੇ ਮਰਦ ਦੇ ਬਰਾਬਰ ਹੋਣ ਨੂੰ ਪੂਰੀ ਤਰ੍ਹਾਂ ਸਮਝਦੀਆਂ ਨਹੀਂ। ਕੁਝ ਵਿਆਹੇ ਜੋੜੇ ਨਾਰੀਵਾਦ ਨੂੰ ਕਬੂਲਣ ਦੇ ਚੱਕਰ ’ਚ ਆਪਣੇ ਘਰ ਅੰਦਰ ਹਰ ਕੰਮ ਨਾਪ ਤੋਲ ਕੇ ਕਰਦੇ ਹਨ। ਮਤਲਬ ਜੇ ਔਰਤ ਨੇ ਇੱਕ ਵਾਰ ਘਰ ਦਾ ਕੋਈ ਘਰੇਲੂ ਕੰਮ ਕਰ ਦਿੱਤਾ ਤਾਂ ਮਰਦ ਵੀ ਉਹੀ ਘਰੇਲੂ ਕੰਮ ਅਗਲੀ ਵਾਰ ਜ਼ਰੂਰ ਕਰੇ, ਇਹ ਔਰਤ ਤੈਅ ਕਰ ਲੈਂਦੀ ਹੈ। ਜੇਕਰ ਉਹ ਨਹੀਂ ਕਰਦਾ ਤਾਂ ਔਰਤ ਬਾਕੀ ਦੇ ਕੰਮ ਕਰਨੇ ਬੰਦ ਕਰ ਦਵੇਗੀ। ਕੁਝ ਔਰਤਾਂ ਜਾਂ ਕੁੜੀਆਂ ਕਹਿੰਦੀਆਂ ਹਨ ਕਿ ਜੇਕਰ ਸਾਡੇ ਛੋਟੇ ਕੱਪੜੇ ਪਾਉਣ ਨਾਲ ਸਮਾਜ ਨੂੰ ਦਿੱਕਤ ਹੈ ਤਾਂ ਮਰਦ ਵੀ Shorts, Tanks ਆਦਿ ਤਰ੍ਹਾਂ ਦੇ ਛੋਟੇ ਕੱਪੜੇ ਪਾਉਣੇ ਬੰਦ ਕਰ ਦੇਣ, ਜਦਕਿ ਇਹ ਗੱਲ ਤਰਕ ਆਧਾਰਿਤ ਨਹੀਂ ਹੈ। ਕਿਉਂਕਿ ਦੋਵਾਂ ਸਰੀਰਾਂ ਦੀ ਆਪਣੀ ਕੁਦਰਤ ਹੈ। ਮਰਦ ਅਤੇ ਔਰਤ ਅੰਦਰ ਦੀ ਕਾਮ ਇੱਛਾ ਇੱਕੋ ਤਰੀਕੇ ਨਾਲ ਜਾਗ੍ਰਿਤ ਨਹੀਂ ਹੁੰਦੀ। ਮੇਰੇ ਅਨੁਸਾਰ ਇੱਕ ਔਰਤ ਵੱਲੋਂ ਪਹਿਨੇ ਗਏ ਛੋਟੇ ਕੱਪੜੇ ਮਰਦ ਨੂੰ ਕਾਮੁਕ ਕਰ ਸਕਦੇ ਹਨ ਪਰ ਇੱਕ ਮਰਦ ਦੁਆਰਾ ਪਹਿਨੇ ਗਏ Shorts, Tanks ਆਦਿ ਔਰਤ ਨੂੰ ਕਾਮੁਕ ਨਹੀਂ ਕਰ ਸਕਦੇ। ਇਸਦਾ ਮਤਲਬ ਇਹ ਨਹੀਂ ਕਿ ਔਰਤ ਨੂੰ ਆਪਣੀ ਚਾਹਤ ਅਨੁਸਾਰ ਕੱਪੜੇ ਪਾਉਣ ਦੀ ਆਜ਼ਾਦੀ ਨਹੀਂ। ਔਰਤ ਆਪਣੀ ਇੱਛਾ ਅਨੁਸਾਰ ਜਿੱਦਾਂ ਦੇ ਮਰਜ਼ੀ ਕੱਪੜੇ ਪਹਿਨ ਸਕਦੀ ਹੈ। ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੋ ਕੱਪੜੇ ਕਿਸੇ ਔਰਤ ਵੱਲੋਂ ਪਾਏ ਜਾਣਗੇ, ਕੀ ਉਹ ਉਸ ਥਾਂ ਜਾਂ ਪ੍ਰਸਥਿਤੀ ’ਤੇ ਪਾਉਣੇ ਜਾਇਜ਼ ਹਨ। ਜਿਵੇਂ ਕਿਸੇ ਧਾਰਮਿਕ ਥਾਂ, ਕਿਸੇ ਦੇ ਭੋਗ ਉੱਤੇ ਸਾਦੇ ਕੱਪੜੇ ਹੀ ਪਾਉਣੇ ਜ਼ਰੂਰੀ ਹੋ ਜਾਂਦੇ ਹਨ। ਕਿਉਂਕਿ ਸਾਦੇ ਕੱਪੜੇ ਪਾਉਣਾ ਉਨ੍ਹਾਂ ਥਾਵਾਂ ਦੇ ਨਿਯਮ ਹਨ। ਸਮਾਜ ਦੇ ਹਿੱਸੇ ਹੋਣ ਕਾਰਨ ਸਾਨੂੰ ਸਮਾਜ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਪੈਂਦਾ ਹੈ। ਇਸ ਲਈ ਮੁੱਖ ਗੱਲ ਕੱਪੜਿਆਂ ਦੀ ਨਹੀਂ ਸਗੋਂ ਮਰਦ ਦੀ ਦਿਮਾਗੀ ਅਤੇ ਸਰੀਰਕ ਕੁਦਰਤ ਦੀ ਹੈ, ਕਿਉਂਕਿ ਜ਼ਿਆਦਾਤਰ ਮਰਦ ਜਾਤ, ਖ਼ਾਸਕਰ ਭਾਰਤ ਅੰਦਰ ਦਬੀ ਹੋਈ ਕਾਮ ਊਰਜਾ ਰੱਖ ਰਹੀ ਹੈ ਜੋ ਕਿ ਆਸਾਨੀ ਨਾਲ ਫੁੱਟ ਜਾਂਦੀ ਹੈ।
Feminist ਔਰਤਾਂ ਨੂੰ ਚਾਹੀਦਾ ਹੈ ਕਿ ਬਰਾਬਰਤਾ ਦਾ ਅਰਥ ਇਹ ਨਹੀਂ ਕਿ ਹਰ ਕੰਮ ਨਾਪ ਤੋਲ ਕੇ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਆਪਣੀ ਸਮਝ ਦੀ ਵਰਤੋਂ ਕਰਕੇ ਜਿੱਥੇ ਲੋੜ ਹੋਵੇ ਉਥੇ ਆਪ ਹੀ ਘਰ ਅੰਦਰ ਕੰਮ ਕਰ ਲੈਣਾ ਚਾਹੀਦਾ ਹੈ, ਫੇਰ ਚਾਹੇ ਉਹ ਮਰਦ ਹੋਵੇ ਜਾਂ ਔਰਤ। ਇੱਕ ਸਵਾਲ ਇਹ ਵੀ ਦਿਮਾਗ ’ਚ ਆਉਂਦਾ ਹੈ ਕਿ ਜੋ ਮਰਦ ਘਰ ਦੇ ਘਰੇਲੂ ਕੰਮ ਜਿਵੇਂ ਰਸੋਈ ’ਚ ਕੋਈ ਕੰਮ ਕਰਨਾ, ਭੋਜਨ ਤਿਆਰ ਕਰਨਾ, ਭਾਂਡੇ ਮਾਂਝਣੇ ਤੇ ਝਾੜੂ ਲਾਉਣਾ ਆਦਿ ਕਰਦੇ ਹਨ, ਕੀ ਉਹ ਏਦਾਂ ਦੇ ਕੰਮ ਕਰਨ ਨਾਲ ਆਪਣੀ ਮਰਦਾਨਗੀ ਖੋਹ ਦੇਣਗੇ? ਤਾਂ ਮੇਰੇ ਅਨੁਸਾਰ ਜੇ ਤਰਕ ਲਾਈਏ ਤਾਂ ਆਦਿ-ਮਾਨਵ ਦੇ ਸਮੇਂ ਦੇ ਮਰਦ ਵੀ ਸ਼ਿਕਾਰ ਕਰਨ ਤੋਂ ਬਾਅਦ ਆਪ ਹੀ ਮੀਟ ਨੂੰ ਪਕਾ ਕੇ ਖਾਂਦੇ ਹੋਣਗੇ। ਇਹ ਤਾਂ ਜ਼ਰੂਰੀ ਨਹੀਂ ਕਿ ਉਹ ਆਪਣੇ ਕਬੀਲੇ ਦੀਆਂ ਔਰਤਾਂ ਨੂੰ ਹੀ ਮੀਟ ਪਕਾਉਣ ਲਈ ਆਖਦੇ ਹੋਣ। ਦੇਖਿਆ ਜਾਵੇ ਤਾਂ ਮੀਟ ਪਕਾਉਣਾ ਵੀ ਹੈ ਤਾਂ ਇੱਕ ਘਰੇਲੂ ਕੰਮ ਹੀ। ਇਸ ਲਈ ਮੇਰਾ ਮੰਨਣਾ ਇਹ ਹੈ ਕਿ ਮਰਦ ਘਰੇਲੂ ਕੰਮ ਕਰ ਸਕਦਾ ਹੈ ਪਰ ਇਹ ਸੰਭਾਵਨਾ ਵੀ ਹੈ ਕਿ ਘਰੇਲੂ ਕੰਮ ਕਰਨ ਦੇ ਚੱਕਰ ’ਚ ਉਹ ਆਪਣਾ ਸੁਭਾਅ ਖੋਹ ਦਵੇ। ਕਿਉਂਕਿ ਘਰੇਲੂ ਕੰਮ ਕਰਦਾ ਮਰਦ ਦੇਖਣ ’ਚ ਆਪਣੇ ਅਸਲ ਸੁਭਾਅ ਤੋਂ ਦੂਰ ਪ੍ਰਤੀਤ ਹੁੰਦਾ ਹੈ। ਹੋ ਸਕਦਾ ਅਜਿਹੀ ਨਜ਼ਰ ਸਾਡੀ ਆਦਤ ਬਣ ਚੁੱਕੀ ਹੋਵੇ। ਜਦੋਂ ਔਰਤ ਘਰ ਦਾ ਘਰੇਲੂ ਕੰਮ ਕਰਦੀ ਹੈ ਤਾਂ ਉਹ ਸਹਿਜ ਪ੍ਰਤੀਤ ਹੁੰਦੀ ਹੈ, ਪਰ ਜਦੋਂ ਕੋਈ ਮਰਦ ਕਰਦਾ ਹੈ ਤਾਂ ਉਹ ਸਹਿਜ ਜਾਂ ਸੁਭਾਵਿਕ ਪ੍ਰਤੀਤ ਨਹੀਂ ਹੁੰਦਾ। ਇਹ ਗੱਲ ਠੀਕ ਇਸੇ ਤਰ੍ਹਾਂ ਹੈ ਕਿ ਕੋਈ ਔਰਤ ਜਾਂ ਕੁੜੀ ਪੁਰਸ਼ ਵਰਗੀ ਇੱਛਾ ਸ਼ਕਤੀ ਨਾਲ ਜਿੰਮ ’ਚ ਮਾਸਪੇਸ਼ੀਆਂ ਬਣਾ ਰਹੀ ਹੋਵੇ। ਮਰਦ ਦੀਆਂ ਅੱਖਾਂ ਨੂੰ ਇੱਕ ਤਾਕਤਵਰ ਔਰਤ ਆਕਰਸ਼ਿਤ ਨਹੀਂ ਲੱਗੇਗੀ ਤੇ ਹੋ ਸਕਦਾ ਇੱਕ ਔਰਤ ਜਾਂ ਕੁੜੀ ਨੂੰ ਵੀ ਘਰ ਦਾ ਘਰੇਲੂ ਕੰਮ ਕਰਦਾ ਮਰਦ ਆਕਰਸ਼ਿਤ ਨਾ ਲੱਗੇ। ਜੇ ਆਕਰਸ਼ਣ ਦੀ ਗੱਲ ਵੀ ਛੱਡ ਦੇਈਏ ਤਾਂ ਇਹ ਤਾਂ ਮੰਨਣਾ ਪਊ ਕਿ ਘਰ ਦੇ ਘਰੇਲੂ ਕੰਮ ਕਰਦਾ ਮਰਦ ਦੂਜੇ ਬੰਦੇ ਨੂੰ ਇਸਤਰੀ ਵਾਂਗ ਹੀ ਲੱਗੇਗਾ। ਮੁੱਕਦੀ ਗੱਲ ਇਹ ਹੈ ਕਿ ਇਸਦੇ ਬਾਵਜੂਦ ਜੇ ਸਮੇਂ ਦੀ ਲੋੜ ਹੈ ਤਾਂ ਘਰ ਦਾ ਘਰੇਲੂ ਕੰਮ ਕਰਨਾ ਹੀ ਪੈਂਦਾ ਹੈ, ਫੇਰ ਚਾਹੇ ਉਹ ਮਰਦ ਹੋਵੇ ਜਾਂ ਔਰਤ। ਅੱਜ ਦੀਆਂ ਔਰਤਾਂ ਜਾਂ ਕੁੜੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਾਰਟਨਰ ਉਨ੍ਹਾਂ ਵਾਂਗ ਘਰ ਦੇ ਕੰਮ ਜ਼ਰੂਰ ਕਰੇ ਤਾਂ ਜੋ ਬਰਾਬਰਤਾ ਪੈਦਾ ਹੋ ਸਕੇ। ਪਰ ਉਨ੍ਹਾਂ ਲਈ ਇਹ ਸੋਚਣ ਦੀ ਗੱਲ ਹੈ ਕਿ, ਕੀ ਉਨ੍ਹਾਂ ਅੰਦਰ ਅਜਿਹੇ ਮਰਦ ਪ੍ਰਤੀ ਮਰਦਾਨਗੀ ਦਾ ਅਹਿਸਾਸ ਪੈਦਾ ਹੋ ਸਕਦਾ ਹੈ?
ਕਈ ਮਾਡਰਨ ਕੁੜੀਆਂ ਇਹ ਆਖਦੀਆਂ ਹਨ ਕਿ ਵਿਆਹ ਤੋਂ ਬਾਅਦ ਸਿਰਫ਼ ਅਸੀਂ ਆਪਣੇ ਮਾਪਿਆਂ ਦਾ ਘਰ ਕਿਉਂ ਛੱਡੀਏ, ਮੁੰਡੇ ਵੀ ਆਪਣਾ ਘਰ ਛੱਡਣ। ਇਹ ਗੱਲ ਸਹੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਦੀ ਨਵੀਂ ਸ਼ੁਰੁਆਤ ਹੁੰਦੀ ਹੈ। ਜੇਕਰ ਨਵੀਂ ਸ਼ੁਰੂਆਤ ਹੀ ਕਰਨੀ ਹੈ ਤਾਂ ਉਹ ਮਰਦ ਤੇ ਔਰਤ ਦੋਹਾਂ ਨੂੰ ਕਰਨੀ ਚਾਹੀਦੀ ਹੈ। ਰਹੀ ਗੱਲ ਮਾਪਿਆਂ ਦੀ ਤਾਂ ਸਮੇਂ-ਸਮੇਂ ’ਤੇ ਉਨ੍ਹਾਂ ਦੀ ਬਣਦੀ ਸਹਾਇਤਾ ਕਰਦੇ ਰਹਿਣਾ ਚਾਹੀਦਾ ਹੈ। ਰਹੀ ਗੱਲ ਉਨ੍ਹਾਂ ਨੂੰ ਇਕੱਲਾ ਛੱਡਣ ਦੀ ਤਾਂ ਇਸ ਗੱਲ ਲਈ ਜ਼ਿੰਮੇਵਾਰ ਮਾਪੇ ਆਪ ਹਨ, ਕਿਉਂਕਿ ਮਾਪਿਆਂ ਨੇ ਹੀ ਜੇਕਰ ਕਦੇ ਆਪਣੀ ਰੂਚੀ ਲਈ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਆਪਣੇ ਦੋਸਤਾਂ, ਸਮਾਜ ਦੇ ਲੋਕਾਂ ਨਾਲ ਰਿਸ਼ਤਾ ਸਥਾਪਿਤ ਨਹੀਂ ਕੀਤਾ ਤਾਂ ਜ਼ਿੰਮੇਵਾਰ ਉਨ੍ਹਾਂ ਦੇ ਜਵਾਕ ਨਹੀਂ ਸਗੋਂ ਉਹ ਆਪ ਹਨ। ਉਹ ਆਪਣੇ ਇਕੱਲੇਪਣ ਲਈ ਆਪ ਜ਼ਿੰਮੇਵਾਰ ਹੋਣਗੇ।
ਹੁਣ ਗੱਲ ਕਰਦੇ ਹਾਂ ਮਰਦਾਂ ਜਾਂ ਮੁੰਡਿਆਂ ਦੀ। ਮਰਦ ਜਾਤ ’ਚ ਦੋ ਕਿਸਮਾਂ ਦੇਖਣ ਨੂੰ ਕਾਫ਼ੀ ਮਿਲਦੀਆਂ ਹਨ। ਪਹਿਲੀ ਕਿਸਮ ਉਹ ਜੋ ਔਰਤ ਜਾਤ ਨੂੰ ਲੋੜ ਨਾਲੋਂ ਜ਼ਿਆਦਾ ਅਹਿਮੀਅਤ ਦਿੰਦੀ ਹੈ। ਦੂਜੀ ਉਹ ਜੋ ਔਰਤ ਜਾਤ ਲਈ ਊਚ-ਨੀਚ ਦੀ ਭਾਵਨਾ ਰੱਖਦੀ ਹੈ, ਭਾਵ ਪਿਤਾਪੁਰਖੀ ਸੋਚ ਰੱਖਦੀ ਹੈ। ਪਹਿਲੀ ਕਿਸਮ ਔਰਤਾਂ ਜਾਂ ਕੁੜੀਆਂ ਨਾਲ Relation ਬਣਾਉਣ ਲਈ ਹਰ ਕਦਮ ਚੁੱਕਣ ਲਈ ਉਤਾਵਲੀ ਰਹਿੰਦੀ ਹੈ। ਔਰਤ ਜਾਂ ਕੁੜੀ ਦੀ ਹਾਂ ’ਚ ਹਾਂ ਮਿਲਾਉਂਦੀ ਹੈ। ਆਪਣੀ ਪ੍ਰੇਮਿਕਾ ਦੀ ਹਰ ਚਾਹਤ ਪੂਰੀ ਕਰਨ ਦੀ ਕੋਸ਼ਿਸ਼ ’ਚ ਲੱਗੀ ਰਹਿੰਦੀ ਹੈ, ਜਿਸ ਨਾਲ ਔਰਤ ਜਾਂ ਕੁੜੀ ਸਿਰ ਚੜ੍ਹ ਕੇ ਬੈਠਣ ਲੱਗਦੀ ਹੈ। ਅਜਿਹਾ ਮਰਦ ਔਰਤ ਦੀ ਨਜ਼ਰ 'ਚ ਆਪਣੀ ਕੀਮਤ ਖੋਹ ਰਿਹਾ ਹੁੰਦਾ ਹੈ। ਔਰਤ ਅੰਦਰ ਅਜਿਹੇ ਮਰਦ ਪ੍ਰਤੀ ਰੂਚੀ ਘੱਟਦੀ ਰਹਿੰਦੀ ਹੈ। ਇਸ ਨਾਲ ਅਜਿਹੇ ਮਰਦ ਔਰਤਾਂ ਜਾਂ ਕੁੜੀਆਂ ਦੇ ਦਿਮਾਗ ’ਚ ਇਹ ਗ਼ਲਤ ਗੱਲ ਪਾ ਰਹੇ ਹਨ ਕਿ ਇੱਕ ਔਰਤ ਜਾਂ ਕੁੜੀ ਦਾ ਸਿਰਫ਼ ਸੋਹਣਾ ਹੋਣਾ ਹੀ ਕਾਫ਼ੀ ਹੈ। ਜਦਕਿ ਔਰਤਾਂ ਜਾਂ ਕੁੜੀਆਂ ਆਪਣੇ ਪ੍ਰੇਮੀ ਅੰਦਰ ਬਹੁਤ ਸਾਰੇ ਗੁਣ ਭਾਲਦੀਆਂ ਹਨ। ਸਮਾਜ ’ਚ ਔਰਤਾਂ ਦਾ ਯੋਗਦਾਨ ਮਰਦਾਂ ਦੀ ਤੁਲਨਾ ’ਚ ਘੱਟ ਹੋਣ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਇਹ ਦੂਜੀ ਕਿਸਮ ਦੇ ਮਰਦ ਔਰਤ ਨੂੰ ਸਿਰਫ਼ ਉਸਦੀ ਸੁੰਦਰਤਾ ਦੇ ਆਧਾਰ ’ਤੇ ਆਪਣੀ Attention ਉਸਨੂੰ ਦੇ ਰਹੇ ਹਨ ਤੇ ਇਸੇ ਕਾਰਨ ਔਰਤ ਨੂੰ ਵੀ ਵਾਧੂ ਯਤਨ ਕਰਨ ਦੀ ਲੋੜ ਮਹਿਸੂਸ ਨਹੀਂ ਹੋ ਪਾਉਂਦੀ ਤੇ ਅਸਲੀਅਤ ’ਚ ਉਹ ਸਮਾਜ ਦੀਆਂ ਨਜ਼ਰਾਂ ’ਚ ਸਿਰਫ਼ ਘਰ ਦੀ ਘਰੇਲੂ ਔਰਤ ਹੀ ਬਣ ਕੇ ਰਹਿ ਜਾਂਦੀ ਹੈ ਨਾ ਕਿ ਮਰਦਾਂ ਦੇ ਬਰਾਬਰ ਸਮਾਜ ’ਚ ਯੋਗਦਾਨ ਪਾਉਣ ਵਾਲੀ ਔਰਤ। ਦੂਜੀ ਕਿਸਮ ਯਾਨੀ ਕਿ ਪਿਤਾਪੁਰਖੀ ਸੋਚ ਦੇ ਮਰਦ ਜਿਨ੍ਹਾਂ ਕਾਰਨ ਸ਼ਾਇਦ ਔਰਤਾਂ ਕਹਿ ਰਹੀਆਂ ਹਨ ਕਿ ਸਾਨੂੰ ਮਰਦਾਂ ਦੀ ਲੋੜ ਨਹੀਂ, ਅਸੀਂ ਇਕੱਲੇ ਹੀ ਖ਼ੁਸ਼ ਹਾਂ। ਇਹ ਪਿਤਾਪੁਰਖੀ ਸੋਚ ਦੇ ਮਰਦ ਅਜਿਹੀਆਂ ਔਰਤਾਂ ਦੇ ਪਿਤਾ ਜਾਂ ਭਰਾ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਦੇਖ ਕੇ ਇਨ੍ਹਾਂ ਅੰਦਰ ਮਰਦਾਂ ਪ੍ਰਤੀ Frustration ਪੈਦਾ ਹੋ ਚੁੱਕੀ ਹੈ।
ਜਦੋਂ ਕੋਈ ਮਰਦ ਕਿਸੇ ਔਰਤ ਉੱਤੇ ਜਿਨਸੀ ਹਮਲਾ ਕਰ ਦਿੰਦਾ ਹੈ ਤਾਂ ਸਮਾਜ ਔਰਤ ’ਤੇ ਹੀ ਸਵਾਲ ਖੜ੍ਹੇ ਕਰ ਦਿੰਦਾ ਹੈ। ਖ਼ਾਸਕਰ ਔਰਤਾਂ ਹੀ ਪੀੜ੍ਹਤਾ ਉੱਤੇ ਸਵਾਲ ਖੜ੍ਹੇ ਕਰ ਦਿੰਦੀਆਂ ਹਨ। ਇੱਥੋ ਤੱਕ ਕਿ ਦੋਸ਼ੀ ਵੀ ਔਰਤ ਨੂੰ ਹੀ ਜ਼ਿੰਮੇਵਾਰ ਐਲਾਨ ਦਿੰਦਾ ਹੈ ਕਿ ਉਸਨੇ ਹੀ ੳਸਨੂੰ ਇਹ ਹਰਕਤ ਕਰਨ ਲਈ ਮਜਬੂਰ ਕੀਤਾ ਸੀ। ਸਮਾਜ ਦਾ ਇੱਕ ਹਿੱਸਾ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਘਟਨਾ ਤੋਂ ਤੁਰੰਤ ਬਾਅਦ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕਰਦਾ ਹੈ। ਪਰ ਇਸਦਾ ਅਸਲ ਹੱਲ ਕੀ ਹੈ ਇਸ ਬਾਰੇ ਜ਼ਿਆਦਾਤਰ ਕੋਈ ਗੱਲ ਨਹੀਂ ਕਰਦਾ। ਮੇਰਾ ਮੰਨਣਾ ਹੈ ਕਿ ਇਸਦਾ ਅਸਲ ਹੱਲ ਕਾਮ ਦੀ ਸਿੱਖਿਆ (Sex Education) ਹੈ। ਕਾਮ ਸਿੱਖਿਆ ’ਚ ਕਾਮ, ਔਰਤ-ਮਰਦ ਸਬੰਧੀ ਹਰ ਪਹਿਲੂ ਸ਼ਾਮਿਲ ਹੋਣਾ ਚਾਹੀਦਾ ਹੈ, ਜਿਵੇਂ ਹਵਸ ਕੀ ਹੈ ਤੇ ਸਾਡੇ ਅੰਦਰ ਕਿਵੇਂ ਪੈਦਾ ਹੋ ਸਕਦੀ ਹੈ ਜੋ ਜਿਨਸੀ ਹਮਲਾ ਕਰਨ ਲਈ ਮਜਬੂਰ ਕਰ ਸਕਦੀ ਹੈ, ਜਿਨਸੀ ਹਮਲਾ ਕਰਨ ਵਾਲੇ ਦੀ ਸੋਚ ਕਿਹੋ ਜਿਹੀ ਹੁੰਦੀ ਹੈ, ਅਸਲ ਕਾਮ ਕਿਰਿਆ ਕਿਹੋ ਜਿਹੀ ਹੁੰਦੀ ਹੈ, ਫਿਲਮਾਂ ਜਾਂ Pornographic Content ’ਚ ਦਿਖਾਈ ਜਾਣ ਵਾਲੀ ਕਾਮ ਕਿਰਿਆ ਅਤੇ ਅਸਲ ਕਾਮ ਕਿਰਿਆ ’ਚ ਕੀ ਫ਼ਰਕ ਹੈ ਆਦਿ। ਇਹ ਤਾਂ ਸਿਰਫ਼ ਗਿਣਤੀ ਦੇ ਹੀ ਸਵਾਲ ਤੁਹਾਡੇ ਸਾਮ੍ਹਣੇ ਰੱਖੇ ਹਨ, ਕਾਮ ਸਿੱਖਿਆ ਅਜਿਹੇ ਬਹੁਤ ਸਵਾਲਾਂ ਉੱਤੇ ਗੱਲ ਕਰ ਸਕਦੀ ਹੈ ਜਿਸ ਨਾਲ ‘ਕਾਮ’ ਦਾ ਸਮਾਜ ’ਚ ਬਣਿਆ ਇਹ ਹਊਆ ਸ਼ਾਇਦ ਖ਼ਤਮ ਹੋ ਸਕਦਾ ਹੈ, ਤੇ ਹੋ ਸਕਦਾ Sex Education ਤੋਂ ਬਾਅਦ ਸਮਾਜ ਇਸ ‘ਕਾਮ’ ਨੂੰ ਬਹੁਤੀ ਤਵੱਜੋ ਦੇਣੀ ਬੰਦ ਕਰ ਦਵੇ। ਜਿੰਨੀ ਇਸਦੀ ਅਹਿਮੀਅਤ ਤੇ ਲੋੜ ਹੈ ਓਨੀ ਹੀ ਅਹਿਮੀਅਤ ਇਸਨੂੰ ਦੇਣੀ ਸ਼ੁਰੂ ਕਰ ਦਵੇ। Sex Education ਸਿਰਫ਼ ਕਾਮ ਕਿਰਿਆ ਉੱਤੇ ਹੀ ਨਹੀਂ ਸਗੋਂ ਔਰਤ ਅਤੇ ਮਰਦ ਦੇ ਅਸਲੀ ਸੁਭਾਅ ਬਾਰੇ ਵੀ ਗੱਲ ਕਰਦੀ ਹੋਵੇ, ਤਦ ਹੀ ਉਹ ਸਹੀ ਅਰਥਾਂ ’ਚ ਕਾਮ ਸਿੱਖਿਆ ਕਹਿਲਾਈ ਜਾ ਸਕਦੀ ਹੈ।
ਸਮਾਜ ਵੀ ਮਰਦ ਅਤੇ ਔਰਤ ਦੋਹਾਂ ਦਾ ਅੰਦਰੂਨੀ ਨੁਕਸਾਨ ਕਰਨ ’ਤੇ ਤੁਲਿਆ ਹੋਇਆ ਹੈ। ਸਮਾਜ ਅਨੁਸਾਰ ਔਰਤ ਤੇ ਮਰਦ ਨੂੰ ਵਿਆਹ ਤੋਂ ਪਹਿਲਾਂ ਰਿਸ਼ਤਾ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਉਨ੍ਹਾਂ ਅਨੁਸਾਰ ਚੰਗੇ ਸੰਸਕਾਰ ਵਾਲੇ ਮੁੰਡਾ-ਕੁੜੀ ਅਜਿਹਾ ਨਹੀਂ ਕਰਦੇ। ਥੋੜ੍ਹੀ ਦੇਰ ਲਈ ਚੰਗੇ-ਮਾੜੇ ਸੰਸਕਾਰਾਂ ਦੀ ਗੱਲ ਨੂੰ ਜੇਕਰ ਪਾਸੇ ਰੱਖ ਦਈਏ ਅਤੇ ਤਰਕ ਨਾਲ ਗੱਲ ਕਰੀਏ ਤਾਂ ਇਹ ਸਾਫ਼ ਹੈ ਕਿ ਹਰ ਤਰ੍ਹਾਂ ਦਾ ਰਿਸ਼ਤਾ ਸਾਨੂੰ ਕੁਝ ਨਾ ਕੁਝ ਜ਼ਰੂਰ ਸਿਖਾਉਂਦਾ ਹੈ। ਔਰਤ ਅਤੇ ਮਰਦ ਦਾ ਰਿਸ਼ਤਾ ਵੀ ਦੋਹਾਂ ਨੂੰ ਇੱਕ ਦੂਜੇ ਬਾਰੇ ਜ਼ਰੂਰ ਸਿਖਾਉਂਦਾ ਹੈ। ਤਰਕ ਤਾਂ ਇਹ ਕਹਿੰਦਾ ਹੈ ਕਿ ਜ਼ਿਆਦਾ ਸਿੱਖਿਆ ਹੋਇਆ ਵਿਅਕਤੀ ਭਾਵ ਅਨੁਭਵੀ ਵਿਅਕਤੀ ਬੇਹਤਰ ਫ਼ੈਸਲਾ ਲੈ ਸਕਦਾ ਹੈ। ਪਰ ਸਮਾਜ ਕਿਸੇ ਕੁੜੀ ਜਾਂ ਮੁੰਡੇ ਦੇ Multiple Relationships ਨੂੰ ਨਹੀਂ ਕਬੂਲਦਾ। ਇਸ ਸਮਾਜ ’ਚ ਮੁੰਡਾ-ਕੁੜੀ ਵੀ ਸ਼ਾਮਿਲ ਹਨ ਜੋ ਕਿ ਆਪਣੇ ਪਤੀ-ਪਤਨੀ ਵਜੋਂ ਕਿਸੇ Multiple Relationships ਰੱਖ ਚੁੱਕੇ ਵਿਅਕਤੀ ਨੂੰ ਸਵੀਕਾਰ ਨਹੀਂ ਕਰਨਗੇ। ਇਹ ਵੀ ਤੱਥ ਹੈ ਕਿ ਸਮਾਜ ਅੰਦਰ ਡਰ ਹੈ ਕਿ ਜੇਕਰ ਇਹ ਮੁੰਡਾ-ਕੁੜੀ ਦਾ ਰਿਸ਼ਤਾ ਇੱਕ ਕਦਮ ਹੋਰ ਵੱਧ ਗਿਆ ਤਾਂ ਸਮਾਜ ਅੰਦਰ ਜੋ ਨਵਾਂ ਇਨਸਾਨ ਜੰਮ ਪਵੇਗਾ ਤਾਂ ਉਸਦਾ ਕੀ ਬਣੇਗਾ। ਜੇ ਏਦਾਂ ਹੀ ਹੁੰਦਾ ਰਿਹਾ ਤਾਂ ਸਮਾਜ ਅੰਦਰ ਸੰਤੁਲਨ ਕਿਵੇਂ ਬਣਿਆ ਰਹਿ ਸਕਦਾ ਹੈ। ਮੇਰਾ ਆਪਣਾ ਇਹ ਮੰਨਣਾ ਹੈ ਕਿ ਮਾਪਿਆਂ ਨੂੰ ਮੁੰਡਾ-ਕੁੜੀ ਦਾ ਰਿਸ਼ਤਾ ਬਣਾਉਣ ਲਈ ਆਪਣੇ ਜਵਾਕਾਂ ਨੂੰ ਰੋਕਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਆਪਣੇ ਬੱਚਿਆਂ ਨੂੰ ਇੱਕ ਸੂਚਨਾ ਦੇਣ ਦੀ ਲੋੜ ਹੈ ਕਿ ਇਸ ਮੁੰਡਾ-ਕੁੜੀ ਦੇ ਰਿਸ਼ਤੇ ਦੀ ਇੱਕ ਸੀਮਾ ਹੈ। ਜਦੋਂ ਤੱਕ ਤੁਸੀਂ ਉਸ ਸੀਮਾ ਅੰਦਰ ਹੋ ਉਦੋਂ ਤੱਕ ਸਾਨੂੰ ਅਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੈ, ਪਰ ਜਦੋਂ ਤੁਸੀਂ ਉਸ ਸੀਮਾ ਨੂੰ ਪਾਰ ਕਰ ਜਾਊਂਗੇ ਤਾਂ ਉਹ ਸਭ ਲਈ ਦਿੱਕਤ ਹੈ। ਇਹ ਸਮਾਜ ਲਈ ਇੱਕ ਬੇਸਿਕ ਕਦਮ ਹੈ ਜਿਸਨੂੰ ਅਪਣਾਉਣਾ ਬਹੁਤਾ ਔਖਾ ਨਹੀਂ। ਬਾਕੀ ਜਿਵੇਂ-ਜਿਵੇਂ ਸਮਾਜ ਵਿਕਸਿਤ ਹੁੰਦਾ ਰਹੇਗਾ ਉਵੇਂ-ਉਵੇਂ ਇਸ ’ਚ ਹੋਰ ਸੁਧਾਰ ਆਪੇ ਹੁੰਦਾ ਜਾਏਗਾ।
ਜਦੋਂ ਕੋਈ ਬੱਚਾ 14 ਸਾਲ ਦੀ ਉਮਰ ਤੋਂ ਵੱਧ ਦਾ ਹੋਣ ਲੱਗਦਾ ਹੈ ਤਾਂ ਉਸਦੇ ਸਰੀਰ ਅੰਦਰ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਉਸ ਅੰਦਰ ਦੂਜੇ Gender ਪ੍ਰਤੀ ਆਕਰਸ਼ਣ ਪੈਦਾ ਹੋਣ ਲੱਗਦਾ ਹੈ। ਹੋਲੀ-ਹੋਲੀ ਇਸੇ ਆਕਰਸ਼ਣ ਕਰਕੇ ਉਸਦਾ ਵਿਵਹਾਰ ਵੀ ਬਦਲਣ ਲੱਗਦਾ ਹੈ। ਜੋ ਬੱਚਾ ਪਹਿਲਾਂ ਆਪਣੇ ਸਰੀਰ, ਪਹਿਰਾਵੇ ਅਤੇ ਸ਼ਖ਼ਸੀਅਤ ਪ੍ਰਤੀ ਧਿਆਨ ਨਹੀਂ ਦਿੰਦਾ ਸੀ ਉਹ ਹੁਣ ਆਪਣੇ ਆਪ ਨੂੰ ਆਕਰਸ਼ਕ ਬਣਾਉਣ ਵੱਲ ਧਿਆਨ ਦੇਣ ਲੱਗਦਾ ਹੈ। ਕੋਈ ਕੁੜੀ ਇਸ ਬਦਲੇ ਵਿਵਹਾਰ ਦਾ ਪ੍ਰਗਟਾਵਾ Passively ਕਰਦੀ ਹੈ ਜਦਕਿ ਮੁੰਡਾ Actively ਕਰਦਾ ਹੈ। ਭਾਵ ਕੁੜੀ ਆਪਣੇ ਅੰਦਰ ਦੀ ਭਾਵਨਾ ਦਾ ਸਿਰਫ਼ ਸੰਕੇਤ ਦਿੰਦੀ ਹੈ ਜਦਕਿ ਮੁੰਡਾ ਉਸਨੂੰ ਸਿੱਧਾ ਸਪੱਸ਼ਟ ਕਰ ਦਿੰਦਾ ਹੈ ਜਾਂ ਸਾਮ੍ਹਣੇ ਪ੍ਰਗਟ ਕਰ ਦਿੰਦਾ ਹੈ। ਇਹ ਗੱਲ ਇਸ ਕਰਕੇ ਕੀਤੀ ਗਈ ਹੈ ਤਾਂ ਕਿ ਇਹ ਦੱਸ ਸਕੀਏ ਕਿ ਮਰਦ ਦਾ ਬੇਸਿਕ ਸੁਭਾਅ Active ਕਦਮ ਚੁੱਕਣਾ ਹੈ। ਮਰਦ ਦਾ ਸੁਭਾਅ ਆਪਣੇ ਆਤਮ-ਵਿਸ਼ਵਾਸ ਦਾ ਪ੍ਰਗਟਾਵਾ ਕਰਨਾ, ਖ਼ੁਦ ਨੂੰ ਬੇਹਤਰ ਸਾਬਿਤ ਕਰਨ ਲਈ ਦੂਜਿਆਂ ਨਾਲ ਮੁਕਾਬਲਾ ਕਰਨਾ, ਆਪਣਾ ਸਟੈਂਡ ਲੈਣਾ, ਆਪਣਾ ਦਬਦਬਾ ਬਣਾਉਣਾ ਆਦਿ ਨੂੰ ਪ੍ਰਦਰਸ਼ਿਤ ਕਰਦਾ ਹੈ। ਔਰਤ ਦਾ ਸੁਭਾਅ ਭਾਵਨਾਤਮਕ ਸਮਝ, ਕੋਮਲਤਾ, ਕਰੁਣਾ, ਸਬਰ ਆਦਿ ਨੂੰ ਪ੍ਰਦਰਸ਼ਿਤ ਕਰਦਾ ਹੈ। ਪਰ ਸਾਡਾ ਸਮਾਜ, ਸਿੱਖਿਆ ਕੇਂਦਰ ਅਤੇ ਮਾਂ-ਬਾਪ ਮਰਦ ਜਾਤ ਨੂੰ ਆਗਿਆਕਾਰੀ ਬਣਾਉਣ ਦੇ ਚੱਕਰ ’ਚ ਇਸ ਮਰਦ ਜਾਤ ਦੇ ਸੁਭਾਅ ਨੂੰ ਮਾਰਨ ਦਾ ਯਤਨ ਕਰਨ ਲੱਗਦੇ ਹਨ। ਉਸਨੂੰ ਆਪਦਾ ਸਟੈਂਡ ਦੇ ਦਿੰਦੇ ਹਨ ਜਿਸ ਉੱਤੇ ਉਸਨੂੰ ਖੜ੍ਹਨਾ ਪੈਂਦਾ ਹੈ। ਔਰਤ ਫੇਰ ਵੀ ਕੁਝ ਹੱਦ ਤੱਕ ਆਪਣੇ ਬੇਸਿਕ ਸੁਭਾਅ ਦੇ ਨੇੜੇ ਹੀ ਰਹਿੰਦੀ ਹੈ ਪਰ Feminism ਬਾਰੇ ਸਹੀ ਸਮਝ ਨਾ ਹੋਣਾ ਉਸਦਾ ਇਹ ਸੁਭਾਅ ਕਿਤੇ ਨਾ ਕਿਤੇ ਖੋਹ ਰਿਹਾ ਹੈ। ਮੈਂ ਇਹ ਨਹੀਂ ਆਖ ਰਿਹਾ ਕਿ ਔਰਤ ਸਿਰਫ਼ Passive ਹੀ ਰਹੇ ਤੇ ਕੁਝ ਕਰਨ ਦਾ ਯਤਨ ਨਾ ਕਰੇ। ਮੇਰਾ ਇਹ ਕਹਿਣਾ ਹੈ ਕਿ ਔਰਤ Feminism ਦੇ ਚੱਕਰ ’ਚ ਆਪਣੇ ਬੇਸਿਕ ਸੁਭਾਅ ਨੂੰ ਨਾ ਭੁੱਲ ਕੇ ਉਸਨੂੰ ਅਪਣਾਈ ਰੱਖੇ। ਕਿਉਂਕਿ ਇਹੋ ਸੁਭਾਅ ਉਸਨੂੰ ਔਰਤ ਬਣਾਉਂਦਾ ਹੈ। ਉਸੇ ਤਰ੍ਹਾਂ ਮਰਦ ਵੀ ਆਪਣਾ ਬੇਸਿਕ ਸੁਭਾਅ ਨਾ ਛੱਡੇ ਕਿਉਂਕਿ ਉਸਦਾ ਸੁਭਾਅ ਹੀ ਉਸਨੂੰ ਮਰਦ ਬਣਾਉਂਦਾ ਹੈ। ਸਮਾਜ ਵੀ ਥੋੜ੍ਹੀ ਹਿੰਮਤ ਦਿਖਾ ਕੇ ਆਪਣੇ ਆਪ ਨੂੰ ਵਿਕਸਿਤ ਕਰਨ ਵੱਲ ਵਧੇ ਨਾ ਕਿ ਪੁਰਾਣੇ ਢੰਗ ਤਰੀਕਿਆਂ ਨੂੰ ਅਪਣਾਈ ਜਾਵੇ। ਹੋ ਸਕਿਆ ਤਾਂ ਇਸ ਲੇਖ ਦਾ ਦੂਜਾ ਭਾਗ ਵੀ ਪਾਠਕਾਂ ਮੂਹਰੇ ਲੈ ਕੇ ਆਵਾਂਗੇ ਜਿਸ ’ਚ ਦੱਸਣ ਦਾ ਯਤਨ ਕਰਾਂਗੇ ਕਿ ਕਿਵੇਂ Feminism ਨੂੰ ਅਪਣਾਉਂਦੇ ਹੋਏ ਔਰਤ ਅਤੇ ਮਰਦ ਆਪਣੇ ਬੇਸਿਕ ਸੁਭਾਅ ਨੂੰ ਜਿਉਂ ਸਕਦੇ ਹਨ। ਕਿਵੇਂ ਸਮਾਜ ਛੋਟੇ-ਛੋਟੇ ਬਦਲਾਅ ਕਰਕੇ ਵਿਕਾਸ ਵੱਲ ਵੱਧ ਸਕਦਾ ਹੈ।
ਅਖੀਰ ’ਚ ਇਹ ਕਹਿਣਾ ਬਣਦਾ ਹੈ ਕਿ ਲਿੰਗ ਆਧਾਰਿਤ ਇਹ ਪਾੜ ਉਦੋਂ ਹੀ ਸਮਾਪਤ ਹੋ ਸਕਦਾ ਹੈ ਜਦੋਂ ਦੋਵੇਂ ਜਾਤਾਂ ਇੱਕ ਦੂਜੇ ਦੇ ਅਸਲ ਸੁਭਾਅ ਨੂੰ ਸਹੀ ਅਰਥਾਂ ’ਚ ਸਮਝਣਗੀਆਂ ਅਤੇ ਆਪੋ-ਆਪਣੇ ਸੁਭਾਅ ਨੂੰ ਅਪਣਾਉਣਗੀਆਂ।