ਤਿਉਹਾਰੀ ਮੌਸਮ ਵਿੱਚ ਮਿਲਾਵਟਖੋਰੀ ‘ਤੇ ਸਿਹਤ ਵਿਭਾਗ ਦੀ ਸਖ਼ਤ ਨਿਗਰਾਨੀ
ਵਟਸਐਪ 9464494180 ਹੈਲਪਲਾਈਨ ਨੰਬਰ ਜਾਰੀ
ਲੁਧਿਆਣਾ 8 ਅਕਤੂਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਪਰਮਿੰਦਰ ਜਮਾਲਪੁਰ) ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਨੂੰ ਰੋਕਣ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਤੌਰ ‘ਤੇ ਚਲਾਈ ਗਈ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਦੀ ਸਹੂਲਤ ਲਈ ਵਟਸਐਪ ਹੈਲਪਲਾਈਨ ਨੰਬਰ 9464494180 ਜਾਰੀ ਕੀਤਾ ਹੈ। ਇਹ ਨੰਬਰ ਤਿਉਹਾਰੀ ਮੌਸਮ ਦੌਰਾਨ ਮਿਲਾਵਟਖੋਰੀ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਲੋਕਾਂ ਨੂੰ ਉਪਲਬਧ ਕਰਵਾਇਆ ਗਿਆ ਹੈ। ਕਿਸੇ ਵੀ ਵਿਅਕਤੀ ਵੱਲੋਂ ਇਸ ਨੰਬਰ ‘ਤੇ ਮਿਠਾਈਆਂ, ਪਨੀਰ, ਖੋਆ, ਦੁੱਧ, ਤੇਲ ਜਾਂ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਜਾਂ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਭੇਜੀ ਜਾ ਸਕਦੀ ਹੈ।
ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਇਸ ਨੰਬਰ ‘ਤੇ ਪ੍ਰਾਪਤ ਜਾਣਕਾਰੀ ਸਿੱਧੀ ਸਟੇਟ ਹੈਡਕੁਆਟਰ ਤੱਕ ਪਹੁੰਚੇਗੀ ਅਤੇ ਜਾਣਕਾਰੀ ਭੇਜਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਟੇਟ ਪੱਧਰ ‘ਤੇ ਖਾਸ ਫਲਾਇੰਗ ਸਕਵੈਡ ਟੀਮਾਂ ਬਣਾਈਆਂ ਗਈਆਂ ਹਨ ਜੋ ਪ੍ਰਾਪਤ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕਰਨਗੀਆਂ, ਜਦਕਿ ਜਿਲ੍ਹਾ ਪੱਧਰ ‘ਤੇ ਸਥਾਨਕ ਟੀਮਾਂ ਨੂੰ ਵੀ ਐਕਟੀਵੇਟ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮਿਲਾਵਟਖੋਰੀ ਦੇ ਮਾਮਲੇ ‘ਤੇ ਤੁਰੰਤ ਐਕਸ਼ਨ ਲਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਤਿਉਹਾਰੀ ਮੌਸਮ ਵਿੱਚ ਖਾਸ ਤੌਰ ‘ਤੇ ਮਿਠਾਈਆਂ, ਖੋਆ, ਪਨੀਰ ਅਤੇ ਦੁੱਧ ਦੀ ਮੰਗ ਵੱਧ ਜਾਂਦੀ ਹੈ, ਜਿਸ ਕਰਕੇ ਕੁਝ ਅਣਇਮਾਨਦਾਰ ਵਿਕਰੇਤਾ ਨਫ਼ੇ ਦੇ ਲਾਲਚ ਵਿੱਚ ਖੁਰਾਕ ਵਿੱਚ ਮਿਲਾਵਟ ਕਰਦੇ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਿਰਫ਼ ਸਿਹਤ ਲਈ ਹਾਨੀਕਾਰਕ ਨਹੀਂ ਸਗੋਂ ਕਾਨੂੰਨੀ ਤੌਰ ‘ਤੇ ਵੀ ਅਪਰਾਧ ਹਨ। ਡਾ. ਕੌਰ ਨੇ ਦੱਸਿਆ ਕਿ ਸਾਰੇ ਖਾਣ-ਪੀਣ ਨਾਲ ਸਬੰਧਤ ਉਤਪਾਦਕ ਅਤੇ ਵਿਕਰੇਤਾ ਭਾਰਤ ਦੇ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ (FSSAI) ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਹਰ ਇਕ ਖਾਣ-ਪੀਣ ਦੀ ਇਕਾਈ ਲਈ ਵੈਧ FSSAI ਲਾਇਸੈਂਸ ਜਾਂ ਰਜਿਸਟ੍ਰੇਸ਼ਨ ਲਾਜ਼ਮੀ ਹੈ ਅਤੇ ਮਿਠਾਈਆਂ ਜਾਂ ਦੁੱਧ ਉਤਪਾਦਾਂ ‘ਤੇ ‘ਬੈਸਟ ਬੀਫੋਰ’ ਤਾਰੀਖ਼ ਲਗਾਉਣਾ ਜ਼ਰੂਰੀ ਹੈ। ਤਿਆਰੀ ਅਤੇ ਪੈਕਿੰਗ ਦੌਰਾਨ ਸਾਫ਼-ਸੁਥਰਾ ਮਾਹੌਲ, ਮਿਆਰੀ ਕੱਚਾ ਮਾਲ ਅਤੇ ਸੁਰੱਖਿਅਤ ਪੈਕਿੰਗ ਮਟੀਰੀਅਲ ਦੀ ਵਰਤੋਂ ਕਰਨੀ ਲਾਜ਼ਮੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਗੈਰਮਨਜ਼ੂਰਸ਼ੁਦਾ ਰੰਗ, ਸੁਗੰਧ ਜਾਂ ਰਸਾਇਣਕ ਪਦਾਰਥ ਦੀ ਵਰਤੋਂ ਕਰਨਾ FSSAI ਦੇ ਨਿਯਮਾਂ ਅਨੁਸਾਰ ਕਾਨੂੰਨੀ ਉਲੰਘਣਾ ਹੈ ਅਤੇ ਇਸ ਤਰ੍ਹਾਂ ਦੀਆਂ ਵਸਤੂਆਂ ਵਿਕਰੀ ਲਈ ਪੇਸ਼ ਕਰਨਾ ਅਪਰਾਧਿਕ ਕਾਰਵਾਈ ਦਾ ਹੱਕਦਾਰ ਬਣਦਾ ਹੈ। ਸਾਰੇ ਵਿਕਰੇਤਾਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਉਤਪਾਦਾਂ ਦੀ ਲੇਬਲਿੰਗ ਪੂਰੀ ਤਰ੍ਹਾਂ FSSAI ਮਿਆਰਾਂ ਅਨੁਸਾਰ ਹੋਵੇ ਅਤੇ ਉਹ ਖੁਰਾਕ ਸੁਰੱਖਿਆ ਜਾਂਚ ਲਈ ਹਮੇਸ਼ਾ ਤਿਆਰ ਰਹਿਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਲੋਕਾਂ ਨੂੰ ਸੁਰੱਖਿਅਤ ਅਤੇ ਸ਼ੁੱਧ ਖੁਰਾਕ ਉਪਲਬਧ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹੈਲਪਲਾਈਨ ਨੰਬਰ 9464494180 ਲੋਕਾਂ ਨੂੰ ਮਿਲਾਵਟਖੋਰੀ ਰੋਕਣ ਲਈ ਸਿੱਧਾ ਸਾਧਨ ਪ੍ਰਦਾਨ ਕਰਦਾ ਹੈ ਅਤੇ ਇਸ ਰਾਹੀਂ ਮਿਲਣ ਵਾਲੀ ਹਰ ਜਾਣਕਾਰੀ ‘ਤੇ ਤੁਰੰਤ ਤੇ ਪਾਰਦਰਸ਼ੀ ਕਾਰਵਾਈ ਕੀਤੀ ਜਾਵੇਗੀ।
ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਮਿਲਾਵਟਖੋਰੀ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ‘ਤੇ ਕੰਮ ਕਰ ਰਿਹਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਰਾਕ ਦੀ ਖਰੀਦ ਸਮੇਂ FSSAI ਲੋਗੋ ਅਤੇ ਲਾਇਸੈਂਸ ਨੰਬਰ ਦੀ ਜਾਂਚ ਜ਼ਰੂਰ ਕਰਨ, ਸ਼ੁੱਧ ਅਤੇ ਮਿਆਰੀ ਸਮੱਗਰੀ ਦੀ ਚੋਣ ਕਰਨ ਅਤੇ ਤਿਉਹਾਰਾਂ ਨੂੰ ਸਿਹਤਮੰਦ ਢੰਗ ਨਾਲ ਮਨਾਉਣ।
No comments
Post a Comment