
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗਿਰਫਤਾਰ ਕੀਤੇ ਕਾਰਕੁੰਨਾਂ ਨੂੰ ਰਿਹਾਅ ਕਰਨ ਦੀ ਮੰਗ
ਸੰਗਰੂਰ 23 ਮਈ (ਹਰਪਾਲ ਸਿੰਘ ਘਾਬਦਾਂ) ਸਥਾਨਕ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਸੂਬਾ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬੇ ਦੇ ਫੈਸਲੇ ਅਨੁਸਾਰ 26 ਮਈ ਨੂੰ ਸੰਗਰੂਰ ਦੀ ਦਾਣਾ ਮੰਡੀ ਵਿਖੇ ਜਬਰ ਵਿਰੋਧੀ ਰੈਲੀ ਕਰਨ ਦੇ ਦਿੱਤੇ ਸੱਦੇ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ ਅਤੇ ਅੱਜ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਨਿੰਦਾ ਮਤਾ ਪਾਸ ਕਰਦਿਆਂ 20 ਮਈ ਨੂੰ ਜੀਂਦ ਰਿਆਸਤ ਦੇ ਰਾਜੇ ਦੀ ਜਮੀਨ ਦੇ ਕਬਜ਼ੇ ਸਬੰਧੀ ਸੰਘਰਸ਼ ਕਰ ਰਹੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ 500 ਦੇ ਕਰੀਬ ਕਾਰਕੁਨਾਂ ਨੂੰ ਜੇਲੀ ਡੱਕਣ ਦੀ ਸਖਤ ਨਿੰਦਾ ਕਰਦੇ ਹੋਏ ਮਜ਼ਦੂਰਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਵੀ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਦਰਬਾਰਾ ਸਿੰਘ ਛਾਜਲਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਰਾਜੇਵਾਲ ਦੇ ਜ਼ਿਲਾ ਮੀਤ ਪ੍ਰਧਾਨ ਦਰਸ਼ਨ ਕੁਮਾਰ ਲਿਦੜਾ, ਬੀਕੇਯੂ ਡਕੌਂਦਾ ਧਨੇਰ ਦੇ ਆਗੂ ਬਹਾਦਰ ਸਿੰਘ ਘਰਾਚੋਂ, ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਆਗੂ ਧਿਆਨ ਸਿੰਘ ਭੱਟੀਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਇੰਦਰਪਾਲ ਸਿੰਘ ਪੁੰਨਾਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ ਨੇ ਦੱਸਿਆ ਕਿ ਜੋ ਪਿਛਲੇ 25 ਅਪ੍ਰੈਲ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਵੱਲੋਂ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਕੈਬਨਿਟ ਮੰਤਰੀ ਵਰਿੰਦਰ ਗੋਇਲ ਦੇ ਦਬਾਅ ਕਾਰਨ ਪੁਲਿਸ ਦੋਸ਼ੀਆਂ ਨਾਲ ਨਰਮੀ ਵਾਲਾ ਵਤੀਰਾ ਅਪਣਾ ਰਹੀ ਹੈ ਤੇ ਦੋ ਦੋਸ਼ੀਆਂ ਨੂੰ ਕਥਿਤ ਤੌਰ ਤੇ ਜਮਾਨਤ ਲੈਣ ਵਿੱਚ ਵੀ ਪੁਲਿਸ ਵੱਲੋਂ ਮਦਦ ਕੀਤੀ ਗਈ। ਕਿਸਾਨ ਆਗੂ ਤੇ ਹੋਏ ਇਸ ਜਬਰ ਦੇ ਖਿਲਾਫ ਸੰਗਰੂਰ ਦਾਣਾ ਮੰਡੀ ਵਿਖੇ 26 ਮਈ ਨੂੰ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਡੀਸੀ ਦਫਤਰ ਸੰਗਰੂਰ ਤੱਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜਿਲੇ ਅੰਦਰ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਰੋਸ ਮੁਜਾਹਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਲਗਾਤਾਰ ਸੰਘਰਸ਼ੀ ਕਿਸਾਨਾਂ ਮਜ਼ਦੂਰਾਂ ਤੇ ਜਬਰ ਦਾ ਕੁਹਾੜਾ ਤੇਜ਼ ਕਰ ਰਹੀ ਹੈ। ਪਿੰਡ ਜਿਉਂਦ ਵਿਖੇ ਅਤੇ ਚਾਉਕੇ ਵਿਖੇ ਸੰਘਰਸ਼ੀ ਕਿਸਾਨਾ ਤੇ ਪੁਲਿਸ ਵੱਲੋਂ ਜਬਰ ਕੀਤਾ ਗਿਆ ਇਸੇ ਤਰ੍ਹਾਂ ਬਾਇਓਗੈਸ ਫੈਕਟਰੀ ਦੇ ਖਿਲਾਫ ਪਿੰਡ ਅਖਾੜਾ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਜਬਰ ਕੀਤਾ ਗਿਆ ਤੇ ਸੰਗਰੂਰ ਵਿਖੇ ਕਿਸਾਨ ਆਗੂ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਸਹਿ ਤੇ ਗੁੰਡਾ ਗਰੋਹ ਵੱਲੋਂ ਹਮਲਾ ਕਰਕੇ ਗੰਭੀਰ ਜ਼ਖਮੀ ਕੀਤਾ ਗਿਆ। ਇਹ ਸਾਰੇ ਮਾਮਲੇ ਕਿਸਾਨ ਲਹਿਰ ਨੂੰ ਦਬਾਉਣ ਨਾਲ ਸੰਬੰਧਿਤ ਹਨ ਪਰ ਲਹਿਰ ਇਹਨਾਂ ਹਮਲਿਆਂ ਅੱਗੇ ਨਹੀਂ ਝੁਕੇਗੀ ਸਗੋਂ ਇਹਨਾਂ ਹਮਲਿਆਂ ਦਾ ਟਾਕਰਾ ਜਥੇਬੰਦਕ ਸੰਘਰਸ਼ ਰਾਹੀਂ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂ ਨਿਰਮਲ ਸਿੰਘ ਬਟੜਿਆਣਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਦਰਸ਼ਨ ਸਿੰਘ ਕੁੰਨਰਾ, ਜੁਝਾਰ ਸਿੰਘ ਬਡਰੁੱਖਾਂ, ਕੌਰ ਸਿੰਘ ਘਰਾਚੋਂ, ਮਨੀ ਸਿੰਘ ਭੈਣੀ ਗੰਢੂਆਂ, ਕਰਮਜੀਤ ਸਿੰਘ ਮੰਗਵਾਲ, ਸੁਖਦੇਵ ਸਿੰਘ ਉਭਾਵਾਲ ਹਾਜ਼ਰ ਸਨ।
No comments
Post a Comment