ਵਫਦ ਨੇ ਹੜ ਪੀੜਤਾਂ ਦੀ ਸਹਾਇਤਾ ਲਈ ਇਕ ਦਿਨ ਦੀ ਤਨਖਾਹ ਅਤੇ ਪੈਨਸ਼ਨ ਦਾ ਚੈਕ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜਣ ਬਾਰੇ ਸਹਿਮਤੀ ਦਿੱਤੀ
ਲੁਧਿਆਣਾ 11 ਸਤੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਅਧਾਰਿਤ ਸਾਂਝੇ ਥੜੇ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ ਨੰ 24) ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ , ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਦੇ ਆਗੂਆਂ ਨੇ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਦੇ ਹੱਲ ਲਈ ਬਿਜਲੀ ਨਿਗਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਬੀਤੇ ਮਹੀਨੇ 10 ਅਗਸਤ ਨੂੰ ਪੰਜਾਬ ਭਵਨ ਚੰਡੀਗੜ੍ਹ ਅਤੇ 14 ਅਗਸਤ ਨੂੰ ਪੀਐਸਟੀਸੀਐਲ ਗੈਸਟ ਹਾਊਸ ਮੁਹਾਲੀ ਵਿਖੇ ਹੋਈਆਂ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਨ ਲਈ 2 ਸਤੰਬਰ ਨੂੰ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਪਾਸ ਹੋਏ ਅਜੰਡਿਆਂ ਦੇ ਸਰਕੂਲਰ ਜਾਰੀ ਕਰਨ ਅਤੇ ਪੰਜਾਬ ਵਿੱਚ ਹੜਾਂ ਨਾਲ ਹੋਈ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਇਕ ਦਿਨ ਦੀ ਤਨਖਾਹ ਅਤੇ ਪੈਨਸ਼ਨ ਦੀ ਬਣਦੀ ਰਕਮ ਦਾ ਚੈਕ ਕੱਟ ਕੇ ਮਾਨਯੋਗ ਬਿਜਲੀ ਮੰਤਰੀ ਰਾਹੀਂ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜਣ ਦੀ ਸਹਿਮਤੀ ਦੇਣ ਲਈ ਆਗੂਆਂ ਦਾ ਵਫਦ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਅਗਵਾਈ ਹੇਠ ਅਦਾਰੇ ਦੇ ਸੀ ਐਮ ਡੀ ਸ੍ਰੀ ਅਜੋਏ ਕੁਮਾਰ ਸਿਨਹਾ ਆਈ ਏ ਐਸ ਨੂੰ
ਮਿਲਿਆ । ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਸਕੱਤਰ ਹਰਪਾਲ ਸਿੰਘ ਅਤੇ ਗੁਰਵੇਲ ਸਿੰਘ ਬੱਲਪੁਰੀਆ ਨੇ ਕਿਹਾ ਕਿ ਵਫਦ ਨੂੰ ਸੀ ਐਮ ਡੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਸਕੱਤਰ ਨਾਲ 21 ਅਗਸਤ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੇ ਮਿੰਟਸ ਵੀ ਜਲਦੀ ਜਾਰੀ ਕਰ ਦਿੱਤੇ ਜਾਣਗੇ । ਸੋਲੇਸ਼ੀਅਮ ਵਾਲੇ ਮਸਲੇ ਦਾ ਪੂਰਾ ਕੇਸ ਬਣਾ ਕੇ ਪੰਜਾਬ ਕੈਬਨਿਟ ਦੀ ਪ੍ਰਵਾਨਗੀ ਲਈ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪ੍ਰਸੋਨਲ ਅਤੇ ਵਿੱਤ ਵਿਭਾਗ ਨਾਲ ਸਬੰਧਤ ਮਸਲਿਆਂ ਦੇ ਨਿਪਟਾਰੇ ਲਈ ਵੀ ਆਗੂਆਂ ਦੀ ਜਲਦੀ ਮੀਟਿੰਗ ਕਰਵਾ ਦਿੱਤੀ ਜਾਵੇਗੀ , ਵੈਜਫਾਰਮੂਲੇਸ਼ਨ ਕਮੇਟੀ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਬਣਦੀ ਨੁਮਾਇੰਦਗੀ ਦੇਣ ਬਾਰੇ ਵੀ ਭਰੋਸਾ ਦਿੱਤਾ ਗਿਆ। ਵਫਦ ਨੇ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਕਰਨ ਅਤੇ ਬਿਨਾਂ ਪੜਤਾਲ ਤੋਂ ਮੁਲਾਜ਼ਮਾਂ ਦੀਆਂ ਸਿਆਸੀ ਅਧਾਰ ਤੇ ਕੀਤੀਆਂ ਜਾ ਰਹੀਆਂ ਬਦਲੀਆਂ ਦੇ ਵਰਤਾਰੇ ਨੂੰ ਬੰਦ ਕਰਨ ਦੇ ਮਸਲੇ ਨੂੰ ਵੀ ਜੋਰਦਾਰ ਤਰੀਕੇ ਨਾਲ ਉਠਾਇਆ।ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਦੇ ਵਫਦ ਨੇ ਸੀ ਐਮ ਡੀ ਨਾਲ ਮੁਲਾਕਾਤ ਕਰਨ ਉਪਰੰਤ ਮੁੱਖ ਦਫਤਰ ਦੇ ਸਾਹਮਣੇ ਬਾਰਾਂਦਰੀ ਵਿੱਚ ਇਕੱਤਰ ਹੋਏ ਸਾਂਝੇ ਥੜੇ ਦੇ ਵੱਡੀ ਗਿਣਤੀ ਆਗੂਆਂ ਨੂੰ ਮੈਨੇਜਮੈਂਟ ਨਾਲ ਹੋਈ ਗੱਲਬਾਤ ਤੋਂ ਜਾਣੂ ਕਰਵਾ ਕੇ
ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਜਲਦੀ ਲਾਗੂ ਕਰਨ ਦਾ ਸੀ ਐਮ ਡੀ ਨੇ ਭਰੋਸਾ ਦਿੱਤਾ ਹੈ । ਆਗੂਆਂ ਨੇ ਕਿਹਾ ਕਿ ਪੈਨਸ਼ਨਰਾਂ ਦੀ ਵਿਕਾਸ ਟੈਕਸ ਦੇ ਨਾਂ ਤੇ ਹਰੇਕ ਮਹੀਨੇ ਧੱਕੇ ਨਾਲ 200 ਰੁਪਏ ਦੀ ਕੀਤੀ ਜਾ ਰਹੀ ਕਟੌਤੀ ਬਾਰੇ ਅਤੇ ਰੀਸਟਰੈਕਚਰ ਦੇ ਮੁੱਦਿਆਂ ਬਾਰੇ ਸਬੰਧਤ ਡਾਇਰੈਕਟਰ ਸਾਹਿਬਾਨ ਨਾਲ ਮੀਟਿੰਗਾਂ ਕਰਕੇ ਹੱਲ ਕੱਢਿਆ ਜਾਵੇਗਾ । ਇਸ ਮੌਕੇ ਤੇ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਗੁਰਭੇਜ ਸਿੰਘ ਢਿੱਲੋਂ , ਰਣਜੀਤ ਸਿੰਘ ਢਿੱਲੋਂ , ਜਸਵੀਰ ਸਿੰਘ ਆਂਡਲੂ, ਰਵੇਲ ਸਿੰਘ ਸਹਾਏਪੁਰ, ਸੁਰਿੰਦਰਪਾਲ ਲਹੌਰੀਆ, ਦਵਿੰਦਰ ਸਿੰਘ ਪਿਸੋਰ , ਕੁਲਵਿੰਦਰ ਸਿੰਘ ਢਿੱਲੋਂ , ਜਰਨੈਲ ਸਿੰਘ ,ਕੌਰ ਸਿੰਘ ਸੋਹੀ ,ਬਲਵਿੰਦਰ ਸਿੰਘ, ਦਲੀਪ ਕੁਮਾਰ , ਰਾਧੇਸ਼ਿਆਮ, ਗੁਰਵਿੰਦਰ ਸਿੰਘ, ਇੰਜੀ: ਹਰਮਨਦੀਪ, ਗੁਰਪਿਆਰ ਸਿੰਘ , ਬਾਬਾ ਅਮਰਜੀਤ ਸਿੰਘ ,ਕੁਲਵੰਤ ਸਿੰਘ, ਸੁਖਵਿੰਦਰ ਭਗਤ, ਰਘਬੀਰ ਸਿੰਘ, ਬਰਜਿੰਦਰ ਸ਼ਰਮਾ ,ਕੇਵਲ ਸਿੰਘ ਬਨਵੈਤ , ਰਛਪਾਲ ਸਿੰਘ ਪਾਲੀ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।
No comments
Post a Comment