BREAKING NEWS
latest

728x90

 


468x60

ਹੁਣ ਲੁਧਿਆਣਾ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਤਿੰਨ ਮੌਤਾਂ ਨੇ ਮੁੜ ਖੋਲੀ ਸਰਕਾਰ ਦੀ ਪੋਲ - ਡਾ. ਕਰੀਮਪੁਰੀ

ਪੀੜ੍ਹਤ ਪਰਿਵਾਰਾਂ ਨਾਲ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ ਮੁਲਾਕਾਤ


 

 ਲੁਧਿਆਣਾ, 23 ਮਈ (ਹਰਸ਼ਦੀਪ ਮਹਿਦੂਦਾਂ) ਅੱਜ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਕਾਰਨ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਮਜੀਠਾ ਤੋਂ ਬਾਅਦ ਲੁਧਿਆਣਾ 'ਚ ਚੰਦ ਦਿਨਾਂ ਬਾਅਦ ਵਾਪਰੀ ਇਸ ਮੰਦਭਾਗੀ ਘਟਨਾ ਨੇ ਸਰਕਾਰ ਦੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦੀ ਪੋਲ ਪੂਰੀ ਤਰ੍ਹਾਂ ਖੋਲ ਦਿੱਤੀ ਹੈ। ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮਜੀਠਾ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 28 ਮੌਤਾਂ ਹੋਈਆਂ ਸਨ ਤਾਂ ਉਸੇ ਦਿਨ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਸੀ, ਉਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਮੰਨਿਆ ਸੀ ਕਿ ਪੁਲਿਸ, ਰਾਜਨੀਤਿਕ ਲੀਡਰਾਂ ਅਤੇ ਮਾਫ਼ੀਆ ਦੇ ਗੱਠਜੋੜ ਤੋਂ ਬਿਨ੍ਹਾਂ ਅਜਿਹੀ ਦੁਖਦਾਈ ਘਟਨਾ ਦਾ ਵਾਪਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਮੰਨਣ ਤੋਂ ਬਾਅਦ ਵੀ ਉਸ ਗੱਠਜੋੜ ਦਾ ਪ੍ਰਸ਼ਾਸਨ ਪਤਾ ਨਹੀਂ ਲਗਾ ਸਕਿਆ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਘਟਨਾ ਨੇ ਮਾਂ-ਬਾਪ ਤੋਂ ਉਨ੍ਹਾਂ ਦਾ ਸਹਾਰਾ, ਇੱਕ ਪਤਨੀ ਤੋਂ ਉਸਦਾ ਸੁਹਾਗ ਤੇ ਬੱਚਿਆਂ ਤੋਂ ਉਨ੍ਹਾਂ ਦੀ ਛਾਂ ਖੋਹ ਲਈ ਹੈ, ਇਸ ਲਈ ਇੱਕ-ਇੱਕ ਕਰੋੜ ਦਾ ਮੁਆਵਜ਼ਾ ਤੇ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਅਜੇ ਤੱਕ ਇਸ ਗੱਠਜੋੜ ਨੂੰ ਚਲਾਉਣ ਵਾਲਿਆਂ ਨੂੰ ਫੜ੍ਹ ਨਹੀਂ ਸਕੀ ਹੈ, ਇਸ ਲਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ 'ਬਸਪਾ' ਦਾ ਵਫ਼ਦ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਮਿਲੇਗਾ ਤੇ ਉਪਰੋਕਤ ਮੰਗਾਂ ਬਾਰੇ ਦੱਸੇਗਾ। ਇਸ ਮੌਕੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਜਨਰਲ ਸਕੱਤਰ ਪ੍ਰਵੀਨ ਬੰਗਾ, ਸਕੱਤਰ ਬਲਵਿੰਦਰ ਬਿੱਟਾ, ਲੁਧਿਆਣਾ ਸ਼ਹਿਰੀ ਇੰਚਾਰਜ ਜੀਤ ਰਾਮ ਬਸਰਾ, ਦਿਹਾਤੀ ਇੰਚਾਰਜ ਪਰਗਣ ਬਿਲਗਾ, ਸ਼ਹਿਰੀ ਪ੍ਰਧਾਨ ਬਲਵਿੰਦਰ ਜੱਸੀ, ਸੋਨੂ ਅੰਬੇਡਕਰ, ਰਜਿੰਦਰ ਨਿੱਕਾ, ਅਮਰੀਕ ਸਿੰਘ ਕੁਲਾਲ, ਗੁਰਪ੍ਰੀਤ ਲਾਲੀ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ।

« PREV
NEXT »

Facebook Comments APPID