BREAKING NEWS
latest

728x90

 


468x60

‘ਇਕ ਦਿਨ ਡਿਪਟੀ ਕਮਿਸ਼ਨਰ ਦੇ ਸੰਗ’ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੰਜਾਬ ਸਰਕਾਰ ਦੀ ਪਰਵਾਜ਼

 


ਸਰਕਾਰੀ ਸਕੂਲਾਂ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਇਕ ਦਿਨ ਡੀ.ਸੀ.ਨਾਲ ਬਿਤਾਕੇ ਪ੍ਰਸ਼ਾਸਨਿਕ ਕਾਰਜਪ੍ਰਣਾਲੀ ਦਾ ਕੀਤਾ ਵਿਹਾਰਿਕ ਅਨੁਭਵ


ਮਾਲੇਰਕੋਟਲਾ, 29 ਮਈ (ਸਰਬਜੀਤ ਸਿੰਘ ਰਟੋਲਾਂ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਾਗੂ ਕੀਤੀ ਗਈ ਪ੍ਰੇਰਨਾਦਾਇਕ ਅਤੇ ਦੂਰਅੰਦੇਸ਼ੀ ਵਾਲੀ ਪਹਿਲਕਦਮੀ ‘ਇਕ ਦਿਨ ਡਿਪਟੀ ਕਮਿਸ਼ਨਰ ਦੇ ਸੰਗ’ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੀਆਂ ਚੋਟੀ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਨਾਲ ਇੱਕ ਦਿਨ ਬਿਤਾਇਆ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੱਥਣ ਦੀ ਵਿਦਿਆਰਥਣ ਕੋਮਲਵੀਰ ਕੌਰ, ਸਕੂਲ ਆਫ ਐਮੀਨੈਂਸ ਬਾਗੜੀਆਂ ਦੀ ਮਨਜੋਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੀ ਆਸੀਮਾ ਮਾਨ ਨੇ ਪ੍ਰਸ਼ਾਸਨਿਕ ਕਾਰਜਪ੍ਰਣਾਲੀ ਨੂੰ ਨਜ਼ਦੀਕੋਂ ਵੇਖਣ ਦਾ ਵਿਸ਼ੇਸ਼ ਮੌਕਾ ਪ੍ਰਾਪਤ ਕੀਤਾ। ਇਹ ਵਿਦਿਆਰਥਣਾਂ ਅੱਜ ਸਵੇਰੇ ਡੀ.ਸੀ. ਨਿਵਾਸ 'ਤੇ ਪਹੁੰਚੀਆਂ, ਜਿਥੇ ਉਨ੍ਹਾਂ ਦਾ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ । ਡਿਪਟੀ ਕਮਿਸ਼ਨਰ ਨੂੰ ਮਿਲ ਕੇ ਵਿਦਿਆਰਥਣਾਂ ਨਾਲ ਸੁਹਿਰਦ ਪੂਰਨ ਗੱਲਬਾਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਧਰਮ ਪਤਨੀ ਸ਼ਰੁਤਿਕਾ ਵੀ ਮੌਜੂਦ ਸਨ ।

         ਨਾਸ਼ਤੇ ਦੌਰਾਨ ਵਿਦਿਆਰਥਣਾਂ ਨੇ ਆਪਣੇ ਅਕਾਦਮਿਕ ਤਜਰਬਿਆਂ, ਰੁਚੀਆਂ, ਭਵਿੱਖੀ ਲਕੜੀਆਂ, ਅਤੇ ਪੜ੍ਹਾਈ ਦੌਰਾਨ ਆਉਣ ਵਾਲੇ ਤਣਾਅ ਨੂੰ ਮੈਨੇਜ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਵੀ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਆਪਣਾ ਪ੍ਰਸ਼ਾਸਨਿਕ ਅਨੁਭਵ ਸਾਂਝਾ ਕੀਤਾ । ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਹੋਣਹਾਰ ਬੱਚਿਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਤਬਦੀਲ ਕਰਨ ਲਈ ਅਗਵਾਈ ਦੇਣਾ ਹੈ ।

     ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਡੀ.ਸੀ. ਦਫਤਰ ਦੇ ਵੱਖ ਵੱਖ ਵਿਭਾਗਾਂ ਦੀ ਕੰਮਕਾਜੀ ਪ੍ਰਕਿਰਿਆ ਨੂੰ ਵੇਖਣ ਲਈ ਲਿਜਾਇਆ ਗਿਆ। ਉਨ੍ਹਾਂ ਨੇ ਦਿਨ ਭਰ ਚੱਲਣ ਵਾਲੀਆਂ ਮੀਟਿੰਗਾਂ, ਫਾਇਲ ਨਿਪਟਾਰਾ, ਲੋਕ ਮੁੱਦਿਆਂ, ਨਿਤੀ-ਨਿਰਧਾਰਣ, ਆਦਿ ਦੀ ਕਾਰਜਪ੍ਰਣਾਲੀ ਦਾ ਨੇੜੀਓ ਅਨੁਭਵ ਕੀਤਾ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਮੁੱਖ ਮੰਤਰੀ ਫ਼ੀਲਡ ਅਫ਼ਸਰ -ਕਮ- ਸਹਾਇਕ ਕਮਿਸ਼ਨਰ ਰਾਕੇਸ਼ ਪ੍ਰਕਾਸ਼ ਗਰਗ ਨਾਲ ਵੀ ਮੁਲਾਕਾਤ ਕੀਤੀ । ਇਸ ਉਪਰੰਤ ਭਵਿੱਖ ਨੂੰ ਅੱਖਾਂ ਵਿੱਚ ਸਨਜੋਏ ਹੋਣਹਾਰ ਵਿਦਿਆਰਥੀਆਂ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਮੀਟਿੰਗ ਦਾ ਹਿੱਸਾ ਬਣਕੇ ਵਿਵਹਾਰਿਕ ਕਾਰਜਪ੍ਰਣਾਲੀ ਨੂੰ ਨੇੜੇ ਤੋਂ ਜਾਣਿਆਂ।    

    ਵਿਦਿਆਰਥਣਾਂ ਨੇ ਪ੍ਰਸਾਸਨਿਕ ਅਧਿਕਾਰੀਆਂ ਕੋਲੋਂ ਇਸ ਮੁਕਾਮ ਤੱਕ ਪੁੱਜਣ ਦੇ ਰਸਤਿਆਂ ਵਿੱਚ ਆਈਆਂ ਮੁਸਕਲਾਂ ਬਾਰੇ ਸਵਾਲ ਕੀਤੇ ਅਤੇ ਅਧਿਕਾਰੀਆਂ ਵਲੋਂ ਵਿਸਥਾਰ ਵਿੱਚ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ ਅਤੇ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨਾਲ ਦੁਪਹਿਰ ਦਾ ਖਾਣਾ ਖਾਧਾ। ਇਸ ਉਪਰੰਤ ਜ਼ਿਲ੍ਹੇ ਦੀ ਅਵੱਲ ਰਹੀਆਂ ਵਿਦਿਆਰਥਣਾਂ ਨੇ ਡਿਪਟੀ ਕਮਿਸਨਰ ਦੇ ਕੋਰਟ ਵਰਕ ਨੂੰ ਬੜੀ ਬਾਰੀਕੀ ਨਾਲ ਦੇਖਿਆ। ਚਾਹ ਸਮੇਂ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਪਣੇ ਯੂ.ਪੀ.ਐਸ.ਸੀ.ਦਾ ਪੇਪਰ ਪਾਸ ਕਰਨ ਅਤੇ ਇਸ ਮੁਕਾਮ ਤੱਕ ਪੁੱਜਣ ਦਾ ਸਫ਼ਰ ਸਾਂਝਾ ਕਰਦਿਆਂ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਤੇ ਕਦੇ ਵੀ ਹਾਰ ਨਾ ਮੰਨਣ ਦਾ ਸਫ਼ਲਤਾ ਦਾ ਗੂਰ ਮੰਤਰ ਦਿੱਤਾ। 

     ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਨਾਲ ਜੋੜਨਾ, ਉਨ੍ਹਾਂ ਨੂੰ ਜ਼ਿੰਮੇਵਾਰੀ ਭਰਪੂਰ ਅਹੁਦੇ ਅਤੇ ਕੰਮਕਾਜ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣਾ ਸੀ। ਦਿਨ ਦੇ ਅੰਤ ਵਿੱਚ ਵਿਦਿਆਰਥਣਾਂ ਨੇ ਇਸ ਅਨੁਭਵ ਨੂੰ ਯਾਦਗਾਰ, ਵਿਦਿਆਪੂਰਨ ਅਤੇ ਉਨ੍ਹਾਂ ਦੇ ਭਵਿੱਖ ਲਈ ਦਿਸ਼ਾ ਦਰਸ਼ਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਇਸ ਤਜਰਬੇ ਰਾਹੀਂ ਪ੍ਰੇਰਿਤ ਹੋ ਕੇ ਅੱਗੇ ਚੱਲ ਕੇ ਸਿਵਲ ਸਰਵਿਸ ਜਾਂ ਹੋਰ ਜ਼ਿੰਮੇਵਾਰ ਅਹੁਦਿਆਂ ਦੀ ਤਿਆਰੀ ਕਰਣ ਲਈ ਹੋਰ ਉਤਸ਼ਾਹਤ ਹੋਈਆਂ ਹਨ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਵਿਦਿਆਰਥਣਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨੌਜਵਾਨਾਂ ਲਈ ਇੱਕ ਵਧੀਆ ਮੌਕਾ ਹੈ ਕਿ ਉਹ ਪ੍ਰਸ਼ਾਸਨਕ ਕੰਮਕਾਜ ਨੂੰ ਸਮਝ ਸਕਣ ਅਤੇ ਆਪਣੇ ਸੁਪਨੇ ਨਿਰਧਾਰਤ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਵਿਦਿਆਰਥੀਆਂ ਦੇ ਅੰਦਰ ਨਵੀ ਸੋਚ ਅਤੇ ਆਤਮ ਵਿਸ਼ਵਾਸ ਪੈਦਾ ਕਰ ਰਹੀ ਹੈ। ਇਸ ਮੌਕੇ ਲੈਕਚਰਾਰ ਰਚਨਾ ਕਾਮਰਾ, ਲੈਕਚਰਾਰ ਰਮਨਦੀਪ ਕੌਰ ਅਤੇ ਸਾਇੰਸ ਮਾਸਟਰ ਹਰਪ੍ਰੀਤ ਸਿੰਘ ਵੀ ਮੌਜੂਦ ਸਨ।

« PREV
NEXT »

Facebook Comments APPID