ਜ਼ਿਲ੍ਹਾ ਪ੍ਰਧਾਨ ਡੱਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਲਗਾਏ ਗੰਭੀਰ ਦੋਸ਼
ਰਾਏਕੋਟ 24 ਨਵੰਬਰ (ਹਾਕਮ ਸਿੰਘ ਧਾਲੀਵਾਲ) ਰਾਏਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਲੁਧਿਆਣਾ ਦਿਹਾਤੀ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਪਿੰਡ ਝੋਰੜਾਂ ਦੇ ਇੱਕ ਮਰਹੂਮ ਅਕਾਲੀ ਜਥੇਦਾਰ ਦੇ ਪਰਿਵਾਰ ਨਾਲ ਸੱਤਾਧਾਰੀ ਧਿਰ ਦੀ ਸ਼ਹਿ 'ਤੇ ਧੱਕੇਸ਼ਾਹੀ ਕਰਦਿਆਂ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਗਾਇਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਅਤੇ ਹਲਕਾ ਰਾਏਕੋਟ ਦੇ ਸਰਕਲ ਪ੍ਰਧਾਨਾਂ ਨੇ ਆਖਿਆ ਕਿ ਬਦਲਾਅ ਦੇ ਨਾਂਅ ਉੱਪਰ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਦੌਰਾਨ ਅਕਾਲੀ ਆਗੂਆਂ ਨਾਲ ਸ਼ਰੇਆਮ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਪਿੰਡ ਝੋਰੜਾਂ ਦੇ ਪੰਥਕ ਅਤੇ ਟਕਸਾਲੀ ਆਗੂ ਮਰਹੂਮ ਜਥੇਦਾਰ ਗੁਰਮੇਲ ਸਿੰਘ ਝੋਰੜਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿਉਂਕਿ ਜਥੇਦਾਰ ਗੁਰਮੇਲ ਸਿੰਘ ਝੋਰੜਾਂ ਦੀ ਮੌਤ ਤੋਂ ਬਾਅਦ ਜ਼ਮੀਨ ਦੀ ਵੰਡ ਨੂੰ ਲੈ ਕੇ ਪਰਿਵਾਰ ਵਿੱਚ ਪੈਦਾ ਹੋਏ ਘਰੇਲੂ ਝਗੜੇ ਦਾ ਸੱਤਾਧਾਰੀ ਧਿਰ ਦੇ ਕੁਝ ਹਲਕਾ ਆਗੂਆਂ ਨੇ ਨਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਪੰਥਕ ਤੇ ਟਕਸਾਲੀ ਜਥੇਦਾਰ ਨੂੰ ਮੌਤ ਤੋਂ ਬਾਅਦ ਵੀ ਬਖਸ਼ਿਆ ਨਹੀਂ ਜਾ ਰਿਹਾ। ਸਗੋਂ ਬੀਤੀ ਕੱਲ੍ਹ ਕੁਝ ਵਿਅਕਤੀਆਂ ਨੇ ਸਿਆਸੀ ਸ਼ਹਿ 'ਤੇ ਆਲੂ ਦੀ ਫਸਲ ਧੱਕੇ ਨਾਲ ਵਾਹ ਕੇ ਉਨ੍ਹਾਂ ਦੀ 16 ਏਕੜ ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਕਰ ਲਿਆ, ਜਦਕਿ ਇਸ ਕਬਜ਼ੇ ਲਈ ਪਹਿਲਾਂ ਇੱਕ ਸਾਜਿਸ਼ ਤਹਿਤ ਜਥੇਦਾਰ ਝੋਰੜਾਂ ਦੇ ਬੇਟੇ ਸੁਖਜੀਤ ਸਿੰਘ ਬੱਗੀ ਝੋਰੜਾਂ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਐਸ.ਡੀ.ਐਮ ਰਾਏਕੋਟ ਰਿਸ਼ਵਤ ਕੇਸ ਵਿੱਚ ਫਸਾ ਕੇ ਜੇਲ੍ਹ ਭੇਜਿਆ ਗਿਆ ਅਤੇ ਉਸਨੂੰ ਅਕਾਲੀ ਹੋਣ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਸਰ ਹੀ ਕਿਸੇ ਪਰਿਵਾਰ ਦੇ ਮੋਢੀ ਦੀ ਮੌਤ ਤੋਂ ਬਾਅਦ ਘਰਾਂ ਵਿੱਚ ਜ਼ਮੀਨ-ਜਾਇਦਾਦ ਦੀ ਵੰਡ ਨੂੰ ਲੈ ਕੇ ਵਿਵਾਦ ਪੈਦਾ ਹੋ ਜਾਂਦਾ ਹੈ, ਇਸੇ ਤਹਿਤ ਹੀ ਬੱਗੀ ਝੋਰੜਾਂ ਦੇ ਪਰਿਵਾਰ ਵਿੱਚ ਵੀ ਜ਼ਮੀਨੀ ਵੰਡ ਨੂੰ ਲੈ ਕੇ ਇੱਕ ਝਗੜਾ ਚੱਲ ਰਿਹਾ ਸੀ, ਜਿਸ ਦਾ ਕੇਸ ਮਾਣਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ ਪ੍ਰੰਤੂ ਸੱਤਾਧਾਰੀ ਧਿਰ ਦੇ ਕੁਝ ਆਗੂਆਂ ਨੇ ਜ਼ਮੀਨ ਨੂੰ ਹੜੱਪਣ ਲਈ ਕੁਝ ਬਾਹਰੀ ਵਿਅਕਤੀਆਂ ਦੀ ਮਦਦ ਨਾਲ ਇਸ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ।ਜਿਸ ਦੌਰਾਨ ਬੀਤੀ ਕੱਲ੍ਹ ਸ਼ਾਮ ਵੱਡੀ ਗਿਣਤੀ 'ਚ ਹਥਿਆਰਬੰਦ ਵਿਅਕਤੀਆਂ ਨੇ 6 ਏਕੜ ਜ਼ਮੀਨ ਵਿੱਚ ਬੀਜੇ ਆਲੂਆਂ ਦੀ ਫਸਲ ਅਤੇ 10 ਏਕੜ ਕਣਕ ਦੀ ਫਸਲ ਨੂੰ ਵਾਹ ਦਿੱਤਾ, ਉੱਥੇ ਹੀ ਪਿਛਲੇ 2 ਮਹੀਨਿਆਂ 4 ਏਕੜ ਵਿੱਚ ਖੜ੍ਹੀ ਝੋਨੇ ਦੀ ਫਸਲ ਨੂੰ ਵੱਢਣ ਨਹੀਂ ਦਿੱਤਾ ਜਾ ਰਿਹਾ, ਜਦਕਿ ਪਰਿਵਾਰ ਵੱਲੋਂ ਇਸ ਮੌਕੇ ਪੁਲਿਸ ਨੂੰ ਧੱਕੇ ਨਾਲ ਕਬਜ਼ਾ ਕਰਨ ਸਬੰਧੀ ਇਤਲਾਹ ਦਿੱਤੀ ਗਈ ਪਰ ਪੀੜਤ ਪਰਿਵਾਰ ਦੀ ਕਿਸੇ ਵੀ ਕਿਸਮ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡੱਲਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਅਕਾਲੀ ਪਰਿਵਾਰ ਨੂੰ ਜਲਦ ਇਨਸਾਫ ਨਹੀਂ ਦਿਵਾਇਆ ਗਿਆ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਇਸ ਧੱਕੇਸ਼ਾਹੀ ਖਿਲਾਫ਼ ਸੰਘਰਸ਼ ਵਿੱਢੇਗਾ। ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਆਂਡਲੂ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਪ੍ਰਧਾਨ ਬਲਵਿੰਦਰ ਸਿੰਘ ਸੱਤੋਵਾਲ, ਪ੍ਰਿਤਪਾਲ ਸਿੰਘ ਬਾਗਾ ਭੈਣੀ ਦਰੇੜਾ, ਅਮਨਵੀਰ ਸਿੰਘ ਝੋਰੜਾਂ, ਪੀਏ ਕਮਲਜੀਤ ਸਿੰਘ ਢਿੱਲੋਂ, ਜਗਦੇਵ ਸਿੰਘ ਨਿੱਕਾ ਝੋਰੜਾਂ, ਚੌਧਰੀ ਜਿੰਦਰ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਹਲਕਾ ਵਿਧਾਇਕ ਰਾਏਕੋਟ ਦਾ
ਜਦੋਂ ਇਸ ਮਾਮਲੇ ਸਬੰਧੀ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆ ਆਖਿਆ ਕਿ ਮੇਰਾ ਇਸ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ ਹੈ, ਜਦਕਿ ਮੈਨੂੰ ਤਾਂ ਇਸ ਮਸਲੇ ਬਾਰੇ ਵੀ ਕੁਝ ਨਹੀਂ ਪਤਾ, ਸਗੋਂ ਵਿਰੋਧੀ ਧਿਰਾਂ ਮੈਨੂੰ ਜਾਣ-ਬੁੱਝ ਕੇ ਬਦਨਾਮ ਕਰ ਰਹੀਆਂ ਹਨ।


No comments
Post a Comment