BREAKING NEWS
latest

728x90

 


468x60

‘ਅਧਿਆਪਕ’ ਮਤਲਬ ਕੀ?

 

ਅਧਿਆਪਕ ਦਿਵਸ ’ਤੇ ਵਿਸ਼ੇਸ਼

ਮੈਂ ਲੋਕਾਂ ਨੂੰ ਅਕਸਰ ਹੀ ਇਹ ਆਖਦੇ ਸੁਣਿਆ ਜਾਂ ਲਿਖਤਾਂ ਚੋਂ ਪੜ੍ਹਿਆ ਹੈ, “ਅਧਿਆਪਕ ਦਾ ਦਰਜਾ ਬਹੁਤ ਉੱਚਾ ਹੁੰਦਾ ਹੈ। ਅਧਿਆਪਕ ਦੇਸ਼ ਦੇ ਨਿਰਮਾਣ ’ਚ ਅਹਿਮ ਯੋਗਦਾਨ ਪਾਉਂਦਾ ਹੈ, ਭਾਵ ਬੱਚਿਆਂ ਨੂੰ ਕਾਬਿਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਉਹ ਉਮਰੋਂ ਵੱਡੇ ਹੋਣ ਉਪਰੰਤ ਵੱਖ-ਵੱਖ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਲਈ ਕੰਮ ਕਰ ਸਕਣ। ਵਿਦਿਆਰਥੀ ਦੇ ਵਿਕਾਸ ਵਿੱਚ ਉਸਦੀ ਭਵਿੱਖ ਦੀ ਦਿਸ਼ਾ ਅਤੇ ਸਮਾਜ ਦੇ ਭਵਿੱਖ ਦੇ ਰੂਪ ਨੂੰ ਨਿਰਧਾਰਤ ਕਰਨ ਵਿੱਚ ਅਮੁੱਲ ਯੋਗਦਾਨ ਹੁੰਦਾ ਹੈ। ਵਿਦਿਆਰਥੀ ਦੇ ਜੀਵਨ ਨੂੰ ਸੇਧ ਦੇਣ ਵਿੱਚ ਅਧਿਆਪਕ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਅਧਿਆਪਕ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਮਾਨਸਿਕ ਯੋਗਤਾਵਾਂ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਵਿਦਿਆਰਥੀਆਂ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।” ਪਰ ਮੇਰਾ ਆਪਣਾ ਅਨੁਭਵ ਕੁਝ ਹੋਰ ਹੀ ਰਿਹਾ ਹੈ।

ਦੱਸ ਦਈਏ ਕਿ ਮੇਰਾ ਅਧਿਆਪਕ ਤੋਂ ਭਾਵ ਵਿਦਿਅਕ ਖੇਤਰਾਂ ’ਚ ਪੜ੍ਹਾਉਣ ਵਾਲਿਆਂ ਤੋਂ ਹੈ। ਗੁਰੂ ਸ਼ਬਦ ਦਾ ਉਪਯੋਗ ਸਿਰਫ਼ ਵਿਦਿਅਕ ਖੇਤਰਾਂ ਤੱਕ ਹੀ ਸੀਮਿਤ ਨਹੀਂ ਹੁੰਦਾ, ਕਿਉਂਕਿ ਗੁਰੂ ਹਰ ਚੀਜ਼ ਜਾਂ ਜੀਵ ਕਿਸੇ ਵਿਅਕਤੀ ਲਈ ਬਣ ਸਕਦਾ ਹੈ, ਸਿਰਫ਼ ਸਿੱਖਣ ਲਈ ਤੜਫ਼ ਦੀ ਲੋੜ ਹੁੰਦੀ ਹੈ। ਇਸਦਾ ਅਰਥ ਇਹ ਨਹੀਂ ਕਿ ‘ਅਧਿਆਪਕ’ ਗੁਰੂ ਨਹੀਂ ਹੁੰਦਾ, ‘ਅਧਿਆਪਕ’ ਵੀ ਗੁਰੂ ਹੁੰਦਾ ਹੈ ਪਰ ਇਹ ਗੁਰੂ ਵਿਦਿਅਕ ਖੇਤਰਾਂ ਜਾਂ ਸੰਸਥਾਵਾਂ ਨਾਲ ਸਬੰਧਿਤ ਹੁੰਦਾ ਹੈ।

ਅਧਿਆਪਕਾਂ ਪ੍ਰਤੀ ਮੇਰਾ ਅਨੁਭਵ

ਮੇਰੇ ਅਨੁਸਾਰ ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਗਿਆਨ ਨਹੀਂ। ਕਿਸੇ ਅਧਿਆਪਕ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਸਿਰਫ਼ ਅੰਕ ਪ੍ਰਾਪਤ ਕਰਵਾਉਣਾ ਨਹੀਂ ਹੈ ਤੇ ਨਾ ਹੀ ਸਿਰਫ਼ ਆਪਣੇ ਵਿਸ਼ੇ ਦਾ ਮਾਹਿਰ ਬਣਾਉਣਾ ਹੈ। ਬਲਕਿ ਕੁਝ ਹੋਰ ਹੈ। ਹਰੇਕ ਅਧਿਆਪਕ ਨੂੰ ਆਪਣੇ ਆਪ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਉਸਦਾ ਅਧਿਆਪਕ ਹੋਣ ਦਾ ਅਸਲ ਮਕਸਦ ਕੀ ਹੈ। ਜੇ ਅਧਿਆਪਕ ਵਿਦਿਆਰਥੀ ਦਾ ਨਿਰਮਾਣ ਕਰਦਾ ਹੈ ਤਾਂ ਇਸਦਾ ਅਰਥ ਕੀ ਹੈ। ਅਧਿਆਪਕ ਦਾ ਦੇਸ਼ ਲਈ ਅਹਿਮ ਯੋਗਦਾਨ ਹੁੰਦਾ ਹੈ, ਪਰ ਕਿਵੇਂ। ਕੀ ਸਿਰਫ਼ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਕੇ ਅਧਿਆਪਕ ਹੋਇਆ ਜਾ ਸਕਦਾ।

ਮੈਂ ਆਪਣੇ ਸਕੂਲ ਟਾਈਮ ਇਹ ਵੇਖਦਾ ਸੀ ਕਿ ਕਿਸੇ ਵਿਦਿਆਰਥੀ ਅੰਦਰ ਪੜ੍ਹਨ ਪ੍ਰਤੀ ਕੋਈ ਚਾਹਤ ਨਹੀਂ ਹੁੰਦੀ ਸੀ ਪਰ ਫੇਰ ਵੀ ਉਹ ਪੜ੍ਹਦੇ ਸਨ। ਕੋਈ ਝਿੜਕ ਖਾ ਕੇ ਪੜ੍ਹਦਾ ਸੀ ਤੇ ਕੋਈ ਕੁੱਟ ਖਾ ਕੇ, ਕੋਈ ਮਾਪਿਆਂ ਦੇ ਦਬਾਅ ਹੇਠ ਪੜ੍ਹਦਾ ਸੀ ਤੇ ਕੋਈ ਅਧਿਆਪਕ ਕੋਲੋਂ ਕੁੱਟ ਜਾਂ ਝਿੜਕ ਨਾ ਪੈ ਜਾਵੇ ਇਸ ਕਰਕੇ ਪੜ੍ਹਦਾ ਸੀ। ਮੈਂ ਆਪ ਮਜਬੂਰੀ ਨਾਲ ਪੜ੍ਹਦਾ ਸੀ, ਮੇਰੇ ਅੰਦਰ ਵੀ ਪੜ੍ਹਾਈ ਪ੍ਰਤੀ ਕੋਈ ਚਾਹਤ ਨਹੀਂ ਹੁੰਦੀ ਸੀ ਪਰ ਫੇਰ ਵੀ ਉਹ ਪੜ੍ਹਦੇ ਸਨ। ਕੋਈ ਝਿੜਕ ਖਾ ਕੇ ਪੜ੍ਹਦਾ ਸੀ ਤੇ ਕੋਈ ਕੁੱਟ ਖਾ ਕੇ, ਕੋਈ ਮਾਪਿਆਂ ਦੇ ਦਬਾਅ ਹੇਠ ਪੜ੍ਹਦਾ ਸੀ ਤੇ ਕੋਈ ਅਧਿਆਪਕ ਕੋਲੋਂ ਕੁੱਟ ਜਾਂ ਝਿੜਕ ਨਾ ਪੈ ਜਾਵੇ ਇਸ ਕਰਕੇ ਪੜ੍ਹਦਾ ਸੀ। ਮੈਂ ਆਪ ਮਜਬੂਰੀ ਨਾਲ ਪੜ੍ਹਦਾ ਸੀ, ਮੇਰੇ ਅੰਦਰ ਵੀ ਪੜ੍ਹਾਈ ਪ੍ਰਤੀ ਕੋਈ ਉਤਸੁਕਤਾ ਨਹੀਂ ਸੀ। ਕਈ ਵਿਦਿਆਰਥੀ ਜੋ ਪੜ੍ਹਦੇ ਵੀ ਸਨ, ਉਨ੍ਹਾਂ ਦੇ ਪੜ੍ਹਨ ਦਾ ਕਾਰਨ ਪੜ੍ਹਾਈ ’ਚ ਰੂਚੀ ਨਹੀਂ ਬਲਕਿ ਨੰਬਰਾਂ ਦੀ ਭੁੱਖ ਸੀ। ਨੰਬਰਾਂ ਦੀ ਭੁੱਖ ਇਸ ਕਰਕੇ ਤਾਂ ਜੋ ਉਨ੍ਹਾਂ ਨੂੰ ਅਧਿਆਪਕਾਂ ਅਤੇ ਲੋਕਾਂ ਦਾ ਧਿਆਨ ਮਿਲ ਸਕੇ। ਇਸ ਨਾਲ ਉਨ੍ਹਾਂ ਦੇ ਹੰਕਾਰ ਨੂੰ ਚੰਗੀ ਖੁਰਾਕ ਮਿਲਦੀ ਸੀ। ਇਹ ਭਾਵਨਾ ਕਿ ਅਸੀਂ ਕਿਸੇ ਦੂਜੇ ਤੋਂ ਉੱਚੇ ਹਾਂ, ਘਾਤਕ ਹੁੰਦੀ ਹੈ ਜੋ ਸਾਡੇ ਦੁੱਖ ਦਾ ਕਾਰਨ ਬਣਦੀ ਹੈ। ਜੇ ਇਹ ਭਾਵਨਾ ਕਿਸੇ ਨੂੰ ਦੁੱਖ ਨਹੀਂ ਪ੍ਰਤੀਤ ਹੁੰਦੀ ਤਾਂ ਉਨ੍ਹਾਂ ਨੂੰ ਦੱਸ ਦਈਏ ਕਿ ਉਹ ਇਸ ਭਾਵਨਾ ਨੂੰ ਰੱਖ ਕੇ ਜ਼ਿੰਦਗੀ ਦੇ ਇੱਕ ਜ਼ਰੂਰੀ ਆਨੰਦ ਤੋਂ ਦੂਰ ਜਾ ਰਹੇ ਹਨ।

  ਹੁਣ ਅਧਿਆਪਕ ਆਪ ਵੀ ਵੇਖ ਲੈਣ ਕਿ ਸਾਡੇ ਅੰਦਰ ਪੜ੍ਹਾਈ ਪ੍ਰਤੀ ਰੂਚੀ ਨਾ ਹੋਣਾ ਇੱਕ ਸਮੱਸਿਆ ਹੈ। ਇੱਕ ਜ਼ਿੰਮੇਵਾਰ ਅਧਿਆਪਕ ਕਿਵੇਂ ਇਸ ਸਮੱਸਿਆ ਨੂੰ ਟਾਲ ਸਕਦਾ ਹੈ। ਇੱਕ ਜ਼ਿੰਮੇਵਾਰ ਅਧਿਆਪਕ ਜ਼ਰੂਰ ਇਸ ਸਮੱਸਿਆ ਪ੍ਰਤੀ ਕਦਮ ਉਠਾਉਂਦਾ। ਕਿਉਂਕਿ ਉਹ ਜਾਣਦਾ ਹੋਵੇਗਾ ਕਿ ਜੇਕਰ ਵਿਦਿਦਆਰਥੀ ਪੜ੍ਹਾਈ ਨੂੰ ਸਿਰਫ਼ ਮਸ਼ੀਨਾਂ ਵਾਂਗ ਹੀ ਪੜ੍ਹਦੇ ਰਹੇ ਤਾਂ ਉਹਨਾਂ ਦਾ ਇਹ ਮਸ਼ੀਨੀ ਸੁਭਾਅ ਉਨ੍ਹਾਂ ਦੀ ਪੂਰੀ ਜ਼ਿੰਦਗੀ ਨੂੰ ਏਦਾਂ ਹੀ ਗੁਜ਼ਾਰ ਦਵੇਗਾ। ਮਨੁੱਖ ਵੈਸੇ ਹੀ ਭੱਜਦੌੜ ਕਰਦਾ ਰਹਿੰਦਾ ਹੈ ਜਿਸ ਕਾਰਨ ਉਹ ਆਪਣੀ ਬੁੱਧੀ ’ਚ ਅਟਕਿਆ ਰਹਿੰਦਾ ਹੈ ਤੇ ਉਸਦਾ ਦਿਮਾਗ ਉਸਦਾ ਹਰ ਦਿਨ ਲੰਘਾ ਦਿੰਦਾ ਹੈ ਤੇ ਫੇਰ ਉਹ ਸੋਚਦਾ ਹੈ ਕਿ ਅੱਜ ਦੇ ਦਿਨ ਦਾ ਤਾਂ ਪਤਾ ਹੀ ਨਹੀਂ ਚੱਲਿਆ। ਉਸਨੂੰ ਇਹ ਪਤਾ ਹੀ ਨਹੀਂ ਚੱਲ ਪਾਉਂਦਾ ਕਿ ਬੁੱਧੀ ਬਗ਼ੈਰ ਵੀ ਰਿਹਾ ਜਾ ਸਕਦਾ। ਮੇਰੇ ਅਨੁਸਾਰ ਪੜ੍ਹਾਈ ਨੂੰ ਸਿਰਫ਼ ਪਾਸ ਹੋਣ ਲਈ, ਵੱਧ ਤੋਂ ਵੱਧ ਅੰਕ ਲਿਆਉਣ ਲਈ ਜਾਂ ਡਰ ਕਾਰਨ ਨਹੀਂ ਪੜ੍ਹਨਾ ਚਾਹੀਦਾ, ਸਗੋਂ ਇੱਕ ਖੋਜੀ ਵਜੋਂ ਪੜ੍ਹਨਾ ਚਾਹੀਦਾ ਹੈ। ਜਦੋਂ ਕੋਈ ਇੱਕ ਖੋਜੀ ਵਜੋਂ ਪੜ੍ਹੇਗਾ ਤਾਂ ਉਸਨੂੰ ਪਤਾ ਚੱਲੇਗਾ ਕਿ ਪੜ੍ਹਾਈ ਦਾ ਅਸਲ ਮਤਲਬ ਕੀ ਹੈ। ਇਸ ਨਾਲ ਉਸਦਾ ਸੁਭਾਅ ਮਸ਼ੀਨੀ ਨਹੀਂ ਸਗੋਂ ਜਾਗਰੂਕ ਹੋਵੇਗਾ। ਜਾਗਰੂਕ ਵਿਅਕਤੀ ਕੋਈ ਵੀ ਕੰਮ ਐਵੇਂ ਹੀ ਨਹੀਂ ਕਰਦਾ, ਸਗੋਂ ਉਸਨੂੰ ਆਪਣੀ ਖ਼ੁਦ ਦੀ ਸਥਿਤੀ ਅਤੇ ਦੁਨੀਆ ਦੀ ਸਥਿਤੀ ਬਾਰੇ ਪਤਾ ਚਲਦਾ ਹੈ। ਉਸਨੂੰ ਆਪਣੀ ਕਮੀ ਅਤੇ ਉਹ ਸਮੱਸਿਆ ਵੀ ਦਿਖਦੀ ਹੈ ਜੋ ਦੂਜਿਆਂ ਨੂੰ ਦੁਨੀਆ ’ਚ ਨਹੀਂ ਦਿਖਦੀ। ਜੇਕਰ ਕੋਈ ਵਿਅਕਤੀ ਜਾਗਰੂਕ ਹੋਣ ਤੋਂ ਬਾਅਦ ਵੀ ਕਿਸੇ ਸਮੱਸਿਆ ਦੇ ਹੱਲ ਵੱਲ ਗਤੀਸ਼ੀਲ ਨਹੀਂ ਹੁੰਦਾ ਤਾਂ ਉਸਦੀ ਜਾਗਰੂਕਤਾ ਉਸਦੇ ਦੁੱਖ ਦਾ ਕਾਰਨ ਬਣੇਗੀ, ਜੋ ਕਿ ਸੱਚਮੁੱਚ ਮਨੁੱਖ ਹੋਣ ਦਾ ਫਾਇਦਾ ਅਤੇ ਨੁਕਸਾਨ ਦੋਨੋਂ ਹੈ। ਕਈ ਅਧਿਆਪਕਾਂ ਨੂੰ ਸਿੱਖਿਆ ਤੰਤਰ ਦੀਆਂ ਸਮੱਸਿਆਵਾਂ ਵੀ ਦਿਖਦੀਆਂ ਹੋਣਗੀਆਂ ਪਰ ਉਹ ਜੇਕਰ ਫੇਰ ਵੀ ਕੋਈ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ, ਜਾਂ ਤਾਂ ਉਹ ਦੁੱਖ ਮਹਿਸੂਸ ਕਰਨਗੇ ਜਾਂ ਉਹਨਾਂ ਅੰਦਰ ਉਮੀਦ ਦੀ ਕੋਈ ਕਿਰਨ ਨਹੀਂ ਹੋਵੇਗੀ, ਭਾਵ ਉਹ ਹਾਰੇ ਹੋਏ ਤੇ ਊਰਜਾਹੀਣ ਹੋਣਗੇ। ਜ਼ਿੰਦਗੀ ਤੋਂ ਉਮੀਦ ਨਾ ਰੱਖਣਾ ਹੈ ਤਾਂ ਇੱਕ ਚੰਗਾ ਸੰਕੇਤ, ਪਰ ਹਮੇਸ਼ਾ ਇਹ ਚੰਗਾ ਸੰਕੇਤ ਨਹੀਂ ਹੋ ਸਕਦਾ। ਕਈ ਵਾਰ ਸਾਡੇ ਅੰਦਰ ਦੀਆਂ ਕਮੀਆਂ ਸਾਡੇ ਅੰਦਰਲੀ ਉਮੀਦ ਨੂੰ ਖ਼ਤਮ ਕਰ ਦਿੰਦੀਆਂ ਹਨ।

 ਸਕੂਲ ਅਤੇ ਕਾਲਜ ਭਾਵ ਵਿਦਿਦਅਕ ਸੰਸਥਾਵਾਂ, ਜੋ ਕਿ ਵਪਾਰ ਕੇਂਦਰ ਵੀ ਹਨ। ਇਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਵਾਧੂ ਅੰਕ ਪ੍ਰਾਪਤ ਕਰਨ, ਦੂਜੇ ਸਕੂਲਾਂ ਜਾਂ ਕਾਲਜਾਂ ਨੂੰ ਪਿੱਛੇ ਛੱਡਣ ਤਾਂ ਕਿ ਇਹਨਾਂ ਦੀ ਆਪਣੀ ਵਿਦਿਅਕ ਸੰਸਥਾ ਦਾ ਨਾਮ ਲੋਕਾਂ ਸਾਮ੍ਹਣੇ ਆ ਸਕੇ ਤੇ ਵਿਦਿਅਕ ਸੰਸਥਾ ਦੀ ਮੰਗ ਵੱਧ ਸਕੇ। ਜਦੋਂ ਕਿਸੇ ਵਿਦਿਅਕ ਸੰਸਥਾ ਦੀ ਮੰਗ ਵਧੇਗੀ ਤਾਂ ਫੀਸਾਂ ਵਧਾ ਕੇ ਲਾਭ ਕਮਾਇਆ ਜਾ ਸਕਦਾ। ਇਸੇ ਕਾਰਨ ਕਰਕੇ ਵਿਦਿਅਕ ਸੰਸਥਾਵਾਂ ਦੇ ਅਧਿਆਪਕ ਆਪਣੇ ਮਕਸਦ ਉੱਤੇ ਕੰਮ ਨਹੀਂ ਕਰਦੇ ਤੇ ਸਿਰਫ਼ ਦਿਖਾਵੇ ਵਾਲੇ ਕੰਮਾਂ ’ਚ ਲੱਗੇ ਰਹਿੰਦੇ ਹਨ। ਹੋਰ ਤਾਂ ਹੋਰ ਕਈ ਅਧਿਆਪਕਾਂ ਨੂੰ ਇਹ ਵਹਿਮ ਹੁੰਦਾ ਹੈ ਕਿ ਉਹਨਾਂ ਦਾ ਵਿਦਿਆਰਥੀ ਦਾ ਕੁਟਾਪਾ ਚਾੜਨਾ ਜਾਇਜ਼ ਹੈ, ਜੋ ਕਿ ਫੇਰ ਤੋਂ ਉਹੀ ਸਮੱਸਿਆ ਹੈ ਕਿ ਕੁਟਾਪਾ ਚਾੜਨ ਦੀ ਲੋੜ ਹੀ ਕਿਉਂ ਪੈ ਰਹੀ ਹੈ। ਕੀ ਮਨੁੱਖ ਪਸ਼ੂਆਂ ਬਰਾਬਰ ਹੈ ਜਾਂ ਮਨੁੱਖ ਦੀ ਜਾਗਰੂਕਤਾ ਪਸ਼ੂਆਂ ਨਾਲੋਂ ਉੱਚੀ ਹੈ। ਇਥੋਂ ਇਹ ਵੀ ਪਤਾ ਚਲਦਾ ਕਿ ਅਧਿਆਪਕਾਂ ਨੂੰ ਨਹੀਂ ਪਤਾ ਕਿ ਪੜ੍ਹਾਉਣ ਦਾ ਸਹੀ ਤਰੀਕਾ ਕੀ ਹੈ।

  ਇੱਕ ਗੱਲ ਇਹ ਵੀ ਹੈ ਕਿ ਅਧਿਆਪਕ ਅਪਣਾਉਂਦੇ ਹੀ ਨਹੀਂ ਕਿ ਕਈ ਕੰਮ ਅਜਿਹੇ ਹਨ ਜੋ ਕਿ ਫਾਲਤੂ ਹਨ, ਜਿਵੇਂ ਛੁੱਟੀਆਂ ਦਾ ਕੰਮ। ਜੇਕਰ ਛੁੱਟੀਆਂ ਦਾ ਕੰਮ ਹੀ ਦੇਣਾ ਹੈ ਤਾਂ ਉਹ ਦਿੱਤਾ ਜਾਵੇ ਜਿਸ ਵਿੱਚ ਵਿਦਿਆਰਥੀ ਦੀ ਸੋਚ ਦਾ ਵਿਕਾਸ ਹੋ ਸਕੇ। ਜੋ ਕੰਮ ਪਹਿਲਾਂ ਹੀ ਵਿਦਿਆਰਥੀਆਂ ਨੇ ਕੀਤਾ ਹੁੰਦਾ ਹੈ ਉਹੀ ਕੰਮ ਦੁਬਾਰਾ ਉਨ੍ਹਾਂ ਨੂੰ ਕਰਨ ਲਈ ਦੇ ਦਿੱਤਾ ਜਾਂਦਾ ਹੈ। ਜੋ ਚੀਜ਼ ਕਿਤਾਬ ’ਚ ਹੁੰਦੀ ਹੈ ਉਸਨੂੰ ਫੇਰ ਤੋਂ ਕਾਪੀਆਂ ’ਚ ਉਤਾਰਨ ਲਈ ਕਹਿ ਦਿੱਤਾ ਜਾਂਦਾ ਹੈ। ਭਾਵ ਵਿਦਿਆਰਥੀਆਂ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਪ੍ਰਿੰਟਰ ਵਾਂਗ ਫੋਟੋ ਕਾਪੀ ਕਰੋ। ਕਾਲਜਾਂ ਦਾ ਵੀ ਇਹੋ ਹਾਲ ਹੈ। ਕਾਲਜ ਵੀ ਸਕੂਲ ਹੀ ਹਨ, ਫ਼ਰਕ ਸਿਰਫ਼ ਇੰਨਾ ਹੈ ਕਿ ਕਾਲਜਾਂ ’ਚ ਵਿਦਿਆਰਥੀ ਦੀ ਮਰਜ਼ੀ ਹੁੰਦੀ ਹੈ ਕਿ ਉਹ ਲੈਕਚਰ ਲਾਵੇ ਜਾਂ ਨਾ ਲਾਵੇ। ਸਿਰਫ਼ ਹਾਜ਼ਰੀ ਪੂਰੀ ਹੋਣੀ ਚਾਹੀਦੀ ਹੈ।

 ਸਕੂਲ ਅਤੇ ਕਾਲਜਾਂ ’ਚ 14 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀ ਭਾਵ ਮੁੰਡਾ, ਕੁੜੀ ਜਦੋਂ ਇੱਕ ਦੂਜੇ ਪ੍ਰਤੀ ਖਿੱਚ ਮਹਿਸੂਸ ਕਰਦੇ ਹਨ ਤਾਂ ਅਧਿਆਪਕਾਂ ਨੂੰ ਇਸ ਗੱਲ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਕਿ ਇਸ ਉਮਰ ’ਚ ਉਨ੍ਹਾਂ ਦੀ ਊਰਜਾ ਇੱਕ ਦੂਜੇ ਪ੍ਰਤੀ ਖਿੱਚੇ ਜਾਣ ਵੱਲ ਹੀ ਲੱਗੇਗੀ। ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਵੱਲ ਲੱਗੇ ਇਸਦੇ ਲਈ ਉਨ੍ਹਾਂ ਵਿੱਚਕਾਰ ਬਣਾਏ ਗਏ ਫਾਸਲੇ ਨੂੰ ਹਟਾ ਦੇਣਾ ਚਾਹੀਦਾ ਹੈ। ਖਿਆਲ ਰਹੇ ਮੁੰਡੇ-ਕੁੜੀਆਂ ਵਿੱਚਕਾਰ ਸਿਰਫ਼ ਫਾਸਲੇ ਨੂੰ ਹਟਾ ਕੇ ਕੰਮ ਨਹੀਂ ਚੱਲੇਗਾ ਸਗੋਂ ਉਨ੍ਹਾਂ ਨੂੰ ਸਰੀਰਕ ਤੇ ਖ਼ਾਸਕਰ ਮਾਨਸਿਕ ਗਿਆਨ ਵੀ ਦੇਣਾ ਜ਼ਰੂਰੀ ਹੋਵੇਗਾ। ਇਸਦਾ ਅਰਥ ਇਹ ਹੈ ਕਿ ਵਿਦਿਆਰਥੀਆਂ ਨਾਲ ਗੱਲਬਾਤ ਜ਼ਰੀਏ ਪੁੱਛਿਆ ਜਾਵੇ ਕਿ ਮੁੰਡੇ-ਕੁੜੀ ਵਿੱਚਕਾਰ ਖਿੱਚ ਕੀ ਹੈ। ਉਨ੍ਹਾਂ ਨੂੰ ਗਿਆਨ ਨਾ ਦਿੱਤਾ ਜਾਵੇ ਸਗੋਂ ਗੱਲਬਾਤ ਜਾਂ ਦੋਹਾਂ ਪਾਸਿਓਂ (ਅਧਿਆਪਕ ਤੇ ਵਿਦਿਆਰਥੀਆਂ ਵਿੱਚਕਾਰ) ਸਵਾਲ-ਜਵਾਬ ਹੋਣ। ਅਧਿਆਪਕ ਦਾ ਮਕਸਦ ਹੋਣਾ ਚਾਹੀਦਾ ਹੈ ਕਿ ਕਿਵੇਂ ਆਪਣੇ ਆਪ ਵਿਦਿਆਰਥੀਆਂ ਅੰਦਰ ਬਿਨ੍ਹਾਂ ਨਿਯੰਤਰਣ ਕੀਤੇ ਆਪਣੀ ਜ਼ਿੰਮੇਵਾਰੀ ਪ੍ਰਤੀ ਊਰਜਾ ਗਤੀਸ਼ੀਲ ਕੀਤੀ ਜਾ ਸਕਦੀ ਹੈ। ਇਸਦਾ ਤਰੀਕਾ ਕੀ ਹੈ, ਇਹ ਅਧਿਆਪਕ ਆਪ ਦੇਖਣ। ਉਹ ਅਧਿਆਪਕ ਹੀ ਕਿਹੋ ਜਿਹਾ ਜੋ ਮਨੁੱਖੀ ਦਿਮਾਗ ਨੂੰ ਹੀ ਨਾ ਸਮਝਦਾ ਹੋਵੇ।

   ਸਕੂਲਾਂ, ਕਾਲਜਾਂ ਅੰਦਰ ਧਾਰਮਿਕ ਸਿੱਖਿਆ ਨਾ ਦਿੱਤੀ ਜਾਂਦੀ ਹੋਵੇ ਇਹ ਅਸੰਭਵ ਹੈ। ਘੱਟੋ-ਘੱਟ ਵਿਦਿਅਕ ਸੰਸਥਾਵਾਂ ਨੂੰ ਤਾਂ ਧਾਰਮਿਕ ਸਿੱਖਿਆ ਤੋਂ ਮੁਕਤ ਰੱਖਣਾ ਚਾਹੀਦਾ ਹੈ। ਵਿਦਿਆਰਥੀਆਂ ਦੇ ਦਿਮਾਗ ਨੂੰ ਖਾਲ੍ਹੀ ਰਹਿਣ ਦੇਣਾ ਚਾਹੀਦਾ ਹੈ ਜਿਸ ਵਿੱਚ ਕੀ ਪਾਉਣਾ ਹੈ, ਇਹ ਵਿਦਿਆਰਥੀ ਆਪ ਤੈਅ ਕਰੇ। ਵਿਦਿਆਰਥੀਆਂ ਨੂੰ ਜੀਵਨ ਦੇ ਸਵਾਲਾਂ ਦੇ ਜਵਾਬ ਆਪ ਖੋਜਣ ਦਿੱਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਅੰਦਰ ਲਾਲਸਾ ਨਾ ਹੋਣਾ, ਹੰਕਾਰ ਨਾ ਹੋਣਾ, ਮਦਦ ਕਰਨ ਦਾ ਭਾਵ ਹੋਣਾ, ਅਜਿਹੇ ਗੁਣਾਂ ਦੀ ਅਸੀਂ ਉਨ੍ਹਾਂ ਕੋਲੋਂ ਆਸ ਤਾਂ ਜ਼ਰੂਰ ਕਰਦੇ ਹਾਂ ਪਰ ਵਿਦਿਅਕ ਸੰਸਥਾਵਾਂ ਦਾ ਵਾਤਾਵਰਨ ਅਜਿਹਾ ਹੋਣ ਨਹੀਂ ਦਿੰਦਾ। ਜੱਦ ਅੰਕ ਦੇ ਦਿੱਤੇ ਜਾਣ, ਪੁਜੀਸ਼ਨਾਂ ਦੇ ਦਿੱਤੀਆਂ ਜਾਣ, ਫੇਲ੍ਹ-ਪਾਸ ਐਲਾਨ ਦਿੱਤਾ ਜਾਵੇ ਤਾਂ ਨਾ ਲਾਲਸਾ ਖ਼ਤਮ ਹੋਵੇਗੀ, ਨਾ ਹੰਕਾਰ ਤੇ ਨਾ ਮਦਦ ਦਾ ਭਾਵ। ਇਸਦਾ ਕੀ ਹੱਲ ਹੈ ਇਹ ਦੱਸਣ ਲਈ ਇਹ ਲੇਖ ਨਹੀਂ ਸਗੋਂ ਵਿਦਿਅਕ ਸੰਸਥਾਵਾਂ ਆਪ ਦੇਖਣ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀ ਹੈ। ਕਿਵੇਂ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਸਕਦੇ ਹਨ ਤੇ ਕਿਵੇਂ ਉਹ ਆਪ ਜਾਗਰੂਕ ਹੋ ਸਕਦੇ ਹਨ ਤੇ ਸਹੀ ਮਾਇਨੇ ’ਚ ਅਧਿਆਪਕ ਕਹਾਏ ਜਾ ਸਕਦੇ ਹਨ। ਜੇਕਰ ਉਹਨਾਂ ਕੋਲ ਹੱਲ ਹੀ ਨਹੀਂ ਤਾਂ ਵਿਦਿਅਕ ਸੰਸਥਾਵਾਂ ਸਿਰਫ਼ ਵਪਾਰਕ ਕੇਂਦਰ ਹਨ ਨਾ ਕਿ ਸਿੱਖਿਆ ਦਾ ਕੇਂਦਰ, ਜਿੱਥੇ ਉਮਰੋਂ ਛੋਟਾ ਤੇ ਮਾਸੂਮ ਮਨੁੱਖ ਆਉਂਦਾ ਤਾਂ ਜ਼ਰੂਰ ਹੈ ਪਰ ਨਿਕਲਦਾ ਮਸ਼ੀਨ ਬਣ ਕੇ ਹੈ। ਜੇ ਕਿਸੇ ਅਧਿਆਪਕ ਕੋਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਤਾਂ ਉਹ ਅਧਿਆਪਕ ਨਹੀਂ ਸਗੋਂ ਕਿਸੇ ਵਿਸ਼ੇ ਦੀ ਅਧੂਰੀ ਕਿਤਾਬ ਮਾਤਰ ਹੈ।

ਸਾਰ

ਹਰੇਕ ਅਧਿਆਪਕ ਨੂੰ ਇਹ ਦੇਖਣ ਦੀ ਲੋੜ ਹੈ ਕਿ ਉਸਦੀ ਜ਼ਿੰਮੇਵਾਰੀ ਜਿੰਨੀ ਉਹ ਸੋਚ ਰਿਹਾ ਹੈ ਉਸ ਤੋਂ ਕਿਤੇ ਵੱਡੀ ਹੈ। ਉਸਦੀ ਜ਼ਿੰਮੇਵਾਰੀ ਕੀ ਹੈ ਇਸ ਬਾਰੇ ਉਹ ਪੂਰਨ ਤੌਰ ’ਤੇ ਜਾਗਰੂਕ ਹੋਵੇ। ਅਧਿਆਪਕ ਦੀਵੇ ਸਮਾਨ ਹੁੰਦਾ ਹੈ ਜੋ ਕਿ ਹਨੇਰੇ ਨੂੰ ਸਿਰਫ਼ ਦੂਰ ਹੀ ਨਹੀਂ ਕਰਦਾ ਸਗੋਂ ਉਸ ਨੂੰ ਰੌਸ਼ਨੀ ਨੂੰ ਜਗਾਏ ਰੱਖਣ ਲਈ ਆਪ ਵੀ ਤਪਣਾ ਪੈਂਦਾ ਹੈ। ਇਸਦਾ ਅਰਥ ਇਹ ਹੈ ਕਿ ਇੱਕ ਅਧਿਆਪਕ ਪੂਰਨ ਜਾਗਰੂਕ ਹੁੰਦਾ ਹੈ ਜਿਸਨੂੰ ਦੁਨੀਆ ਅਤੇ ਆਪਣੇ ਅੰਦਰਲਾ ਸੱਚ ਪਤਾ ਹੁੰਦਾ ਹੈ, ਨਾਲ ਹੀ ਉਹ ਆਪਣੀ ਜਾਗਰੂਕਤਾ ਨੂੰ ਬਣਾਏ ਰੱਖਣ ਅਤੇ ਦੁਨੀਆ ਨੂੰ ਜਾਗਰੂਕ ਬਣਾਉਣ ਲਈ ਹਨੇਰੇ ਵਿਰੁੱਧ ਤੱਪ ਭਾਵ ਸੰਘਰਸ਼ ਕਰਦਾ ਹੈ। ਖਿਆਲ ਰਹੇ ਕਿ ਇੱਥੇ ਸੰਘਰਸ਼ ਦਾ ਮਤਲਬ ਮੌਜੂਦਾ ਵਿਵਸਥਾ ਨੂੰ ਬਦਲਣ ਤੋਂ ਹੈ।  ਇਸ ਤੋਂ ਪਤਾ ਚੱਲਦਾ ਹੈ ਕਿ ਅਧਿਆਪਕ ਦਾ ਦਰਜਾ ਸੱਚਮੁੱਚ ਦੁਨੀਆ ਦੇ ਸਾਰੇ ਅਹੁਦਿਆਂ ਨਾਲੋਂ ਕਿਤੇ ਵੱਡਾ ਹੈ ਕਿਉਂਕਿ ਇਸ ਅਹੁਦੇ ਦੀ ਜ਼ਿੰਮੇਵਾਰੀ ਹੀ ਵੱਡੀ ਹੈ, ਜਿਸ ਕਾਰਨ ਇੱਕ ਸੱਚੇ ਅਧਿਆਪਕ ਦਾ ਆਦਰ ਜ਼ਰੂਰੀ ਹੁੰਦਾ ਹੈ ਤੇ ਜਿੱਥੇ ਵੀ ਅਜਿਹਾ ਅਧਿਆਪਕ ਹੈ ਉਸਨੂੰ ਮੇਰਾ ਨਮਨ।


ਹਰਸ਼ਦੀਪ

ਸਹਿ-ਸੰਪਾਦਕ

78890-11728





« PREV
NEXT »

Facebook Comments APPID