ਸੀਟੂ ਦਾ ਸਥਾਪਨਾ ਦਿਵਸ ਮਨਰੇਗਾ ਮਜ਼ਦੂਰਾਂ ਨੇ ਇਨਕਲਾਬੀ ਢੰਗ ਨਾਲ ਮਨਾਇਆ
ਮਾਛੀਵਾੜਾ ਸਾਹਿਬ 30 ਮਈ (ਇੰਜ ਜਸਵੀਰ ਸਿੰਘ ਅਲਬੇਲਾ, ਹਰਸ਼ਦੀਪ ਸਿੰਘ ਮਹਿਦੂਦਾਂ) ਅੱਜ ਇੱਥੇ ਪਿੰਡ ਸਰਵਰਪੁਰ,ਕੋਟਲਾ ਭੜੀ, ਸੰਗਤਪੁਰ ਵਿਖੇ ਮਾਨਤਾ ਪ੍ਰਾਪਤ ਸੈੱਟਰ ਆਫ਼ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਰਜਿ: ਨੰਬਰ 06/12 ਦੇ ਮਨਰੇਗਾ ਕਿਰਤੀਆਂ ਵੱਲੋਂ ਜਸਵਿੰਦਰ ਕੌਰ ਸਰਪੰਚ ਪਤੀ ਜਸਵਿੰਦਰ ਸਿੰਘ ਪਿੰਡ ਕੋਟਲਾ ਭੜੀ, ਬੇਅੰਤ ਸਿੰਘ ਪੰਚ, ਮਨਪ੍ਰੀਤ ਸਿੰਘ ਪੰਚ, ਫਤਿਹ ਸਿੰਘ ਪੰਚ, ਹਰਪ੍ਰੀਤ ਸਿੰਘ ਪੰਚ, ਕਮਲਜੀਤ ਸਿੰਘ ਪੰਚ, ਸੰਤ ਸਿੰਘ ਪੰਚ, ਬੀਬੀ ਸੁਖਦੀਪ ਕੌਰ ਸਮਸ਼ਪੁਰ, ਕਿਰਨਦੀਪ ਕੌਰ ਹਰਬੰਸਪੁਰਾ, ਬਲਜੀਤ ਕੌਰ ਸਰਵਰਪੁਰ, ਜਗਵੀਰ ਸਿੰਘ ਇਕੋਲਾਹੀ, ਦਰਬਾਰਾ ਸਿੰਘ ਬੌਂਦਲੀ ਦੀ ਅਗਵਾਈ ਵਿੱਚ ਸੀਟੂ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਹਨਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਇਸ ਵਾਰ ਸੀਟੂ ਦਾ ਸਥਾਪਨਾ ਦਿਵਸ ਵਿਸ਼ੇਸ਼ ਹਾਲਤਾਂ ਵਿੱਚ ਮਨਾਇਆ ਜਾ ਰਿਹਾ ਹੈ। ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਅਤੇ ਸਮੁੱਚੇ ਮੇਹਨਤਕਸ਼ ਲੋਕਾਂ ਦੇ ਖਿਲਾਫ ਨਵੀਆਂ ਚਣੌਤੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਵਲੋਂ ਅਮਰੀਕਾ ਨਾਲ਼ ਗੁਪਤ ਸਮਝੌਤੇ ਕਰਕੇ ਲੋਕਾਂ ਨੂੰ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ। ਕਿਸਾਨਾਂ ਨਾਲ ਵਾਅਦੇ ਕਰਕੇ ਐਮ.ਐਸ.ਪੀ. ਨਹੀਂ ਦਿੱਤੀ ਜਾ ਰਹੀ, ਟਰੇਡ ਯੂਨੀਅਨਜ ਅਧਿਕਾਰਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ। ਮਜ਼ਦੂਰ ਪੱਖੀ 29 ਕਾਨੂੰਨ ਤੋੜ ਕੇ ਸਿਰਫ 4 ਲੇਬਰ ਜ਼ਾਬਤੇ ਲਾਗੂ ਕਰਨ ਲਈ, ਹਿੱਟ ਐਂਡ ਰਨ ਵਰਗੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਸਰਕਾਰ ਤਰਲੋ ਮੱਛੀ ਹੋ ਰਹੀ ਹੈ ਅਤੇ ਵੋਟਾਂ ਹਾਸਲ ਕਰਨ ਲਈ ਫਿਰਕਾਪ੍ਰਸਤੀ ਫੈਲਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾ ਰਹੀ। ਦੂਜੇ ਪਾਸੇ ਮੋਦੀ ਸਰਕਾਰ ਦੀ ਪੈੜ 'ਚ ਪੈਰ ਧਰ ਕੇ ਭਗਵੰਤ ਮਾਨ ਵੱਲੋਂ ਮਨਰੇਗਾ ਕਾਨੂੰਨ ਨੂੰ ਤੋੜਨ ਦੀਆਂ ਗੋਂਦਾਂ ਗੁੰਦ ਰਿਹਾ ਹੈ। ਉਨ੍ਹਾਂ ਮਨਰੇਗਾ ਮਜ਼ਦੂਰਾਂ ਅਤੇ ਨਿਰਮਾਣ ਮਜ਼ਦੂਰਾਂ ਨੂੰ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਪੀਲ ਕਰਦਿਆਂ ਕਿਹਾ ਕਿ "ਕੱਲੇ ਕੱਲੇ ਮਾਰ ਨਾਂ ਖਾਉ, ਇਕੱਠੇ ਹੋ ਕੇ ਅੱਗੇ ਆਉ" ਸੀਟੂ ਦੇ ਬੁਨਿਆਦੀ ਨਾਅਰੇ ਦੀ ਪੂਰਤੀ ਲਈ ਅਜੋਕੇ "ਸਮੇਂ ਦੀ ਇਤਿਹਾਸਕ ਲੋੜ, ਵਿਸ਼ਾਲ ਏਕਤਾ ਤਿੱਖੇ ਘੋਲ" ਦੇ ਨਾਅਰੇ ਨੂੰ ਬੁਲੰਦ ਕੀਤਾ ਜਾਵੇ। ਇਸ ਮੌਕੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ 200 ਦਿਨ ਕੰਮ ਦਿੱਤਾ ਜਾਵੇ, ਕਾਨੂੰਨ ਅਨੁਸਾਰ ਕੰਮ ਨਾਂ ਦੇਣ ਦੀ ਸੂਰਤ ਵਿੱਚ ਬੇ-ਰੁਜਗਾਰੀ ਭੱਤਾ ਦਿੱਤਾ ਜਾਵੇ, ਮਨਰੇਗਾ ਮਜ਼ਦੂਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਬਕਾਇਆ ਪੇਮੈਂਟ ਫੌਰੀ ਕੀਤੀ ਜਾਵੇ, ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਕੰਮ ਵਾਲੀ ਥਾਂ ਤੇ ਹੀ ਲਗਾਈ ਜਾਵੇ, ਕੰਮ ਕਰਨ ਵਾਲੇ ਔਜ਼ਾਰ, ਪੀਣ ਵਾਲੇ ਪਾਣੀ, ਫਸਟਏਡ ਬਾਕਸ ਛਾਂ ਦਾ ਪ੍ਰਬੰਧ ਕੀਤਾ ਜਾਵੇ। ਸਾਥੀ ਅਮਰਨਾਥ ਕੂੰਮਕਲਾਂ ਨੇ 9 ਜੁਲਾਈ 2025 ਨੂੰ 10 ਕੇਂਦਰੀ ਟਰੇਡ ਯੂਨੀਅਨਾਂ ਅਤੇ 60 ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਉੱਤੇ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਲਈ ਯਕੀਨੀ ਬਣਾਉਣ ਉੱਤੇ ਜ਼ੋਰ ਦਿੱਤਾ ਅਤੇ ਕੱਟੜਵਾਦੀ ਸ਼ਕਤੀਆਂ ਨੂੰ ਲੋਕਾਂ ਵਿੱਚੋਂ ਨਿਖੇੜਨ ਲਈ ਲਗਾਤਾਰ ਯਤਨ ਜਾਰੀ ਰੱਖੇ ਜਾਣ ਦੀ ਅਪੀਲ ਕੀਤੀ।