ਬਾਰ ਐਸੋਸ਼ੀਏਸ਼ਨ, ਕਿਸਾਨ ਯੂਨੀਅਨਾਂ ਅਤੇ ਹੋਰ ਜਥੇਬੰਦੀਆਂ ਵਲੋਂ ਸਮਰਥਨ ਦਾ ਐਲਾਨ
ਮਾਛੀਵਾਡ਼ਾ ਸਾਹਿਬ, 23 ਸਤੰਬਰ (ਦੇਸ਼ ਦੁਨੀਆਂ ਬਿਊਰੋ)- ਸਮਰਾਲਾ ਤਹਿਸੀਲ ਦੇ ਸਮੂਹ ਪੱਤਰਕਾਰਾਂ ਦੀ ਇੱਕ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਮਿੰਦਰ ਸਿੰਘ ਗਰੇਵਾਲ ਅਤੇ ਚੇਅਰਮੈਨ ਰਾਮ ਗੋਪਾਲ ਸੋਫਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮਰਾਲਾ ਦੇ 2 ਪੱਤਰਕਾਰਾਂ ’ਤੇ ਪੁਲਸ ਵਲੋਂ ਝੂਠਾ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਪੱਤਰਕਾਰ ਭਾਈਚਾਰੇ ਦੀ ਮੀਟਿੰਗ ਵਿਚ ਫੈਸਲਾ ਹੋਇਆ ਕਿ ਇਹ ਝੂਠਾ ਪਰਚਾ ਦਰਜ ਕਰਨ ਦੇ ਰੋਸ ਵਜੋਂ ਤਹਿਸੀਲ ਦੇ ਸਮੂਹ ਪੱਤਰਕਾਰ ਸਵੇਰੇ 10 ਵਜੇ ਐੱਸ.ਡੀ.ਐੱਮ. ਦਫ਼ਤਰ ਅੱਗੇ ਰੋਸ ਧਰਨਾ ਦੇਣਗੇ ਅਤੇ ਮੰਗ ਕੀਤੀ ਜਾਵੇਗੀ ਕਿ ਇਹ ਝੂਠਾ ਪਰਚਾ ਦਰਜ ਕੀਤਾ ਜਾਵੇ। ਪ੍ਰਧਾਨ ਗਰੇਵਾਲ ਨੇ ਦੱਸਿਆ ਕਿ 2 ਸੀਨੀਅਰ ਪੱਤਰਕਾਰ ਰਿੱਕੀ ਭਾਰਦਵਾਜ਼ ਅਤੇ ਮਾਈਕਲ ’ਤੇ ਪੁਲਸ ਨੇ ਦਬਾਅ ਹੇਠ ਆ ਕੇ ਝੂਠਾ ਪਰਚਾ ਦਰਜ ਕੀਤਾ ਹੈ ਜਿਸ ਕਾਰਨ ਪੱਤਰਕਾਰਾਂ ਤੋਂ ਇਲਾਵਾ ਆਮ ਲੋਕਾਂ ਤੇ ਜਥੇਬੰਦੀਆਂ ਵਿਚ ਇਸ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਵਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨਿਰਪੱਖਤਾ ਨਾਲ ਮੁੱਦੇ ਉਠਾਏ ਜਾਣ ਅਤੇ ਸਮਾਜ ਤੇ ਲੋਕ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾਵੇ ਪਰ ਅੱਜ ਦੀ ਘਡ਼ੀ ਵਿਚ ਪੱਤਰਕਾਰੀ ਨਿਭਾਉਣੀ ਬਹੁਤ ਮੁਸ਼ਕਿਲ ਹੋ ਗਈ ਹੈ ਅਤੇ ਪੁਲਸ ਪ੍ਰਸ਼ਾਸਨ ਵਲੋਂ ਵੀ ਜਾਂਚ ਕੀਤੇ ਬਿਨ੍ਹਾਂ ਪਰਚਾ ਦਰਜ ਕਰਨਾ ਬਡ਼ਾ ਮੰਦਭਾਗਾ ਹੈ। ਤਹਿਸੀਲ ਸਮਰਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਇਨਸਾਫ਼ ਪਸੰਦ ਜਥੇਬੰਦੀਆਂ, ਸਿਆਸੀ ਪਾਰਟੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਘਡ਼ੀ ਵਿਚ ਉਨ੍ਹਾਂ ਦਾ ਸਾਥ ਦੇਣ ਅਤੇ ਪੱਤਰਕਾਰਾਂ ’ਤੇ ਹੋਏ ਝੂਠੇ ਪਰਚੇ ਰੱਦ ਕਰਵਾਉਣ ਲਈ ਧਰਨੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਅੱਜ ਮੀਟਿੰਗ ਵਿਚ ਸਰਪ੍ਰਸਤ ਕੇ.ਐੱਨ. ਸੇਠੀ, ਸੰਜੇ ਗਰਗ, ਰਾਮਦਾਸ ਬੰਗਡ਼, ਗੁਰਦੀਪ ਸਿੰਘ ਟੱਕਰ, ਗੋਬਿੰਦ ਕਿਸ਼ੋਰ, ਸੰਦੀਪ ਸ਼ਰਮਾ, ਬਲਜੀਤ ਸਿੰਘ ਬਘੌਰ, ਕੁਲਵਿੰਦਰ ਸਿੰਘ, ਦਰਸ਼ਪ੍ਰੀਤ ਸਿੰਘ ਬੱਤਰਾ, ਰਾਜਦੀਪ ਸਿੰਘ ਅਲਬੇਲਾ, ਸੁਰਜੀਤ ਵਿਸ਼ਾਦ, ਸੁਨੀਲ ਕੁਮਾਰ ਵੀ ਮੌਜੂਦ ਸਨ।
ਸਮਰਾਲਾ ਦੇ ਵਕੀਲਾਂ ਵੱਲੋਂ ਅੱਧੇ ਦਿਨ ਦੀ ਹੜਤਾਲ ਦਾ ਐਲਾਨ
ਸਮਰਾਲਾ ਬਾਰ ਐਸੋਸ਼ੀਏਸ਼ਨ ਦੇ ਸਮੂਹ ਵਕੀਲ ਭਾਈਚਾਰੇ ਵਲੋਂ ਵੀ ਮੀਟਿੰਗ ਕਰ ਪੱਤਰਕਾਰਾਂ ’ਤੇ ਹੋਏ ਝੂਠੇ ਪਰਚੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਅੱਜ ਦੀ ਇਸ ਮੀਟਿੰਗ ਚ ਬਾਹਰ ਐਸੋਸੀਏਸ਼ਨ ਵੱਲੋਂ ਮਤਾ ਪਾਸ ਕਰਦੇ ਹੋਏ ਕੱਲ 24 ਅਕਤੂਬਰ ਨੂੰ ਰੋਸ ਵਜੋਂ ਅੱਧੇ ਦਿਨ ਦੀ ਹੜਤਾਲ ਤੇ ਜਾਣ ਦਾ ਫੈਸਲਾ ਲੈਂਦੇ ਹੋਏ ਪੱਤਰਕਾਰਾਂ ਦੇ ਇਸ ਸੰਘਰਸ਼ ਚ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ ਗਿਆ।
ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਵਿਪਨ ਖੇੜਾ ਦੀ ਅਗਵਾਈ ਚ ਹੋਈ ਬਾਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਹਾਜ਼ਰ ਸਮੂਹ ਵਕੀਲ ਭਾਈਚਾਰੇ ਵੱਲੋਂ ਇਹ ਵੀ ਕਿਹਾ ਗਿਆ ਕਿ, ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੁੰਦੀ ਅਤੇ ਇਸ ਨੂੰ ਦਬਾਉਣ ਲਈ ਝੂਠੇ ਪਰਚੇ ਦਰਜ ਕਰਨ ਦੀ ਕੋਸ਼ਿਸ਼ ਕਰਨ ਖਿਲਾਫ ਤੇ ਇਹਨਾਂ ਝੂਠੇ ਪਰਚੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੱਲ ਦਿੱਤੇ ਜਾਣ ਵਾਲੇ ਧਰਨੇ ਵਿੱਚ ਸਮੂਹ ਵਕੀਲ ਭਾਈਚਾਰਾ ਸ਼ਮੂਲੀਅਤ ਕਰੇਗਾ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਨਿਲ ਗੁਪਤਾ, ਐਡਵੋਕੇਟ ਐਸਐਸ ਸੇਖੋ, ਐਡਵੋਕੇਟ ਵਿੰਨੀ ਬਬੇਜਾ ਐਡਵੋਕੇਟ ਐਸ ਐਮ ਸਿੰਘ, ਐਡਵੋਕੇਟ ਬਲਵਿੰਦਰ ਕੌਰ, ਐਡਵੋਕੇਟ ਲਖਬੀਰ ਸਿੰਘ ਬਘੌਰ, ਐਡਵੋਕੇਟ ਰੁਪਿੰਦਰ ਸਿੰਘ ਮੁੰਡੀ ਆਪਦੀ ਸਮੇਤ ਸਮੂਹ ਵਕੀਲ ਹਾਜ਼ਰ ਸਨ।
ਇਸ ਤੋਂ ਇਲਾਵਾ ਰੋਸ ਧਰਨੇ ਵਿਚ ਪੱਤਰਕਾਰ ਭਾਈਚਾਰੇ ਦਾ ਸਾਥ ਦੇਣ ਲਈ ਇਲਾਕੇ ਦੇ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਵਲੋਂ ਵੀ ਸਾਥ ਦੇਣ ਦਾ ਐਲਾਨ ਕੀਤਾ ਹੈੈ ਅਤੇ ਕਿਹਾ ਕਿ ਉਹ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਪੂਰਾ ਸਾਥ ਦੇਣਗੇ।
ਸੀਟੂ ਪ੍ਰੈੱਸ ਕਲੱਬ ਦੀ ਅਜ਼ਾਦੀ ’ਤੇ ਹੋਏ ਹਮਲੇ ਵਿਰੁੱਧ ਪੱਤਰਕਾਰ ਭਾਈਚਾਰੇ ਦਾ ਸਾਥ ਦੇਵੇਗੀ
ਸੀਟੂ ਦੇ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ, ਸੂਬਾਈ ਪ੍ਰਧਾਨ ਮਹਾਂ ਸਿੰਘ ਰੌਡ਼ੀ, ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ, ਵਿੱਤ ਸਕੱਤਰ ਸੁੱਚਾ ਸਿੰਘ ਅਜਨਾਲਾ, ਸੂਬਾ ਸਕੱਤਰ ਅਮਰਨਾਥ ਕੂੰਮਕਲਾਂ, ਪਰਮਜੀਤ
ਨੀਲੋਂ, ਭੈਣ ਸੁਭਾਸ਼ ਰਾਣੀ ਨੇ ਸਮਰਾਲਾ ਵਿਖੇ ਕੁਝ ਨਾਮਵਾਰ ਪੱਤਰ ਪ੍ਰੇਰਕ ਰਿੱਕੀ ਭਾਰਦਵਾਜ ਅਤੇ ਮਾਈਕਲ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ। ਪੱਤਰਕਾਰਾਂ ਨੇ ਹਰੇਕ ਮਸਲੇ ਨੂੰ ਸਰਕਾਰ ਅਤੇ ਲੋਕਾਂ ਦੇ ਸਨਮੁੱਖ ਕਰਨਾ ਹੁੰਦਾ ਹੈ। ਖਾਸਕਰ ਸੋਸ਼ਲ ਨੈੱਟਵਰਕਿੰਗ ਦੇ ਜ਼ਮਾਨੇ ਵਿਚ ਜਿਹਡ਼ਾ ਵਿਅਕਤੀ ਆਪਣੇ ਬਿਆਨਾਂ ਰਾਹੀਂ ਆਪਣੀ ਭਾਵਨਾ ਵਿਆਕਤ ਕਰਦਾ ਹੈ ਉਸ ਨੂੰ ਕੋਈ ਉਕਸਾ ਅਤੇ ਭਡ਼ਕਾ ਨਹੀਂ ਸਕਦਾ। ਇਸ ਲਈ ਕਿਸੇ ਜਥੇਬੰਦੀ ਦੇ ਦਬਾਅ ਹੇਠ ਆ ਕੇ ਸੱਚਾਈ ਨੂੰ ਝੁਠਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰੋ ‘ਪੱਤਰਕਾਰਾਂ ਤੇ ਮੁਕੱਦਮਾ ਦਰਜ ਕਰਕੇ, ਗੋਂਗਲੂਆਂ ਤੋਂ ਮਿੱਟੀ ਨਾ ਝਾਡ਼ੋ’। ਉਨ੍ਹਾਂ ਪੱਤਰਕਾਰ ਭਾਈਚਾਰੇ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੀਟੂ ਹਰ ਕਿਸਮ ਦੇ ਧੱਕੇ ਅਤੇ ਨਾ ਇਨਸਾਫੀ ਵਿਰੁੱਧ ਅਤੇ ਦੇਸ਼ ਦੇ ਲੋਕਾਂ ਦੀ ਏਕਤਾ ਨੂੰ ਵਰਕਰਾਰ ਰੱਖਣ ਲਈ ਵਚਨਬੱਧ ਹੈ।
No comments
Post a Comment