27 ਜੁਲਾਈ ਨੂੰ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੀਆਂ ਬਿਜਲੀ ਮੁਲਾਜਮ ਜਥੇਬੰਦੀਆਂ : ਆਗੂ
2 ਜੂਨ ਨੂੰ ਮੰਨੀਆਂ 25 ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਦੇ ਰੋਸ ਚ ਦਿੱਤਾ ਧਰਨਾ : ਆਗੂ
ਲੁਧਿਆਣਾ 17 ਜੁਲਾਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਬਿਜਲੀ ਮੁਲਾਜ਼ਮਾਂ ਦੀਆਂ ਜੁਝਾਰੂ ਜਥੇਬੰਦੀਆਂ ਵੱਲੋਂ ਸਰਕਲ ਪੱਧਰ ਦਾ ਧਰਨਾ ਮੁੱਖ ਚੀਫ ਇੰਜਨੀਅਰ ਦੇ ਦਫਤਰ ਦੇ ਬਾਹਰ ਇੰਜ ਰਘਵੀਰ ਸਿੰਘ ਰਾਮਗੜ੍ਹ ਸੂਬਾਈ ਆਗੂ ਜੁਆਇੰਟ ਫੋਰਮ, ਕਰਤਾਰ ਸਿੰਘ ਤੇ ਇੰਜ ਰਸ਼ਪਾਲ ਸਿੰਘ ਸੂਬਾਈ ਆਗੂ ਬਿਜਲੀ ਮੁਲਾਜਮ ਏਕਤਾ ਮੰਚ, ਇੰਜ ਜਗਤਾਰ ਸਿੰਘ ਸੂਬਾਈ ਆਗੂ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਕੇਵਲ ਸਿੰਘ ਬਨਵੈਤ ਸੂਬਾਈ ਆਗੂ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ, ਜਸਵੀਰ ਸਿੰਘ ਆਂਡਲੂ ਗਰਿੱਡ ਸਬ-ਸਟੇਸ਼ਨ ਇੰਪ ਯੂਨੀਅਨ (ਰਜਿ 24) ਦੀ ਸਾਂਝੀ ਅਗਵਾਈ ਹੇਠ ਲਗਾਇਆ ਗਿਆ। ਜਿਸਦੇ ਮੰਚ ਦਾ ਸੰਚਾਲਨ ਪ੍ਰਧਾਨ ਸਤੀਸ਼ ਭਾਰਦਵਾਜ ਤੇ ਪ੍ਰਧਾਨ ਸੁਰਜੀਤ ਸਿੰਘ ਵੱਲੋਂ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 02/06/25 ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਸੀਐਮਡੀ ਕੇਕੇ ਸਿਨਹਾ ਆਈ ਏ ਐਸ ਨਾਲ ਸਮੁੱਚੀ ਮੈਨੇਜਮੈਂਟਾਂ ਨਾਲ ਮੋਹਾਲੀ ਵਿਖੇ ਅਹਿਮ ਮੀਟਿੰਗ ਹੋਈ ਸੀ, ਜਿਸ ਵਿੱਚ ਲੰਬੀ ਵਿਚਾਰ ਚਰਚਾ ਤੋਂ ਬਾਅਦ 50 ਮੰਗਾਂ ਚੋਂ 25 ਨੂੰ ਲਾਗੂ ਕਰਨ ਉੱਤੇ ਸਹਿਮਤੀ ਬਣ ਗਈ ਸੀ ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਇਸ ਦੇ ਰੋਸ ਵਜੋਂ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਏਓਜੇਈ, ਪੈਨਸ਼ਨਰਜ ਯੂਨੀਅਨ ਏਟਕ ਅਤੇ ਗਰਿੱਡ ਸਬ ਸਟੇਸ਼ਨ ਇੰਪ ਯੂਨੀਅਨ (ਰਜਿ 24) ਵੱਲੋਂ "ਵਰਕ ਟੂ ਰੂਲ" ਦਾ ਪ੍ਰੋਗਰਾਮ ਦਿੰਦਿਆਂ ਡਵੀਜ਼ਨ ਪੱਧਰ ਅਤੇ ਸਰਕਲ ਪੱਧਰ 'ਤੇ ਧਰਨੇ ਦੇਣ ਦਾ ਪ੍ਰੋਗਰਾਮ ਦਿੱਤਾ ਸੀ। ਅੱਜ ਉਸੇ ਲੜੀ ਤਹਿਤ ਸਰਕਲ ਈਸਟ, ਵੈਸਟ ਅਤੇ ਸਬ ਅਰਬਨ ਵੱਲੋਂ ਸਰਕਲ ਪੱਧਰ ਦਾ ਸਾਂਝਾ ਧਰਨਾ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਆਗੂਆਂ ਨੇ ਦੱਸਿਆ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ, ਬਿਜਲੀ ਮੰਤਰੀ ਜਾਂ ਮੈਨੇਜਮੈਂਟ ਨਾ ਜਾਗੀ ਤਾਂ 27 ਜੁਲਾਈ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅੰਮ੍ਰਿਤਸਰ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਅਗਸਤ ਮਹੀਨੇ ਦੇ ਪਹਿਲੇ ਹਫਤੇ ਤੋਂ "ਕਲਮ ਤੇ ਔਜਾਰ ਛੱਡੋ" ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਆਗੂਆਂ ਨੇ ਆਏ ਹੋਏ ਸਾਰੇ ਬਿਜਲੀ ਮੁਲਾਜਮਾਂ ਨੂੰ 27 ਦੀ ਸੂਬਾ ਪੱਧਰੀ ਰੋਸ ਰੈਲੀ ਦੀਆਂ ਤਿਆਰੀਆਂ 'ਚ ਜੁੱਟ ਜਾਣ ਦੇ ਆਦੇਸ਼ ਦਿੱਤੇ। ਹੋਰਨਾਂ ਆਗੂਆਂ ਚਮਕੌਰ ਸਿੰਘ, ਸੋਬਨ ਸਿੰਘ ਠਾਕੁਰ, ਦਲਜੀਤ ਸਿੰਘ, ਕਰਤਾਰ ਸਿੰਘ, ਮਨਜੀਤ ਸਿੰਘ ਮਨਸੂਰਾਂ, ਧਰਮਿੰਦਰ, ਅਵਤਾਰ ਸਿੰਘ ਬੱਸੀਆਂ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਸਰਤਾਜ ਸਿੰਘ, ਗੌਰਵ ਕੁਮਾਰ, ਗਗਨਦੀਪ ਸਿੰਘ ਵਿਰਦੀ, ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜਮ ਹਾਜ਼ਰ ਸਨ।
No comments
Post a Comment