ਡਾ ਕਰੀਮਪੁਰੀ ਸਤਲੁਜ ਬੰਨ ਦੇ ਦੌਰੇ ਦੌਰਾਨ ਰੇਤ ਮਾਫੀਆਂ ਖਿਲਾਫ ਲੜਨ ਵਾਲੀ ਵਕੀਲ ਸਿਮਰਨ ਗਿੱਲ ਨੂੰ ਮਿਲੇ
ਬਸਪਾ ਰੇਤ ਮਾਫੀਆ ਖਿਲਾਫ ਸੀ ਤੇ ਰਹੇਗੀ, ਲੋਕ ਵੀ ਮਾਫੀਆ ਖਿਲਾਫ ਲੜਨ ਵਾਲੇ ਲੋਕਾਂ ਦੇ ਬਣਨ ਸਹਿਯੋਗੀ : ਕਰੀਮਪੁਰੀ
ਲੁਧਿਆਣਾ 8 ਸਤੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਸਸਰਾਲੀ ਕਲੋਨੀ ਸਤਲੁਜ ਬੰਨ ਦੇ ਵਿਸ਼ੇਸ਼ ਦੌਰੇ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸੰਸਦ ਮੈਂਬਰ ਨੇ ਰੇਤ ਮਾਫੀਆ ਖਿਲਾਫ ਤਿੱਖਾ ਸੰਘਰਸ਼ ਕਰਨ ਵਾਲੀ ਹਾਈ ਕੋਰਟ ਦੀ ਵਕੀਲ ਸਿਮਰਨ ਕੌਰ ਗਿੱਲ ਨਾਲ ਪਿੰਡ ਗੋਂਸਗੜ 'ਚ ਮੁਲਾਕਾਤ ਕੀਤੀ ਜਿੱਥੇ ਸਿਮਰਨ ਗਿੱਲ ਖ਼ੁਦ ਆਪਣੀ ਪੂਰੀ ਟੀਮ ਨਾਲ ਰੇਤ ਤੇ ਮਿੱਟੀ ਦੀਆਂ ਬੋਰੀਆਂ ਭਰਨ ਦਾ ਜੰਗੀ ਪੱਧਰ ਤੇ ਕੰਮ ਕਰ ਰਹੀ ਸੀ। ਉਨ੍ਹਾਂ ਸ੍ਰ ਕਰੀਮਪੁਰੀ ਨੂੰ ਇਸ ਇਲਾਕੇ ਵਿੱਚ ਹੜ੍ਹਾਂ ਵਰਗੇ ਡਰਾਵਣਾ ਮਾਹੌਲ ਪੈਦਾ ਕਰਨ ਲਈ ਰੇਤ ਮਾਫੀਆ ਨੂੰ ਮੁੱਖ ਜਿੰਮੇਵਾਰ ਦੱਸਿਆ। ਉਨ੍ਹਾਂ ਸ੍ਰ ਕਰੀਮਪੁਰੀ ਨੂੰ ਦੱਸਿਆ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਨੂੰ ਨਾਲ ਲੈਕੇ ਜਦੋਂ ਉਨ੍ਹਾਂ ਵੱਲੋਂ ਰੇਤ ਮਾਫੀਆ ਖਿਲਾਫ ਅਵਾਜ ਚੁੱਕੀ ਗਈ ਤਾਂ ਸ਼ਾਸਨ ਪ੍ਰਸ਼ਾਸ਼ਨ ਨੇ ਉਨ੍ਹਾਂ ਦੀਆਂ ਸ਼ਿਕਾਇਤਾ ਉੱਤੇ ਕਾਰਵਾਈ ਕਰਨ ਦੀ ਬਜਾਏ ਵੱਖ ਵੱਖ ਸਮਿਆਂ ਵਿੱਚ ਕਈ ਪਰਚੇ ਦਰਜ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਮੇਰੇ ਉੱਤੇ ਹੋਏ ਹਮਲੇ ਚ ਮੇਰੇ ਸਮੇਤ ਸਾਡੇ ਕਈ ਸਾਥੀ ਗੰਭੀਰ ਜਖਮੀਂ ਹੋਣ ਦੇ ਬਾਵਯੂਦ ਵੀ ਪਹਿਲਾਂ ਤਾਂ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਤੇ ਜਦੋਂ ਚੰਡੀਗੜ੍ਹ ਤੱਕ ਸੰਘਰਸ਼ ਕੀਤਾ ਗਿਆ ਤਾਂ ਪਰਚਾ ਤਾਂ ਦਰਜ ਕਰ ਦਿੱਤਾ ਪਰ ਕਿਸੇ ਵੀ ਆਰੋਪੀ ਦੀ ਗ੍ਰਿਫਤਾਰੀ ਨਹੀਂ ਪਾਈ। ਸਾਰੇ ਮਰਦ ਅਰੋਪੀਆਂ ਦੀਆਂ ਜਮਾਨਤਾਂ ਹੇਠਲੀ ਅਦਾਲਤ ਤੋਂ ਬਾਅਦ ਹਾਈ ਕੋਰਟ ਚੋਂ ਵੀ ਰੱਦ ਹੋ ਗਈਆਂ ਤੇ ਉਹ ਅੱਜ ਬੇਖੌਫ ਹੋ ਕੇ ਏਸੇ ਬੰਨ ਉੱਤੇ ਘੁੰਮ ਰਹੇ ਹਨ ਪਰ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਪਾਈ ਜਾ ਰਹੀ। ਇਸ ਤੋਂ ਵੱਧ ਸ਼ਾਸਨ ਪ੍ਰਸ਼ਾਸ਼ਨ ਦੀ ਕੀ ਵਧੀਕੀ ਹੋ ਸਕਦੀ ਹੈ। ਸਾਰੀ ਗੱਲ ਸੁਣਨ ਉਪਰੰਤ ਸ੍ਰ ਕਰੀਮਪੁਰੀ ਨੇ ਸਿਮਰਨ ਗਿੱਲ ਨੂੰ ਭਰੋਸਾ ਦਿੱਤਾ ਕਿ ਬਸਪਾ ਪਹਿਲਾਂ ਵੀ ਤੇਰੇ ਸੰਘਰਸ਼ ਵਿਚ ਤੇਰੇ ਨਾਲ ਸੀ ਤੇ ਹੁਣ ਵੀ ਨਾਲ ਹੈ ਤੇ ਰਹੇਗੀ। ਉਨ੍ਹਾਂ ਕਿਹਾ ਕਿ ਬਸਪਾ ਰੇਤ ਮਾਫੀਆ ਖਿਲਾਫ ਸੀ ਤੇ ਰਹੇਗੀ ਅਤੇ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਉਹ ਰੇਤ ਮਾਫੀਆ ਖਿਲਾਫ ਲੜਨ ਵਾਲੇ ਲੋਕਾਂ ਦੇ ਸਹਿਯੋਗੀ ਬਣਨ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਬਸਪਾ ਦੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਜਰਹੇੜੀ, ਬਲਵਿੰਦਰ ਬਿੱਟਾ ਤੇ ਬਲਜੀਤ ਸਿੰਘ ਸਲਾਣਾ, ਦੇਹਾਤੀ ਪ੍ਰਧਾਨ ਹਰਭਜਨ ਸਿੰਘ ਦੁਲਮਾ, ਹਲਕਾ ਸਾਹਨੇਵਾਲ ਦੇ ਇੰਚਾਰਜ ਜਗਤਾਰ ਸਿੰਘ ਭਾਮੀਆਂ, ਪ੍ਰਧਾਨ ਹਰਜਿੰਦਰ ਸਿੰਘ ਸੁਜਾਤਵਾਲ, ਦੇਹਾਤੀ ਇੰਚਾਰਜ ਪ੍ਰਗਣ ਬਿਲਗਾ, ਸ਼ਹਿਰੀ ਪ੍ਰਧਾਨ ਬਲਵਿੰਦਰ ਜੱਸੀ, ਰਾਮਲੋਕ ਸਿੰਘ, ਨਰਿੰਦਰ ਚੌਂਤਾ ਅਤੇ ਹੋਰ ਹਾਜ਼ਰ ਸਨ।
No comments
Post a Comment