
ਸਿਹਤ ਕੇਂਦਰ ਰਾਮਪੁਰ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ
ਦੋਰਾਹਾ 3 ਜੂਨ (ਮਨਪ੍ਰੀਤ ਸਿੰਘ ਰਣਦਿਓ) ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਪਾਇਲ ਡਾਕਟਰ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਲੇਰੀਆ ਜਾਗਰੂਕਤਾ ਕੈਂਪ ਸਿਹਤ ਕੇਂਦਰ ਰਾਮਪੁਰ ਸੀ ਐਚ ਸੀ ਪਾਇਲ ਵਿਖੇ ਸਿਹਤ ਸੁਪਰਵਾਈਜ਼ਰ ਸੁਖਮਿੰਦਰ ਵੱਲੋਂ ਲਗਾਇਆ ਗਿਆ। ਡਾਕਟਰ ਹਰਵਿੰਦਰ ਸਿੰਘ ਐਸਐਮ ਓ ਪਾਇਲ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ ਮਹੀਨਾ ਜੂਨ ਐਂਟੀ ਮਲੇਰੀਆ ਦੇ ਤੌਰ ਤੇ ਮਨਾਇਆ ਜਾਂਦਾ ਹੈ। ਜਿਸ ਦੌਰਾਨ ਹਰ ਪਿੰਡ ਅਤੇ ਸ਼ਹਿਰਾ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਭੱਠੇ, ਫੈਕਟਰੀਆਂ, ਸਲੱਮ ਏਰੀਆ 'ਚ ਫੀਵਰ ਸਰਵੇ ਕਰਾਇਆ ਜਾਂਦਾ ਹੈ। ਕੈਂਪ ਦੌਰਾਨ ਸਿਹਤ ਸੁਪਰਵਾਈਜ਼ਰ ਸੁਖਮਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਖੜੇ ਪਾਣੀ ਉੱਪਰ ਪਲਦਾ ਹੈ। ਇਸ ਦੇ ਲੱਛਣ ਤੇਜ ਬੁਖਾਰ ਕਾਂਬਾ ਲੱਗਣਾ ਠੰਡ ਲੱਗਣੀ ਉਲਟੀਆਂ ਸਿਰ ਦਰਦ ਅਤੇ ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਆਦਿ ਹਨ। ਬਚਾਅ ਲਈ ਹਰ ਸ਼ੁੱਕਰਵਾਰ ਕੂਲਰ ਫ਼ਰਿੱਜ ਗਮਲੇ ਟਾਇਰ ਆਦਿ ਵਿੱਚ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ। ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉ ਕਰੀਮਾ ਦਾ ਇਸਤੇਮਾਲ ਕੀਤਾ ਜਾਵੇ। ਇਸ ਦਾ ਇਲਾਜ ਅਤੇ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੁੰਦਾ ਹੈ। ਕੋਈ ਬੁਖਾਰ ਮਲੇਰੀਆ ਹੋ ਸਕਦਾ ਹੈ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੋਂ ਜਾਂਚ ਕਰਵਾਈ ਜਾਵੇ। ਕੈਂਪ ਦੌਰਾਨ ਚਰਨਜੀਤ ਕੌਰ ਐਲ ਐਚ ਵੀ, ਖੁਸ਼ਹਾਲ ਸਿੰਘ, ਨੀਤੂ ਸਟਾਫ ਨਰਸ, ਲਵਪ੍ਰੀਤ ਕੌਰ ਸੀਐਚਓ, ਗੁਰਦੀਪ ਸਿੰਘ, ਸੁਪਿੰਦਰ ਕੌਰ ਅਤੇ ਆਸਾ ਵਰਕਰਾਂ ਨੇ ਭਾਗ ਲਿਆ।
No comments
Post a Comment