ਲੁਧਿਆਣਾ ਜਿਮਨੀ ਚੋਣ! ਭਾਜਪਾ ਦੇ ਕੈਡਰ ਵੋਟ ਨੂੰ ਕੌਣ ਲਾਏਗਾ ਸੰਨ?
ਜੀਵਨ ਗੁਪਤਾ ਭਾਜਪਾ ਦਾ ਮਜਬੂਤ ਪੱਤਾ ਕਿ ਆਪ ਦਾ ਅਰੋੜਾ ਜਾਂ ਕਾਂਗਰਸ ਦਾ ਆਸ਼ੂ?
ਲੁਧਿਆਣਾ 31 ਮਈ (ਗੁਰਿੰਦਰ ਕੌਰ ਮਹਿਦੂਦਾਂ) ਲੁਧਿਆਣਾ ਦੀ ਪੱਛਮੀਂ ਵਿਧਾਨ ਸਭਾ ਦੀ ਜਿਮਨੀ ਚੋਣ ਨੂੰ ਲੈਕੇ ਭਾਜਪਾ ਨੇ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਉਮੀਦਵਾਰ ਦੇਣ 'ਚ ਦੇਰੀ ਜਰੂਰ ਕੀਤੀ ਪਰ ਜਿਸ ਪ੍ਰਕਾਰ ਉਨ੍ਹਾਂ ਇਸ ਹਲਕੇ ਤੋਂ ਪਹਿਲਾਂ ਚੋਣ ਲੜ੍ਹ ਚੁੱਕੇ ਸੀਨੀਅਰ ਵਕੀਲ ਵਿਕਰਮ ਸਿੰਘ ਸਿੱਧੂ ਨੂੰ ਨਜਰ ਅੰਦਾਜ ਕਰਕੇ ਪਾਰਟੀ ਦੀ ਜੜ੍ਹ ਨਾਲ ਜੁੜੇ ਸੂਬਾਈ ਆਗੂ ਜੀਵਨ ਗੁਪਤਾ ਨੂੰ ਟਿਕਟ ਨਾਲ ਨਿਵਾਜਿਆ ਹੈ ਉਹ ਭਾਜਪਾ ਦੀ ਦੂਰ ਅੰਦੇਸੀ ਵਾਲਾ ਸਹੀ ਫੈਸਲਾ ਕਿਹਾ ਜਾ ਸਕਦਾ ਹੈ। ਅਦਾਰਾ ਦੇਸ਼ ਦੁਨੀਆਂ ਭਾਜਪਾ ਦੀ ਕੱਟੜਵਾਦੀ ਨਬਜ ਨੂੰ ਸਮਝਦੇ ਹੋਏ ਭਾਜਪਾ ਆਗੂਆਂ ਕੋਲ ਪਹਿਲਾਂ ਹੀ ਏਹ ਗੱਲ ਕਰ ਚੁੱਕਾ ਸੀ ਕਿ ਟਿਕਟ ਸਿੱਧੂ ਦੀ ਬਜਾਏ ਜੀਵਨ ਗੁਪਤਾ ਨੂੰ ਹੀ ਦਿੱਤੀ ਜਾਵੇਗੀ। ਜੀਵਨ ਗੁੁਪਤਾ ਦੇ ਰੂਪ 'ਚ ਭਾਜਪਾ ਇਸ ਵਾਰ ਕਮਲ ਦਾ ਫੁੱਲ ਖਿੜਾਉਣ ਦੇ ਰੋਅ 'ਚ ਸਫਲ ਹੁੰਦੀ ਦਿਖਾਈ ਦੇ ਰਹੀ ਹੈ। ਏਹ ਕੋਈ ਸਰਵੇ ਨਹੀਂ ਬਲਕਿ ਇੱਕ ਚਰਚਾ ਹੈ ਜਿਸ ਉੱਤੇ ਪਾਠਕਾਂ ਦੀਆਂ ਟਿੱਪਣੀਆਂ ਆਉਣੀਆਂ ਜਰੂਰੀ ਹਨ।
ਜਿੱਥੋਂ ਤੱਕ ਭਾਜਪਾ ਦੀ ਕੱਟੜਪੰਥੀ ਜੱਗ ਜਾਹਰ ਹੈ, ਜੀਵਨ ਗੁਪਤਾ ਨੂੰ ਟਿਕਟ ਦਿੱਤੇ ਜਾਣ ਕਾਰਨ ਭਾਜਪਾ ਨੂੰ ਲੋਕ ਸਭਾ 'ਚ ਪਈ ਸਾਢੇ 45 ਹਜਾਰ ਵੋਟ ਉਸਦੇ ਮਜਬੂਤ ਕੈਡਰ ਕਾਰਨ ਅਜੇ ਤੱਕ ਤਾਂ ਘੱਟਦੀ ਦਿਖਾਈ ਨਹੀਂ ਦੇ ਰਹੀ। ਕਈਆਂ ਦਾ ਦਾਅਵਾ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਦਾ ਵੀ ਹੈ ਪਰ ਕੀ ਆਸ਼ੂ ਭਾਜਪਾ ਦੇ ਕੈਡਰ ਵੋਟ ਨੂੰ ਤੋੜ ਪਾਏਗਾ, ਜਿਸ ਉੱਤੇ ਹੁਣ "ਸਿੰਦੂਰ" ਦਾ ਰੰਗ ਵੀ ਚੜ੍ਹਿਆ ਹੋਇਆ ਹੈ। ਏਹ ਵੱਡਾ ਸਵਾਲ ਹੈ। ਏਹੀ ਸਵਾਲ ਸੱਤਾਧਾਰੀ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਲਈ ਹੈ ਕਿ ਕੀ ਉਹ ਭਾਜਪਾ ਦੀ ਕੈਡਰ ਵੋਟ ਭਾਵ ਕੱਟੜ ਵੋਟ ਨੂੰ ਸੰਨ ਲਗਾ ਪਾਏਗਾ? ਕਈਆਂ ਦਾ ਤਰਕ ਹੈ ਕਿ ਆਸ਼ੂ ਵੋਟ ਵਧਾ ਰਿਹਾ ਹੈ ਜੋ ਸੱਚ ਵੀ ਹੈ ਪਰ ਉਹ ਕਿਸਦੀ ਵੋਟ ਤੋੜਕੇ ਵਧਾ ਰਿਹਾ ਹੈ ਸਵਾਲ ਏਹ ਵੀ ਹੈ? ਕੀ ਉਸ ਵਿੱਚ ਭਾਜਪਾ ਦੀ ਵੋਟ ਵੀ ਸ਼ਾਮਿਲ ਹੈ? ਕਈ ਲੋਕ ਸਭਾ 'ਚ ਸਾਢੇ 22 ਹਜਾਰ 'ਤੇ ਖੜ੍ਹੀ ਸੱਤਾਧਾਰੀ ਪਾਰਟੀ ਆਪ ਦੇ ਉਮੀਦਵਾਰ ਲਈ ਏਹੀ ਸ਼ਬਦ ਵਰਤ ਰਹੇ ਹਨ। ਸੱਤਾਧਾਰੀ ਪਾਰਟੀ ਦਾ ਉਮੀਦਵਾਰ ਲੋਕ ਸਭਾ ਦੀ 22 ਹਜਾਰ ਤੋਂ ਕਿੰਨੀ ਛਾਲ ਲਗਾ ਦੇਵੇਗਾ ਅਜੇ ਏਹੀ ਵੱਕਾਰ ਹੈ। ਸੱਤਾਧਾਰੀ ਹੋਣ ਦਾ ਮਤਲਬ ਏਹ ਨਹੀਂ ਕਿ ਪੱਛਮੀਂ ਵਿਧਾਨ ਸਭਾ ਦੇ ਲੋਕ ਬਿਨ੍ਹਾਂ ਸੋਚੇ ਸਮਝੇ ਵੋਟ ਪਾ ਦੇਣਗੇ। ਸੱਤਾਧਾਰੀ ਹੋਣ ਦਾ ਭਾਜਪਾ ਦੀ ਵੋਟ 'ਤੇ ਕਿਵੇਂ ਅਸਰ ਪਾਇਆ ਜਾ ਸਕਦਾ ਅਸਲ ਗਣਿਤ ਏਹ ਹੈ। ਕਾਂਗਰਸ ਤੇ ਆਪ ਦੀ ਵੋਟ ਵਧਾਉਣ ਦੀ ਗੱਲ ਸਮਝ ਤੋਂ ਹੀ ਪਰ੍ਹੇ ਹੈ, ਭਾਜਪਾ ਦੀ ਵੋਟ ਕੱਟੜਵਾਦ ਕਾਰਨ ਘੱਟਦੀ ਦਿਖਾਈ ਨਹੀਂ ਦੇ ਰਹੀ ਤੇ ਫੇਰ ਕੀ ਦੋਵੇਂ ਪਾਰਟੀਆਂ ਲੋਕ ਸਭਾ 'ਚ 5600 ਸੌ 'ਤੇ ਸਿਮਟੇ ਅਕਾਲੀ ਦਲ ਦੀ ਵੋਟ ਨੂੰ ਖੋਰਾ ਲਗਾਉਣਗੀਆਂ? ਜਿੱਥੇ ਸੀਨੀਅਰ ਵਕੀਲ ਪਰਉਪਕਾਰ ਸਿੰਘ ਘੁੰਮਣ ਵੀ ਨਿੱਜੀ ਤੌਰ 'ਤੇ ਮਜਬੂਤੀ ਨਾਲ ਖੜਾ ਦਿਖਾਈ ਦੇ ਰਿਹਾ ਹੈ। ਸੱਤਾਧਾਰੀ ਹੋਵੇ ਜਾਂ ਕਾਂਗਰਸ ਦੋਵਾਂ ਦਾ ਧਿਆਨ ਜੇਕਰ ਭਾਜਪਾ ਦੀ ਟੀਸੀ 'ਤੇ ਨਾ ਗਿਆ ਤਾਂ ਦੋਵੇਂ ਟੱਪਲਾ ਖਾਹ ਜਾਣਗੀਆਂ ਤੇ ਬਾਜੀ ਜੀਵਨ ਗੁਪਤਾ ਮਾਰ ਜਾਵੇਗਾ।
ਪੌਣੇ 2 ਲੱਖ ਤੋਂ ਜਿਆਦਾ ਵੋਟ ਵਾਲੇ ਇਸ ਹਲਕੇ ਦੇ ਵਿਧਾਨ ਸਭਾ ਨਤੀਜੇ 'ਤੇ ਨਜਰ ਮਰਾ ਕੇ ਸੱਤਾਧਾਰੀਆਂ ਦਾ ਏਹ ਵਹਿਮ ਵੀ ਦੂਰ ਕਰ ਦਿੰਦੇ ਹਾਂ ਕਿ ਉਹ ਜਿੱਤ ਦੇ ਨੇੜੇ ਹਨ। ਉਦੋਂ 40000 ਤੋਂ ਜਿਆਦਾ ਮਰਹੂਮ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੂੰ ਵੋਟ ਪਏ ਸਨ ਜਿਸਦੀ ਅਪਣੀ ਇੱਕ ਖੁਸ਼ਮਿਜਾਜ ਤੇ ਲੋਕਾਂ 'ਚ ਵਿਚਰਨ ਵਾਲੀ ਸ਼ਵੀ ਸੀ ਜਿਸਦੇ ਬੱਲ 'ਤੇ ਉਸਨੇ ਅਪਣੇ ਮਿੱਤਰ ਨੂੰ ਪਟਕਣੀ ਮਾਰ ਦਿੱਤੀ। ਉਨ੍ਹਾਂ ਦੇ ਉਸ ਮਿੱਤਰ ਕਾਂਗਰਸੀ ਉਮੀਦਵਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 33 ਹਜਾਰ ਤੋਂ ਘੱਟ ਵੋਟ ਪਏ ਸਨ, ਭਾਜਪਾ ਦੇ ਐਡਵੋਕੇਟ ਵਿਕਰਮ ਸਿੱਧੂ ਨੂੰ 28 ਹਜਾਰ ਦੇ ਕਰੀਬ ਜਦਕਿ ਅਕਾਲੀ ਦਲ ਦੇ ਧੁਰੰਤਰ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ 10000 ਵੋਟ ਵੀ ਨਹੀ ਲੈ ਪਾਏ ਸਨ। ਸਵਾਲ ਸੰਜੀਵ ਅਰੋੜਾ, 40000 ਦੇ ਇਸ ਅੰਕੜੇ ਤੱਕ ਕਿਵੇਂ ਪਹੁੰਚ ਪਾਏਗਾ? ਸੱਤਾਧਾਰੀ ਆਮ ਆਦਮੀਂ ਪਾਰਟੀ ਵੱਲੋਂ ਇਸ ਹਲਕੇ 'ਚ ਅਜਿਹਾ ਕੀ ਕੀਤਾ ਗਿਆ ਜਿਸ ਨਾਲ ਉਸਨੂੰ ਲੋਕ ਲੀਡਰ ਮਰਹੂਮ ਗੁਰਪ੍ਰੀਤ ਗੋਗੀ ਵਾਲਾ ਸਥਾਨ ਮੁੜ ਮਿਲ ਜਾਵੇਗਾ? ਸੱਤਾਧਾਰੀ ਪਾਰਟੀ ਨੂੰ ਅੱਤ ਦੀ ਗਰਮੀਂ 'ਚ ਟੋਟਲ ਵੋਟਿੰਗ ਵੀ ਵਧਾਉਣੀ ਹੋਵੇਗੀ ਕਿਉਂਕਿ ਜੇਕਰ ਵੋਟਿੰਗ ਘੱਟ ਹੋਈ ਤਾਂ ਇਸ ਦਾ ਸਿੱਧਾ ਸਿੱਧਾ ਫਾਇਦਾ ਭਾਜਪਾ ਤੇ ਕਾਂਗਰਸ ਨੂੰ ਹੋਵੇਗਾ ਕਿਉਂਕਿ ਦੋਵਾਂ ਪਾਰਟੀਆਂ ਤੋਂ ਬਿਨ੍ਹਾਂ ਅੱਜ ਕਿਸੇ ਹੋਰ ਪਾਰਟੀ ਕੋਲ ਕੈਡਰ ਦੀ ਵੋਟ ਨਹੀਂ ਹੈ।
ਅਜੇ ਵੋਟਿੰਗ 'ਚ ਬਹੁਤ ਦਿਨ ਹਨ ਤੇ ਸਿਆਸਤ 'ਚ ਤਾਂ ਪੱਲ-ਪੱਲ 'ਤੇ ਸਮੀਕਰਨ ਬਦਲ ਜਾਂਦੇ ਹਨ। ਅਜੇ ਤਾਂ ਸਿਆਸਤਾਂ ਹੋਣੀਆਂ ਹਨ ਜਿਹੜੀਆਂ ਪੱਲਾਂ 'ਚ ਹੁਣ ਦੇ ਗਣਿਤ ਨੂੰ ਖੂਹ ਖਾਤੇ ਪਾ ਦੇਣਗੀਆਂ। ਅਜੇ ਤਾਂ ਅੰਦਰ ਖਾਤੇ ਕਿਸ ਨੂੰ ਜਿਤਾਉਣਾ ਕਿਸ ਅਪਣੇ ਨੂੰ ਹਰਾਉਣਾ ਏਹ ਖੇਡਾਂ ਖੇਡੀਆਂ ਜਾਣੀਆਂ ਹਨ। ਅਜੇ ਤਾਂ ਸੱਤਾ ਨੇ ਰੰਗ ਦਿਖਾਉਣਾ।ਅਜੇ ਤਾਂ ਧੜ੍ਹੇਬੰਦੀਆਂ ਨੇ ਕਲਾ ਬਾਜੀਆਂ ਮਾਰਨੀਆਂ। ਅਜੇ ਤਾਂ ਵੋਟ ਟਰਾਂਸਫਰ ਦੀ ਖੇਡ ਖੇਡੀ ਜਾਣੀ ਆ। ਅਜੇ ਤਾਂ ਪੁਰਾਣੀਆਂ ਯਾਰੀਆਂ ਉਸੇ ਪ੍ਰਕਾਰ ਨਿਭਾਈਆਂ ਜਾਣੀਆਂ ਜਿਵੇਂ ਭੁਤਕਾਲ ‘ਚ ਨਿੱਭੀਆਂ। ਅਜੇ ਤਾਂ ਲੋਕਾਂ ਨੇ ਪਤਾ ਨਹੀਂ ਕੀ-ਕੀ ਵੇਚਣਾ। ਅਜੇ ਤਾਂ ਲੋਕਾਂ ਨੇ ਕੀ-ਕੀ ਭੁੱਲਣਾ, ਅਜੇ ਤਾਂ ਕਿਹੜਾ-ਕਿਹੜਾ ਕੌੜਾ ਘੁੱਟ ਪੀਤਾ ਜਾਣਾ। ਅਜੇ ਤਾਂ ਬਹੁਤ ਕੁਝ ਬਾਕੀ ਹੈ,,,,,,,,
No comments
Post a Comment