ਲੁਧਿਆਣਾ, 24 ਮਈ (ਸੁਰਿੰਦਰ ਸ਼ਿੰਦਾ) ਲੁਧਿਆਣਾ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ ਜਿਸਦਾ ਮੁੱਖ ਕਾਰਨ ਲੁਧਿਆਣਾ ਵਾਸੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਾ ਨਾ ਹੋਣਾ ਹੈ, ਜਿਸ ਦੇ ਕਾਰਨ ਕਈ ਵਾਰੀ ਦਰਦਨਾਕ ਹਾਦਸੇ ਵੀ ਵਾਪਰ ਚੁੱਕੇ ਹਨ। ਸ਼ਹਿਰ ਵਾਸੀ ਜਲਦਬਾਜ਼ੀ ਵਿੱਚ ਲਾਲ ਬੱਤੀ ਪਾਰ ਕਰਨਾ, ਗਲਤ ਤਰੀਕੇ ਨਾਲ ਵਹੀਕਲ ਚਲਾਉਣਾ ਅਤੇ ਤੇਜ਼ ਗਤੀ ਵਿੱਚ ਆਪਣੇ ਵਾਹਨਾਂ ਨੂੰ ਚਲਾਉਂਦੇ ਹਨ, ਜਿਸ ਕਾਰਨ ਦੁਰਘਟਨਾ ਵਾਪਰਦੀ ਹੈ ਅਤੇ ਸੜਕਾਂ ਉੱਪਰ ਜਾਮ ਦੀ ਵੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇੰਨਾ ਸਮੱਸਿਆਵਾਂ ਦੇ ਸੁਝਾਵਾਂ ਨੂੰ ਲੁਧਿਆਣਾ ਵਾਸੀਆਂ ਤੱਕ ਪਹੁੰਚਾਉਣ ਲਈ ਅੱਜ ਦਰਸ਼ਨ ਅਕੈਡਮੀ ਲੁਧਿਆਣਾ ਵਿਖੇ ਪੰਜਾਬ ਰੋਡ ਸੇਫਟੀ ਐਡਵਾਇਜਰੀ ਕਮੇਟੀ ਦੇ ਮੈਂਬਰਾਂ ਅਤੇ ਲੁਧਿਆਣਾ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ 500 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਬੱਚਿਆਂ ਨੂੰ ਸੜਕ ਸੁਰੱਖਿਆ ਸਬੰਧੀ ਨਿਯਮਾਂ, ਟਰੈਫਿਕ ਸਿਗਨਲਾਂ ਅਤੇ ਗਲਤੀ ਕਰਨ ਤੇ ਹੋਣ ਵਾਲੇ ਭਾਰੀ ਜੁਰਮਾਨਿਆਂ ਬਾਰੇ ਜਾਣਕਾਰੀ ਦਿੱਤੀ ਗਈ। ਲੁਧਿਆਣਾ ਟ੍ਰੈਫਿਕ ਜ਼ੋਨ ਇੰਚਾਰਜ ਅਵਤਾਰ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਜਿੱਥੇ ਸੜਕੀ ਹਾਦਸਿਆਂ ਤੋਂ ਬਚਾਅ ਹੁੰਦਾ ਹੈ ਉੱਥੇ ਹੀ ਆਰਥਿਕ ਨੁਕਸਾਨ ਤੋਂ ਵੀ ਬਚਿਆਂ ਜਾ ਸਕਦਾ ਹੈ।
ਉਹਨਾਂ ਕੈਂਪ ਵਿੱਚ ਮੌਜੂਦ ਬੱਚਿਆਂ ਨੂੰ ਸੌਂਹ ਵੀ ਚੁਕਵਾਈ ਕਿ ਉਹ ਭਵਿੱਖ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਆਪਣੇ ਮਾਪਿਆਂ, ਗਲੀ ਗਵਾਂਢ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਵੀ ਕਰਨਗੇ। ਇਸ ਦੇ ਨਾਲ ਹੀ ਬੱਚਿਆਂ ਨੂੰ ਸਾਈਬਰ ਕ੍ਰਾਈਮ ਅਤੇ ਏ-ਆਈ ਦੁਆਰਾ ਕੀਤੀਆਂ ਜਾ ਰਹੀਆਂ ਠੱਗੀਆਂ ਦੀ ਵੀ ਜਾਣਕਾਰੀ ਦਿੱਤੀ ਗਈ, ਜਿਸ ਦੇ ਵਿੱਚ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਆਪਣੀਆਂ ਘੱਟ ਤੋਂ ਘੱਟ ਫੋਟੋਆਂ ਅਤੇ ਵੀਡੀਓ ਨੂੰ ਅਪਲੋਡ ਕਰਨ ਲਈ ਕਿਹਾ ਗਿਆ ਤਾਂ ਜੋ ਕੋਈ ਵੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਤੇ ਪੰਜਾਬ ਸਟੇਟ ਰੋਡ ਸੇਫਟੀ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਡਾ.ਜਗਜੀਤ ਸਿੰਘ, ਪ੍ਰਤੀਕ ਵਰਮਾ, ਮਨਦੀਪ ਕੇਸ਼ਵ ਗੁੱਡੂ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਉਹ ਲੁਧਿਆਣਾ ਸ਼ਹਿਰ ਵਿੱਚ ਪੰਜਾਬ ਟਰੈਫਿਕ ਏ.ਡੀ.ਜੀ.ਪੀ ਸ੍ਰੀ ਏ.ਐਸ ਰਾਏ ਦੇ ਦਿੱਤੇ ਹੋਏ ਸੁਝਾਵਾਂ ਨੂੰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਅਤੇ ਚੌਂਕਾਂ ਦੇ ਵਿੱਚ ਟਰੈਫਿਕ ਨਿਯਮਾਂ ਸੰਬੰਧਿਤ ਕੈਂਪ ਲਗਾ ਕੇ ਲੋਕਾਂ ਤੱਕ ਪਹੁੰਚਾ ਰਹੇ ਹਨ ਤਾਂ ਜੋ ਲੁਧਿਆਣਾ ਸ਼ਹਿਰ ਦੀ ਟਰੈਫਿਕ ਸਬੰਧੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਤੇ ਲੀਡ ਇੰਚਾਰਜ ਸੁਰਜੀਤ ਸਿੰਘ, ਐਜੂਕੇਸ਼ਨ ਸੈਲ ਤੋਂ ਕਾਸਟੇਬਲ ਜਗਬੀਰ ਸਿੰਘ ਵੀ ਮੌਜੂਦ ਰਹੇ।
No comments
Post a Comment