ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਪੋਸਟਾਂ ਸੋਸ਼ਲ ਮੀਡੀਆ ਉਪਰ ਪਾਉਣ ਕਰਕੇ ਕੀਤਾ ਗਿਆ ਗ੍ਰਿਫਤਾਰ
ਮਾਲੇਰਕੋਟਲਾ 23 ਮਈ (ਸਰਬਜੀਤ ਸਿੰਘ ਰਟੋਲਾਂ) ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬੇਗਮਪੁਰਾ ਵਸਾਉਣ ਦੇ ਐਕਸ਼ਨ ਨੂੰ ਕੁਚਲਣ ਲਈ ਪੱਬਾਂ ਭਾਰ ਹੋਈ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ 20 ਮਈ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਦੀਪ ਹਥਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸਨੂੰ ਉਸੇ ਦਿਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਆਗੂਆਂ ਸਮੇਤ ਮੈਜੀਸਟ੍ਰੇਟ ਦੇ ਅੱਗੇ ਪੇਸ਼ ਕਰਕੇ ਸੰਗਰੂਰ ਜੇਲ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਸੁਖਦੀਪ ਹਥਨ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ 20 ਮਈ ਦੇ ਪ੍ਰੋਗਰਾਮ ਨਾਲ ਸਬੰਧਿਤ ਪੋਸਟਾਂ ਫੇਸਬੁਕ ਅਤੇ ਹੋਰਨਾਂ ਸੋਸ਼ਲ ਮੀਡੀਆ ਪਲੈਟਫਾਰਮਾ ਉੱਪਰ ਪਾਉਣ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਕਮਲਦੀਪ ਕੌਰ, ਜਿਲਾ ਖਜਾਨਚੀ ਜਗਰਾਜ ਸਿੰਘ ਤੇ ਜਿਲ੍ਹਾ ਆਗੂ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਮੋਦੀ ਸਰਕਾਰ ਦੀ ਤਰ੍ਹਾਂ ਵਿਵਹਾਰ ਕਰ ਰਹੀ ਹੈ ਹੈ। ਜਿੱਥੇ ਮੋਦੀ ਸਰਕਾਰ ਦੇਸ਼ ਭਰ ਵਿੱਚ ਵਿਰੋਧੀ ਆਵਾਜ਼ਾਂ ਨੂੰ ਡੰਡੇ ਦੇ ਜ਼ੋਰ ਉੱਪਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਪੰਜਾਬ ਸਰਕਾਰ ਪੰਜਾਬ ਵਿੱਚ ਉੱਠਣ ਵਾਲੀਆਂ ਵਿਰੋਧੀਆਂ ਆਵਾਜ਼ਾਂ ਨੂੰ ਦਬਾ ਰਹੀ ਹੈ। ਪੰਜਾਬ ਸਰਕਾਰ ਲੋਕਾਂ ਦੀ ਜੁਬਾਨ ਬੰਦੀ ਦੇ ਰਾਹ ਪਈ ਹੋਈ ਹੈ। ਜਿਸ ਦੀ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਆਗੂਆਂ ਨੇ ਦੱਸਿਆ ਕਿ ਸੰਗਰੂਰ ਜੇਲ ਵਿੱਚ ਬੰਦ 125 ਦੇ ਕਰੀਬ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹੱਥਨ ਨਾਲ ਬੜਾ ਹੀ ਅਣਮਨੁੱਖੀ ਰਵਈਆ ਅਪਣਾਇਆ ਜਾ ਰਿਹਾ ਹੈ। 24 ਘੰਟੇ ਆਗੂਆਂ ਨੂੰ ਬੰਦੀ ਵਿੱਚ ਰੱਖਿਆ ਜਾ ਰਿਹਾ ਹੈ, ਉਹਨਾਂ ਨੂੰ ਪੀਣ ਲਈ ਸਾਫ ਪਾਣੀ ਤੇ ਸਾਫ ਭੋਜਨ ਨਹੀਂ ਦਿੱਤਾ ਜਾ ਰਿਹਾ। ਇਥੋਂ ਤੱਕ ਕਿ ਪਰਿਵਾਰ ਵੱਲੋਂ ਭੇਜੇ ਕੱਪੜੇ ਅਤੇ ਹੋਰ ਜਰੂਰੀ ਸਮਾਨ ਵੀ ਕਾਰਕੁਨਾਂ ਨੂੰ ਨਹੀਂ ਦਿੱਤੇ ਜਾ ਰਹੇ। ਇਸ ਤੋਂ ਇਲਾਵਾ ਸੰਗਰੂਰ ਜੇਲ ਵਿੱਚ ਬੰਦ ਕਾਰਕੁਨਾਂ ਵਿੱਚੋਂ ਕੁਝ ਵਿਿਦਆਰਥੀ ਹਨ, ਜਿਨਾਂ ਦੇ ਪੇਪਰ ਚੱਲ ਰਹੇ ਹਨ ਪਰ ਉਹਨਾਂ ਨੂੰ ਪੇਪਰ ਦੇਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਜੋ ਕਿ ਸਰਾਸਰ ਵਿਿਦਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਮਜ਼ਦੂਰ ਵਿਿਦਆਰਥੀਆਂ ਨੂੰ ਉਹਨਾਂ ਦੇ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕਰ ਰਹੀ ਹੈ ਅਤੇ ਰਜਵਾੜਿਆਂ ਤੇ ਘੜੰਮ ਚੌਧਰੀਆਂ ਦੀ ਪਿੱਠ ਤੇ ਖੜੀ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਪੰਜਾਬ ਸਰਕਾਰ ਦੇ ਇਸ ਤਾਨਾਸ਼ਾਹੀ ਭਰੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਗ੍ਰਿਫਤਾਰ ਕੀਤੇ ਸਾਰੇ ਹੀ ਆਗੂਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰਦੀ ਹੈ ਅਤੇ ਜੇਕਰ ਇਹਨਾਂ ਆਗੂਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਇਸ ਖ਼ਿਲਾਫ਼ ਪੀ.ਐਸ.ਯੂ ਵੱਡਾ ਸੰਘਰਸ਼ ਵਿੱਢੇਗੀ।
No comments
Post a Comment