ਦਸਵੀਂ ਬੋਰਡ ਵਿੱਚੋਂ ਪੰਜਾਬ ਪਬਲਿਕ ਸਕੂਲ ਰੁਪਾਲੋਂ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੇ 93% ਨੰਬਰ ਲੈ ਕੇ ਆਪਣਾ, ਆਪਣੇ ਮਾਤਾ-ਪਿਤਾ ਅਤੇ ਸੰਸਥਾ ਦਾ ਨਾਮ ਕੀਤਾ ਰੌਸ਼ਨ
ਪਾਇਲ, 23 ਮਈ (ਮਨਪ੍ਰੀਤ ਸਿੰਘ ਰਣਦਿਓ) ਹਲਕੇ ਦੀ ਪ੍ਰਮੁੱਖ ਸਮਾਜ ਸੇਵੀ ਸ਼ਖਸੀਅਤ ਮਾਸਟਰ ਕਰਮਜੀਤ ਸਿੰਘ ਰਾਣੋ ਨੇ ਆਪਣੀ ਸੰਸਥਾ ਸਿੱਖਿਆ ਭਲਾਈ ਜਾਗਰੂਕਤਾ ਸੰਸਥਾ ਰਾਣੋ ਵੱਲੋਂ ਪੰਜਾਬ ਪਬਲਿਕ ਸਕੂਲ ਰੁਪਾਲੋਂ ਦੀ ਹੋਣਹਾਰ ਵਿਦਿਆਰਥਣ ਸਿਮਰਨਦੀਪ ਕੌਰ ਸਪੁੱਤਰੀ ਹੈੱਡ ਗ੍ਰੰਥੀ ਬਲਵੀਰ ਸਿੰਘ ਨੂੰ ਦਸਵੀਂ ਕਲਾਸ ਵਿੱਚੋਂ 93% ਨੰਬਰ ਲੈ ਕੇ ਫਸਟ ਆਉਣ 'ਤੇ 25 ਹਜਾਰ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸਮਾਜ ਸੇਵੀ ਮਾਸਟਰ ਕਰਮਜੀਤ ਸਿੰਘ ਰਾਣੋ ਨੇ ਬੱਚੀ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਆਖਿਆ ਕਿ ਸਾਡੀ ਸੰਸਥਾ ਭਵਿੱਖ ਵਿੱਚ ਵੀ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੀ ਰਹੇਗੀ। ਉਹਨਾਂ ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ। ਜਿੱਥੇ ਹੋਣਹਾਰ ਵਿਦਿਆਰਥਣ ਸਿਮਰਨਦੀਪ ਕੌਰ ਨੇ ਆਪਣੀ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਅਧਿਆਪਕ ਸਾਹਿਬਾਨਾਂ ਅਤੇ ਆਪਣੇ ਪਿਤਾ ਬਲਵੀਰ ਸਿੰਘ ਨੂੰ ਦਿੱਤਾ ਉਥੇ ਉਹਨਾਂ ਸਮਾਜ ਸੇਵੀ ਕਰਮਜੀਤ ਸਿੰਘ ਰਾਣੋ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਮਾਜ ਵਿੱਚ ਇਹੋ ਜਿਹੀਆਂ ਚੰਗੀਆਂ ਸ਼ਖਸੀਅਤਾਂ ਦਾ ਹੋਣਾ ਅਤੀ ਜਰੂਰੀ ਹੈ। ਵਿਦਿਆਰਥਣ ਨੇ ਦੱਸਿਆ ਕਿ ਉਹ ਆਪਣੇ ਜੀਵਨ ਵਿੱਚ ਆਈ ਏ ਐਸ ਅਫਸਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਸਮੇਂ ਵਿਦਿਆਰਥਣ ਦੇ ਸਤਿਕਾਰਯੋਗ ਪਿਤਾ ਹੈੱਡ ਗ੍ਰੰਥੀ ਬਲਵੀਰ ਸਿੰਘ ਨੇ ਆਖਿਆ ਕਿ ਸਿਮਰਨਦੀਪ ਕੌਰ ਨੂੰ ਪੜ੍ਹਾਈ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਵੱਡੀ ਆਸਥਾ ਜੋੜ ਕੇ ਰੱਖਦੀ ਹੈ। ਉਹ ਹਰ ਰੋਜ਼ ਪਾਠ ਕਰਦੀ ਹੈ ਅਤੇ ਉਸ ਨੇ ਆਪਣੀ ਪੜ੍ਹਾਈ ਸਖਤ ਮਿਹਨਤ ਅਤੇ ਲਗਨ ਨਾਲ ਕਰਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ਜਿਸ 'ਤੇ ਉਹ ਮਾਣ ਕਰਦੇ ਹਨ। ਉਹਨਾਂ ਅੱਗੇ ਆਖਿਆ ਕਿ ਬੇਟੀ ਹਮੇਸ਼ਾ ਪਰਮਾਤਮਾ ਦਾ ਭਜਨ ਕਰਦੀ ਹੈ ਅਤੇ ਸਕੂਲ ਦੀਆਂ ਧਾਰਮਿਕ ਪ੍ਰੀਖਿਆਵਾਂ ਵਿੱਚੋਂ ਵੀ ਪਹਿਲੇ ਨੰਬਰ 'ਤੇ ਆਉਂਦੀ ਰਹੀ ਹੈ। ਉਹਨਾਂ ਆਖਿਆ ਕਿ ਬੇਟੀ ਆਪਣੇ ਜੀਵਨ ਵਿੱਚ ਜਰੂਰ ਸਫਲ ਹੋਵੇਗੀ। ਇਸ ਤੋਂ ਇਲਾਵਾ ਜਿੱਥੇ ਪੰਜਾਬ ਪਬਲਿਕ ਸਕੂਲ ਦੀ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ, ਸਮੂਹ ਸਟਾਫ, ਮੈਂਬਰ ਸਾਹਿਬਾਨ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਉਥੇ ਖਾਲਸਾ ਸਕੂਲ ਜਸਪਾਲੋਂ ਦੇ ਸਕੂਲ ਮੁਖੀ ਅਮਨਦੀਪ ਕੌਰ ਅਤੇ ਗੁਰਮੀਤ ਸਿੰਘ ਵੱਲੋਂ ਵੀ ਬੱਚੀ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਅਖੀਰ ਸਮਾਜ ਸੇਵੀ ਕਰਮਜੀਤ ਸਿੰਘ ਰਾਣੋ ਨੇ ਧਾਰਮਿਕ ਖਿਆਲਾਂ ਦੀ ਬੇਟੀ ਸਿਮਰਨਦੀਪ ਕੌਰ ਦੇ ਸਿਰ 'ਤੇ ਹੱਥ ਧਰ ਕੇ ਆਪਣਾ ਆਸ਼ੀਰਵਾਦ ਅਤੇ ਮੁਬਾਰਕਬਾਦ ਦਿੱਤੀ। ਇਸ ਸਮੇਂ ਸੁਮਨਦੀਪ ਕੌਰ ਅਤੇ ਹੈੱਡ ਗ੍ਰੰਥੀ ਬਲਵੀਰ ਵੱਲੋਂ ਇਨਾਮ ਦੇਣ 'ਤੇ ਸਮਾਜ ਸੇਵੀ ਕਰਮਜੀਤ ਸਿੰਘ ਰਾਣੋ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
No comments
Post a Comment