ਯੁੱਧ ਨਸ਼ਿਆਂ ਵਿਰੁੱਧ ਜ਼ੋਰ-ਸ਼ੋਰ ਨਾਲ ਜ਼ਾਰੀ : ਵਿਧਾਇਕਾ ਨਰਿੰਦਰ ਕੌਰ ਭਰਾਜ
ਸੰਗਰੂਰ, 24 ਮਈ (ਹਰਪਾਲ ਸਿੰਘ ਘਾਬਦਾਂ) ਵਿਧਾਇਕਾ ਸੰਗਰੂਰ, ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਨਸ਼ਾ ਮੁਕਤੀ ਯਾਤਰਾ ਵਿੱਚ ਲੋਕ ਆਪ ਅੱਗੇ ਆ ਕੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਕਰਵਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਲੋਕ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਤੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦਾ ਪ੍ਰਣ ਲੈ ਰਹੇ ਹਨ। ਹਲਕਾ ਵਿਧਾਇਕਾ ਅੱਜ ਪਿੰਡ ਖੇੜੀ ਗਿੱਲਾਂ, ਲੱਖੇਵਾਲ ਅਤੇ ਨੂਰਪੁਰਾ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਪਹੁੰਚੇ। ਉਹਨਾਂ ਕਿਹਾ ਕਿ ਲੋਕ ਆਪਣੇ ਪਿੰਡਾਂ ਦੇ ਪਹਿਰੇਦਾਰ ਖੁਦ ਬਣਨ ਪੰਜਾਬ ਸਰਕਾਰ ਉਹਨਾਂ ਦੀ ਹਰ ਤਰੀਕੇ ਨਾਲ ਮੱਦਦ ਕਰੇਗੀ। ਪੰਜਾਬ ਸਰਕਾਰ ਪਿੰਡਾਂ ਤੇ ਵਾਰਡਾਂ ਦੇ ਪਹਿਰੇਦਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਉਹ ਬਿਨਾਂ ਕਿਸੇ ਡਰ ਤੋਂ ਨਸ਼ਿਆਂ ਵਿਰੁੱਧ ਲੜਾਈ ਲੜਨ। ਉਹਨਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਸਿਆਸੀ ਜਾਂ ਪ੍ਰਸ਼ਾਸਨਿਕ ਦਬਾਅ ਨਹੀਂ ਪਾਇਆ ਜਾਵੇਗਾ, ਸਗੋਂ ਦੋਹਾਂ ਪੱਖਾਂ ਤੋਂ ਉਹਨਾਂ ਦੀ ਮੱਦਦ ਕੀਤੀ ਜਾਵੇਗੀ। ਉਹਨਾਂ ਪਿੰਡਾਂ ਦੇ ਲੋਕਾਂ ਨਸ਼ਿਆਂ ਵਿਰੁੱਧ ਡਟ ਕੇ ਲੜਨ ਦੀ ਸਹੁੰ ਚੁਕਾਈ।
ਵਿਧਾਇਕਾ ਨੇ ਦੱਸਿਆ ਕਿ ਸੂਬੇ ਵਿੱਚ ਵੱਡੀ ਗਿਣਤੀ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ 'ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ, ਜੋ ਕਿ ਲੋਕ ਹਿਤ ਵਿੱਚ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਬਲਕਿ ਇੱਕ ਸਮਾਜਿਕ ਸੰਕਲਪ ਹੈ ਅਤੇ ਉਹ ਸਮਾਜ ਦੇ ਹਰ ਵਰਗ, ਹਰ ਪੰਚਾਇਤ, ਹਰ ਨੌਜਵਾਨ, ਹਰ ਮਾਤਾ-ਪਿਤਾ ਨੂੰ ਅਪੀਲ ਕਰਦੇ ਹਨ ਕਿ ਇਸ ਅੰਦੋਲਨ ਨਾਲ ਜੁੜ ਕੇ ਇਸ ਨੂੰ ਸਫਲਤਾ ਦਾ ਜਾਮਾ ਪਹਿਨਾਇਆ ਜਾਵੇ।
ਵਿਧਾਇਕਾ ਭਰਾਜ ਨੇ ਦੱਸਿਆ ਕਿ ਜਾਗਰੂਕਤਾ ਸਭਾਵਾਂ ਦੌਰਾਨ ਲੋਕ ਉਹਨਾਂ ਨੂੰ ਮਿਲਦੇ ਹਨ ਅਤੇ ਸਰਕਾਰ ਵੱਲੋਂ ਆਰੰਭੇ ਇਸ ਵਿਸ਼ੇਸ਼ ਮਿਸ਼ਨ ਦੀ ਸਲਾਘਾ ਕਰਦੇ ਹਨ। ਨਸ਼ਾ ਮੁਕਤੀ ਯਾਤਰਾ ਨੂੰ ਪੂਰੇ ਹਲਕੇ ਵਿੱਚ ਲਗਾਤਾਰ ਚਲਾਇਆ ਜਾਵੇਗਾ ਅਤੇ ਹਰ ਪਿੰਡ, ਗਲੀ ਅਤੇ ਮੁਹੱਲੇ ਤੱਕ ਇਹ ਸੰਦੇਸ਼ ਪਹੁੰਚਾਇਆ ਜਾਵੇਗਾ ਕਿ ਨਸ਼ਾ ਨਹੀਂ ਜੀਵਨ ਚੁਣੋ।


No comments
Post a Comment