ਜਿਮਨੀ ਚੋਣ ਤੋਂ ਪਹਿਲਾਂ ਸਿਆਸਤ 'ਚ ਵੱਡਾ ਧਮਾਕਾ, ਕਈ ਭਾਜਪਾ ਅਤੇ ਆਪ ਆਗੂਆਂ ਨੇ ਫੜਿਆ ਕਾਂਗਰਸ ਦਾ ਹੱਥ
ਲੁਧਿਆਣਾ 30 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਜਿਮਨੀ ਚੋਣ ਤੋਂ ਪਹਿਲਾਂ ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਹੈ। ਕਾਂਗਰਸ ਨੇ ਆਮ ਆਦਮੀ ਪਾਰਟੀ) ਅਤੇ ਭਾਰਤੀ ਜਨਤਾ ਪਾਰਟੀ ਨੂੰ ਲੁਧਿਆਣਾ ਵਿੱਚ ਵੱਡਾ ਝਟਕਾ ਦਿੰਦਿਆ ਭਾਜਪਾ ਦੇ ਕੌਂਸਲਰ ਅਤੇ ਹਲਕਾ ਪੱਛਮੀ ਦੇ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੇ ਭਾਣਜੇ ਸਮੇਤ ਕਈਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਮਜਬੂਤ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਕਾਂਗਰਸ ਦੇ ਉਮੀਦਵਾਰ ਅਤੇ ਸੀਨੀਅਰ ਹਾਈ ਕਮਾਂਡ ਦੀ ਅਗਵਾਈ ਚ ਲੁਧਿਆਣਾ ਦੇ ਵਾਰਡ ਨੰਬਰ 58 ਦੇ ਮੌਜੂਦਾ ਕੌਂਸਲਰ ਸੰਨੀ ਮਾਸਟਰ, ਹਲਕਾ ਦਾਖਾ ਤੋਂ ਭਾਜਪਾ ਆਗੂ ਕਰਨ ਵੜਿੰਗ ਅਤੇ ਸਵਰਗੀ ਵਿਧਾਇਕ ਗੁਰਪ੍ਰੀਤ ਗੋਗੀ ਦੇ ਭਾਣਜੇ ਪਰਮਵੀਰ ਸਿੰਘ ਰੌਨੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ, ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ, ਈਸ਼ਵਰਜੋਤ ਚੀਮਾ ਅਤੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕੀਤਾ। ਸੰਨੀ ਮਾਸਟਰ, ਕਰਨ ਵੜਿੰਗ ਅਤੇ ਪਰਮਵੀਰ ਸਿੰਘ ਰੌਨੀ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਆਮ ਆਦਮੀ ਪਾਰਟੀ ਅਤੇ ਭਾਜਪਾ ਲਈ ਇੱਕ ਵੱਡਾ ਝਟਕਾ ਹੈ। ਉੱਥੇ ਹੀ ਲੁਧਿਆਣਾ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੋਕ ਲਗਾਤਾਰ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਮੌਜੂਦਾ ਕੌਂਸਲਰ ਵੀ ਸ਼ਾਮਲ ਹੋ ਗਏ ਹਨ। ਆਸ਼ੂ ਨੇ ਕਿਹਾ ਕਿ ਮੈਂ ਕਿਸੇ ਹੋਰ ਵਿਰੋਧੀ ਧਿਰ ਬਾਰੇ ਕੁਝ ਨਹੀਂ ਕਹਾਂਗਾ। ਮੇਰਾ ਮੰਨਣਾ ਹੈ ਕਿ ਕਿਸੇ ਨੂੰ ਕੁਝ ਕਹਿਣ ਦੀ ਬਜਾਏ, ਆਪਣੀ ਲਕੀਰ ਵੱਡੀ ਕਰ ਦਿਓ। ਦੱਸ ਦਈਏ ਕਿ ਚੋਣਾਂ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਅਤੇ ਭਾਜਪਾ ਲਈ ਵੱਡਾ ਝਟਕਾ ਹੈ, ਇੰਨੇ ਆਗੂਆਂ ਦਾ ਪਾਰਟੀ ਬਦਲਣਾ ਲੁਧਿਆਣਾ ਵਿੱਚ ਕਿਤੇ ਨਾ ਕਿਤੇ ਕਾਂਗਰਸ ਦੀ ਸਥਿਤੀ ਮਜਬੂਤ ਹੋਣ ਦਾ ਇਸ਼ਾਰਾ ਕਰ ਰਹੀ ਹੈ।
No comments
Post a Comment