ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ’ਚ ਫੇਲ੍ਹ ਸਾਬਿਤ ਹੋਈ ਆਪ ਸਰਕਾਰ : ਡਾ. ਕਰੀਮਪੁਰੀ
ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਵੀ ਵਿਧਾਨਸਭਾ ’ਚ ਬਿੱਲ ਲਿਆਂਦਾ ਜਾਵੇ
ਜਲੰਧਰ 9 ਜੁਲਾਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਖਵਿੰਦਰ ਭੱਟੀ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਬੁੱਧਵਾਰ ਨੂੰ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦਿਆਂ ਹੀ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜਾ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ, ਪਰ ਸਾਢੇ ਤਿੰਨ ਸਾਲ ਤੱਕ ਇਹ ਸਰਕਾਰ ਚੁੱਪ ਰਹੀ। ਹੁਣ ਜਾ ਕੇ ਇਹ ਦਾਅਵਾ ਕਰ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਬਿੱਲ ਲਿਆਂਦਾ ਜਾਵੇਗਾ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਜਿਹੜਾ ਬਿੱਲ ਲਿਆਉਣ ਦੀ ਗੱਲ ਕਹੀ ਗਈ ਹੈ, ਉਹ ਭਵਿੱਖ ਦੀਆਂ ਘਟਨਾਵਾਂ ’ਤੇ ਲਾਗੂ ਹੋਣਾ ਹੈ। ਪਰ ਜਿਹੜੀਆਂ ਘਟਨਾਵਾਂ ਬੀਤੇ ਸਮੇਂ ਵਿੱਚ ਹੋ ਚੁੱਕੀਆਂ ਹਨ, ਉਸ ਸਬੰਧੀ ਸਜ਼ਾ ਦੇਣ ਬਾਰੇ ਸਰਕਾਰ ਦਾ ਸਟੈਂਡ ਹਾਂ ਪੱਖੀ ਨਹੀਂ ਹੈ। ਇਸਨੂੰ ਲੈ ਕੇ ਲੋਕਾਂ ਵਿੱਚ ਨਿਰਾਸ਼ਾ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੀ। ਆਪ ਨੇ ਡਰੱਗ ਮਾਫੀਆ ਦੇ ਖਾਤਮੇ ਦਾ ਵਾਅਦਾ ਕੀਤਾ ਸੀ, ਪਰ ਇਸ ਮਾਮਲੇ ਵਿੱਚ ਇਹ ਫੇਲ੍ਹ ਹੋਈ ਹੈ। ਰੋਜ਼ਾਨਾ ਲੋਕ ਨਸ਼ੇ ਨਾਲ ਮਰ ਰਹੇ ਹਨ। ਇਸੇ ਤਰ੍ਹਾਂ ਇਸਨੇ ਰੇਤ ਮਾਫੀਆ ਖਤਮ ਕਰਨ ਦਾ ਦਾਅਵਾ ਕੀਤਾ ਸੀ, ਉਹ ਵੀ ਖੋਖਲਾ ਸਾਬਿਤ ਹੋਇਆ। ਰੁਜ਼ਗਾਰ, ਸਿਹਤ-ਸਿੱਖਿਆ, ਕਾਨੂੰਨ ਵਿਵਸਥਾ ਅਤੇ ਸੂਬੇ ਨੂੰ ਕਰਜ਼ਾ ਮੁਕਤ ਬਣਾਉਣ ਦੇ ਮੋਰਚੇ ’ਤੇ ਵੀ ਆਪ ਸਰਕਾਰ ਬੁਰੀ ਤਰ੍ਹਾਂ ਫਲਾਪ ਸਾਬਿਤ ਹੋਈ ਹੈ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਬਿੱਲ ਦੀ ਨਹੀਂ, ਸਗੋਂ ਵਿੱਲ ਪਾਵਰ ਦੀ ਲੋੜ ਹੈ। ਸਰਕਾਰ ਇਹ ਸਪਸ਼ਟ ਕਰੇ ਕਿ ਉਸਨੇ ਸਾਢੇ ਤਿੰਨ ਸਾਲ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ। ਦੋਸ਼ੀਆਂ ਨੂੰ ਸਜ਼ਾ ਨਾ ਦੇ ਕੇ ਇਸ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਧੋਖਾ ਕੀਤਾ ਹੈ। ਇਹ ਧੋਖਾ ਆਪ ਦੀ ਰਾਜਨੀਤਕ ਹੋਂਦ ਦੀ ਸਮਾਪਤੀ ਦਾ ਕਾਰਨ ਬਣੇਗਾ। ਪੰਜਾਬ ਦੇ ਲੋਕ ਇਸ ਸਰਕਾਰ ਨੂੰ 2027 ਵਿੱਚ ਬਖਸ਼ਣ ਵਾਲੇ ਨਹੀਂ ਹਨ।
ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਦੀਆਂ ਵੀ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ। ਅੰਮ੍ਰਿਤਸਰ, ਫਿਲੌਰ, ਬਟਾਲਾ, ਜਗਰਾਓਂ ਤੇ ਗੜ੍ਹਸ਼ੰਕਰ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੱਗੇ ਜੋਤੀਬਾ ਫੂਲੇ, ਸ਼ਾਹੂ ਜੀ ਮਹਾਰਾਜ, ਨਰਾਇਣਾ ਗੁਰੂ, ਸਵਿੱਤਰੀ ਬਾਈ ਫੂਲੇ, ਬਾਬਾ ਸਾਹਿਬ ਅੰਬੇਡਕਰ, ਸਾਹਿਬ ਕਾਂਸ਼ੀਰਾਮ ਆਦਿ ਮਹਾਪੁਰਖਾਂ ਦੇ ਲੱਗੇ ਬੁੱਤਾਂ ਦੀ ਸੁਰੱਖਿਆ ਦਾ ਮਾਮਲਾ ਬਸਪਾ ਵੱਲੋਂ ਪਹਿਲਾਂ ਵੀ ਚੁੱਕਿਆ ਜਾ ਚੁੱਕਾ ਹੈ। ਇਸਦੇ ਬਾਵਜੂਦ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਆਪ ਸਰਕਾਰ ਇਸ ਮਾਮਲੇ ਵਿੱਚ ਗੰਭੀਰ ਨਹੀਂ ਹੈ। ਸੰਵਿਧਾਨ ਬਚਾਉਣ ਦੀਆਂ ਗੱਲਾਂ ਕਰਨ ਵਾਲੀ ਕਾਂਗਰਸ ਵੀ ਬੁੱਤਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਗੂੰਗੀ ਬਣੀ ਹੋਈ ਹੈ। ਅਕਾਲੀ ਦਲ ਨੇ ਵੀ ਚੁੱਪ ਧਾਰੀ ਹੋਈ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਦੀ ਮੰਗ ਹੈ ਕਿ ਪੰਜਾਬ ਵਿਧਾਨਸਭਾ ਵਿੱਚ ਦੋ ਬਿੱਲ ਲਿਆਂਦੇ ਜਾਣ। ਪਹਿਲਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਅਤੇ ਦੂਜਾ ਬਾਬਾ ਸਾਹਿਬ ਡਾ. ਅੰਬੇਡਕਰ, ਫੂਲੇ, ਨਰਾਇਣਾ ਗੁਰੂ ਆਦਿ ਸਮੇਤ ਸਮਾਜਿਕ ਤੇ ਰਾਜਨੀਤਕ ਆਦਰਸ਼ ਰਹੀਆਂ ਸ਼ਖਸੀਅਤਾਂ ਦੇ ਬੁੱਤਾਂ ਦੀ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਬਿੱਲ ਲਿਆਂਦਾ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ 78 ਸਾਲਾਂ ਵਿੱਚ ਕਾਂਗਰਸ, ਭਾਜਪਾ, ਅਕਾਲੀ ਦਲ ਤੇ ਆਪ ਨੇ ਮਿਲ ਕੇ ਪੰਜਾਬ ਨੂੰ ਸਮਾਜਿਕ, ਰਾਜਨੀਤਕ, ਅੳਾਰਥਿਕ ਤੇ ਪ੍ਰਸ਼ਾਸਨਿਕ ਖੇਤਰ ਵਿੱਚ ਤਬਾਹ ਕੀਤਾ ਹੈ। ਪੰਜਾਬ ਨੂੰ ਖੁਸ਼ਹਾਲੀ, ਤਰੱਕੀ ਦੇ ਰਾਹ ’ਤੇ ਪਾਉਣ ਲਈ ਬਸਪਾ ਵੱਲੋਂ ਸੂਬੇ ਭਰ ਵਿੱਚ ‘ਪੰਜਾਬ ਸੰਭਾਲੋ’ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਉਜਾੜਨ ਵਾਲਿਆਂ ਨੂੰ ਰੱਦ ਕਰਕੇ ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਦਾ ਹਿੱਸਾ ਬਣਨ।
No comments
Post a Comment