ਲੇਟ ਲਤੀਫੀ ਤੋਂ ਅੱਕੇ ਅਪ੍ਰੈਂਟਸ਼ਿਪ ਪਾਸ ਸਹਾਇਕ ਲਾਈਨਮੈਨ 3 ਨੂੰ ਕਰਨਗੇ ਪੀ.ਐਸ.ਪੀ.ਸੀ.ਐਲ ਹੈਡ ਆਫਿਸ ਦੇ ਮੁੱਖ ਗੇਟ ਦਾਂ ਘਿਰਾਓ
ਪਟਿਆਲਾ (ਹਰਸ਼ਦੀਪ ਸਿੰਘ ਮਹਿਦੂਦਾਂ, ਸੋਨੀ ਭੜੋ) ਪੰਜਾਬ ਭਰ ਦੀਆਂ ਬਿਜਲੀ ਮੁਲਾਜਮ ਜਥੇਬੰਦੀਆਂ ਵੱਲੋਂ ਜਿਥੇ 2 ਨਵੰਬਰ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਉੱਤੇ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਉਥੇ ਹੀ ਅਪ੍ਰੈਂਟਸ਼ਿਪ ਯੂਨੀਅਨ ਪੰਜਾਬ ਵੱਲੋਂ 3 ਨਵੰਬਰ ਨੂੰ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਘਿਰਾਓ ਤੇ ਰੋਸ ਪ੍ਰਦਰਸ਼ਨਾਂ ਚ ਇੱਕ ਹੋਰ ਨਾਮ ਓਦੋਂ ਜੁੜ ਗਿਆ ਜਦੋਂ ਅਪ੍ਰੈਟਿਸ ਪਾਸ ਦੇ ਯੂਨੀਅਨ ਸੂਬਾਈ ਆਗੂਆਂ ਵੱਲੋਂ ਵੀ 3 ਨਵੰਬਰ ਨੂੰ ਮੁੱਖ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ। ਯੂਨੀਅਨ ਦੇ ਆਗੂਆਂ ਵੱਲੋਂ ਇਹ ਫੈਸਲਾ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਨਿਯੁਕਤੀ ਪੱਤਰ ਦੇਣ ਤੋਂ ਕੀਤੀ ਜਾ ਰਹੀ ਲੇਟ ਕਾਰਨ ਲਿਆ ਗਿਆ ਜਿਸ ਕਾਰਨ 2 ਨਵੰਬਰ ਤੋਂ ਬਾਅਦ 3 ਨਵੰਬਰ ਦਾ ਦਿਨ ਬਿਜਲੀ ਮੰਤਰੀ ਅਤੇ ਮੈਨੇਜ਼ਮੈਂਟ ਲਈ ਭਾਰੀ ਰਹੇਗਾ। ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਪੀ. ਐਸ.ਪੀ. ਸੀ.ਐਲ ਮਹਿਕਮੇ ਵੱਲੋਂ ਸਹਾਇਕ ਲਾਈਨਮੈਨ ਦੀਆ 3000 ਪੋਸਟਾਂ ਦਾਂ ਨੋਟੀਫਿਕੇਸ਼ਨ 312/25 ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਉਮੀਦਵਾਰ ਟੈਸਟ ਪਾਸ ਕਰਕੇ ਦੋ ਮਹੀਨੇ ਪਹਿਲਾ ਆਪਣੇ- ਆਪਣੇ ਦਸਤਾਵੇਜ਼ ਚੈਕਿੰਗ ਮਹਿਕਮੇ ਨੂੰ ਕਰਵਾ ਚੁੱਕੇ ਹਨ। ਬਿਜਲੀ ਮੰਤਰੀ ਪੰਜਾਬ ਵੱਲੋਂ 15 ਅਕਤੂਬਰ ਨੂੰ ਬੇਰੋਜ਼ਗਾਰ ਸਹਾਇਕ ਲਾਈਨਮੈਨਾ ਨੂੰ ਨਿਯੁਕਤੀ ਪੱਤਰ ਸੌਂਪੇ ਜਾਣ ਦੀ ਗੱਲ ਵੀ ਲਾਈਵ ਸੈਸ਼ਨ ਵਿੱਚ ਬੋਲ ਕੇ ਗਏ ਸਨ। ਪਰ ਅੱਜ 15 ਅਕਤੂਬਰ ਤੋਂ ਵੀ 20 ਦਿਨ ਉਪਰ ਬੀਤ ਚੁੱਕੇ ਹਨ ਤੇ ਬਿਜਲੀ ਮੰਤਰੀ ਪੰਜਾਬ ਵੱਲੋਂ ਜੂਆਨਿੰਗ ਲੇਟਰ ਦੇਣ ਸਬੰਧੀ ਕੋਈ ਵੀ ਮਿਤੀ ਜਾਰੀ ਨਹੀਂ ਕੀਤੀ ਗਈ। ਇਸ ਸਬੰਧੀ ਜਦੋਂ ਪਾਵਰਕਾਮ ਅਪ੍ਰੈਟਿਸ ਪਾਸ ਯੂਨੀਅਨ 1500 ਪੰਜਾਬ ਯੂਨੀਅਨ ਆਗੂਆਂ ਵੱਲੋਂ ਮਹਿਕਮੇ ਨਾਲ ਗੱਲ ਬਾਤ ਕੀਤੀ ਗਈ ਤਾਂ ਮਹਿਕਮੇ ਵੱਲੋਂ ਦੱਸਿਆ ਗਿਆ ਕਿ ਭਰਤੀ ਕਰਨ ਦਾ ਸਾਰਾ ਕੰਮ ਪੂਰਾ ਕਰ ਲਿਆ ਗਿਆ ਹੈ। ਮੁੱਖ ਮੰਤਰੀ ਪੰਜਾਬ ਵੱਲੋਂ ਨਿਯੁਕਤੀ ਪੱਤਰ ਵੰਡਣ ਦਾ ਸਮਾਂ ਜਾਰੀ ਨਹੀ ਕੀਤਾ ਜਾ ਰਿਹਾ। ਇਸ ਦੇ ਰੋਸ ਵਜੋਂ ਪੀ.ਐਸ.ਪੀ.ਸੀ.ਐਲ ਦੇ ਮੁੱਖ ਗੇਟ ਅੱਗੇ ਉਮੀਦਵਾਰ ਸਮੇਤ ਪਰਿਵਾਰਾਂ ਦੇ ਘਿਰਾਓ ਕਰਨਗੇ। ਘਿਰਾਓ ਸਖ਼ਤ ਤਰੀਕੇ ਨਾਲ ਵੀ ਹੋ ਸਕਦਾ ਹੈ ਜਿਸਦੇ ਸੰਕੇਤ ਉਨ੍ਹਾਂ ਰੋਸ ਪ੍ਰਦਰਸ਼ਨ ਸਮੇਂ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੋਣ 'ਤੇ ਇਸ ਦੀ ਸਾਰੀ ਜ਼ਿੰਮੇਵਾਰੀ ਪ੍ਰਸਾਸਨ, ਮੈਨੇਜਮੈਂਟ ਅਤੇ ਸਰਕਾਰ ਉੱਤੇ ਸੁੱਟਣ ਤੋਂ ਮਿਲਦੇ ਹਨ।

No comments
Post a Comment