'ਗੂਗਲ' ਨੇ ਆਪਣੇ ਜੀ-ਮੇਲ ਉਪਭੋਗਤਾਵਾਂ ਨੂੰ ਇੱਕ ਸੰਭਾਵਿਤ ਖ਼ਤਰੇ ਦੀ ਚੇਤਾਵਨੀ ਦਿੱਤੀ ਹੈ। ਇਹ ਖ਼ਤਰਾ ਲੋਕਾਂ ਦੀ ਡਿਜੀਟਲ ਜਾਣਕਾਰੀ ਜਾਂ ਡਾਟਾ ਨਾਲ ਸਬੰਧਿਤ ਹੈ। ਇਸਦੇ ਖ਼ਤਰੇ ਕਾਰਨ ਲੋਕਾਂ ਦੀ ਜੀ-ਮੇਲ 'ਤੇ ਜੋ ਵੀ ਡਾਟਾ ਪਿਆ ਹੈ ਜਾਂ ਜੀ-ਮੇਲ ਨਾਲ ਸਬੰਧਿਤ ਸਹੂਲਤਾਵਾਂ ਦਾ ਡਾਟਾ ਹੈ, ਦੇ ਦੁਰਉਪਯੋਗ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਗੂਗਲ ਦਾ ਆਦੇਸ਼
‘ਗੂਗਲ’ ਨੇ ਆਪਣੇ ਜੀ-ਮੇਲ ਉਪਭੋਗਤਾਵਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣੀ ਜੀ-ਮੇਲ ਆਈ ਡੀ ਦੇ ਪਾਸਵਰਡ ਨੂੰ ਜਲਦੀ ਤੋਂ ਜਲਦੀ ਬਦਲ ਲੈਣ। ਉਹ ਆਪਣਾ ਨਵਾਂ ਪਾਸਵਰਡ ਉਹ ਰੱਖਣ ਜੋ ਕਿਤੇ ਹੋਰ ਵਰਤਿਆ ਗਿਆ ਨਾ ਹੋਵੇ, ਭਾਵ ਪਾਸਵਰਡ ਨਵਾਂ ਹੋਵੇ। ਨਵਾਂ ਪਾਸਵਰਡ ਸੌਖਾ ਨਾ ਹੋਵੇ ਬਲਕਿ ਮਜ਼ਬੂਤ ਹੋਵੇ। ਮਜ਼ਬੂਤ ਪਾਸਵਰਡ ਉਹ ਹੁੰਦਾ ਹੈ ਜਿਸ ਵਿੱਚ 0 ਤੋਂ 9 ਦੇ ਵਿੱਚਕਾਰ ਦੇ ਡਿਜੀਟ, ਵੱਡੇ ਅਤੇ ਛੋਟੇ ਦੋਵੇਂ ਅੰਗਰੇਜੀ ਦੇ ਅੱਖਰ ਅਤੇ ਚਿੰਨ੍ਹ (# /) ਹੁੰਦੇ ਹਨ।
ਇਹ ਆਦੇਸ਼ ਕਿਉਂ ਹੋਇਆ?
‘ਗੂਗਲ’ ਨੇ ਆਪਣੇ ਡਿਜੀਟਲ ਫੋਰੈਂਸਿਕਸ ਆਦਿ ਦੀ ਸਹਾਇਤਾ ਨਾਲ ਇਹ ਜਾਣਿਆ ਕਿ ਹੈਕਰਾਂ ਦੇ ਇੱਕ ਗਰੁੱਪ, ਜਿਸਦਾ ਨਾਮ ‘ਸ਼ਾਇਨੀ ਹੰਟਰਜ਼’ ਹੈ, ਨੇ ਇੱਕ ਸੇਲਜ਼ ਫੋਰਸ ਡਾਟਾਬੇਸ 'ਚ ਡਿਜੀਟਲੀ ਦਾਖ਼ਲ ਹੋ ਕੇ ਉਸ 'ਚ ਮੌਜੂਦ ਡਾਟਾ ਨੂੰ ਪ੍ਰਾਪਤ ਕਰ ਲਿਆ ਹੈ। ਇਹ ਡਾਟਾਬੇਸ ‘ਗੂਗਲ’ ਵੀ ਵਰਤਦਾ ਹੈ। ਇਸ ਵਿੱਚ ਲੋਕਾਂ ਦੇ ਨਾਮ, ਫੋਨ ਨੰਬਰ, ਏ-ਮੇਲ, ਵਪਾਰ ਦੀ ਜਾਣਕਾਰੀ ਆਦਿ ਮੌਜੂਦ ਹੈ। ਦੱਸ ਦਈਏ ਕਿ ਇਸ ਵਿੱਚ ਜੀ-ਮੇਲ ਦੇ ਪਾਸਵਰਡ ਦੀ ਜਾਣਕਾਰੀ ਨਹੀਂ ਹੈ। ਪਰ ‘ਗੂਗਲ’ ਅਨੁਸਾਰ ਇਸ ਡਾਟਾਬੇਸ ਅੰਦਰਲਾ ਡਾਟਾ ਪ੍ਰਾਪਤ ਹੋ ਜਾਣਾ ਹੀ ਹੈਕਰਾਂ ਨੂੰ ਇੱਕ ਮੌਕਾ ਪ੍ਰਦਾਨ ਕਰ ਦਿੰਦਾ ਹੈ ਜਿਸ ਨਾਲ ਉਪਭੋਗਤਾਵਾਂ ਨੂੰ ਝੂਠੀ ਸੂਚਨਾ ਆਦਿ ਜ਼ਰੀਏ ਜੀ-ਮੇਲ ਦਾ ਡਾਟਾ ਮਿਲ ਸਕਦਾ ਹੈ। ਹੈਕਰ ‘ਗੂਗਲ’ ਦਾ ਰੂਪ ਧਾਰ ਕੇ ਉਪਭੋਗਤਾਵਾਂ ਕੋਲੋਂ ਲੌਗ ਇੰਨ ਕਰਵਾ ਕੇ ਪਾਸਵਰਡ ਜਾਣ ਸਕਦੇ ਹਨ ਤੇ ਉਪਭੋਗਤਾ ਨੂੰ ਲੱਗੇਗਾ ਕਿ ‘ਗੂਗਲ’ ਨੇ ਸਾਡੇ ਕੋਲੋਂ ਲੌਗ ਇੰਨ ਕਰਵਾਇਆ ਹੈ। ਇਸ ਨਾਲ ਸਾਡਾ ਡਿਜੀਟਲ ਡਾਟਾ ਕਿਸੇ ਹੋਰ ਹੱਥ ਚਲਾ ਜਾਏਗਾ।
ਪਾਸਵਰਡ ਬਦਲਣਾ ਜ਼ਰੂਰੀ ਕਿਉਂ?
‘ਗੂਗਲ’ ਦੀ ਜੀ-ਮੇਲ ਸਿਰਫ਼ ਇੱਕ ਈ-ਮੇਲ ਜਾਂ ਸੰਦੇਸ਼ ਭੇਜਣ ਦਾ ਸਾਧਨ ਨਹੀਂ ਹੈ, ਸਗੋਂ ਇਸੇ ਜ਼ਰੀਏ ਗੂਗਲ ਡਰਾਈਵ, ਗੂਗਲ ਫੋਟੋਜ਼, ਯੂ-ਟਿਊਬ, ਗੂਗਲ ਪੇਅ ਆਦਿ ਦੀ ਵਰਤੋਂ ਸੰਭਵ ਹੋ ਪਾਉਂਦੀ ਹੈ। ਜੇਕਰ ਸਾਡੀ ਜੀ-ਮੇਲ ਆਈ ਡੀ ਕਿਸੇ ਹੈਕਰ ਅਧੀਨ ਆ ਗਈ ਤਾਂ ਉਹ ਸਾਡੀ ਡਿਜੀਟਲ ਜ਼ਿੰਦਗੀ ’ਚ ਦਾਖ਼ਲ ਹੋ ਸਕਦਾ ਹੈ। ਉਹ ਸਾਡੇ ਨਿਜੀ ਡਾਟਾ, ਨਿਜੀ ਗੱਲਬਾਤ, ਬੈਂਕ ਅਕਾਊਂਟ ਦੇ ਆਦਾਨ-ਪ੍ਰਦਾਨ ਦਾ ਡਾਟਾ ਆਦਿ ਨੂੰ ਪ੍ਰਾਪਤ ਕਰ ਸਕਦਾ ਹੈ।
ਇਸ ਲਈ ਉਪਭੋਗਤਾ ਆਪਣੇ ਜੀ-ਮੇਲ ਪਾਸਵਰਡ ਨੂੰ ਬਦਲ ਲਵੇ ਅਤੇ ਟੂ-ਫੈਕਟਰ ਓਥੈਂਟੀਕੇਸ਼ਨ (Two-Factor Authentication) ਨੂੰ ਲਾਗੂ ਕਰ ਦਵੇ। ਇਸ ਤੋਂ ਇਲਾਵਾ ਜੀ-ਮੇਲ ਉੱਤੇ ਆਉਣ ਵਾਲੇ ਸੰਦੇਸ਼ ਅਤੇ ਉਹ ਫੋਨ ਕਾਲਾਂ ਜੋ ਕਿ ‘ਗੂਗਲ’ ਵੱਲੋਂ ਆਉਣ, ਦੇ ਪ੍ਰਤੀ ਸੁਚੇਤ ਰਿਹਾ ਜਾਵੇ ਕਿ ਇਹ ਵਾਕਿਆ ਹੀ ‘ਗੂਗਲ’ ਦੀ ਕਾਲ ਹੈ ਜਾਂ ਹੈਕਰ ਦੀ।
ਸਾਰ
ਅਜੇ ‘ਗੂਗਲ’ ਕੰਪਨੀ ਦੇ ਆਪਣੇ ਸਿਸਟਮ ਬੇਸ਼ੱਕ ਸੁਰੱਖਿਅਤ ਹਨ ਪਰ ‘ਗੂਗਲ’ ਵੱਲੋਂ ਵਰਤੀ ਜਾਂਦੀ ਸੇਲਜ਼ ਫੋਰਸ ਡਾਟਾਬੇਸ ਦਾ ਹੈਕਰਾਂ ਨੂੰ ਪ੍ਰਾਪਤ ਹੋਣਾ ਜੀ-ਮੇਲ ਦੇ ਅਰਬਾਂ ਉਪਭੋਗਤਾਵਾਂ ਲਈ ਡਿਜੀਟਲ ਸੰਕਟ ਹੈ। ਇਸ ਲਈ ਉਪਭੋਗਤਾ ਨੂੰ ਆਪਣੇ ਨਿਜੀ ਡਾਟਾ ਲੀਕ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੋੜੀਂਦਾ ਕਦਮ ਚੁੱਕਣਾ ਚਾਹੀਦਾ ਹੈ, ਤਾਂ ਕਿ ਉਸਦਾ ਨਿਜੀ ਡਾਟਾ ਹੈਕਰ ਨੂੰ ਨਾ ਮਿਲ ਸਕੇ।
No comments
Post a Comment