BREAKING NEWS
latest

728x90

 


468x60

ਬਿਜਲੀ ਨਿਗਮ ਦੀਆਂ ਜਾਇਦਾਦਾਂ ਨੂੰ ਵੇਚਣ ਦੇ ਵਿਰੋਧ 'ਚ ਬਿਜਲੀ ਮੁਲਾਜ਼ਮਾਂ ਵੱਲੋਂ ਪਹਿਲਾਂ ਸਫਲ ਸਾਂਝਾ ਮੋਰਚਾ


29 ਨੂੰ ਮੁੜ ਚੀਫ ਦਫਤਰ ਧਰਨਾ ਅਤੇ 2 ਨੂੰ ਘੇਰਨਗੇ ਬਿਜਲੀ ਮੰਤਰੀ ਦੀ ਕੋਠੀ

ਸੰਘਰਸ਼ ਦੀ ਰੂਪਰੇਖਾ ਲਈ ਅੱਜ ਲੁਧਿਆਣਾ 'ਚ ਹੋਣ ਜਾ ਰਹੀ ਆ ਹੈ ਸੂਬਾ ਪੱਧਰੀ ਮੀਟਿੰਗ

ਜਾਇਦਾਦਾਂ ਨੂੰ ਵੇਚਣ ਦਾ ਫੈਸਲਾ ਵਾਪਸ ਹੋਣ ਤੱਕ ਸੰਘਰਸ਼ ਜਾਰੀ ਰਹੇਗਾ: ਆਗੂ


  ਲੁਧਿਆਣਾ 24 ਅਕਤੂਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਬਿਜਲੀ ਮੁਲਾਜਮਾਂ ਤੇ ਅਫ਼ਸਰਾਂ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਸਾਂਝੇ ਤੌਰ ਤੇ ਮੁੱਖ ਚੀਫ ਇੰਜਨੀਅਰ ਦਫਤਰ ਦੇ ਬਾਹਰ ਪ੍ਰਭਾਵਸ਼ਾਲੀ ਰੋਸ ਧਰਨਾ ਦਿੱਤਾ ਗਿਆ। ਜਿਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬਿਜਲੀ ਨਿਗਮ ਦੀਆਂ 10 ਜਾਇਦਾਦਾਂ ਨੂੰ ਵੇਚਣ ਦੀ ਯੋਜਨਾ ਬਣਾਈ ਹੈ ਜਿਸਦੇ ਵਿਰੋਧ 'ਚ ਅਤੇ ਇਸ ਫੈਸਲੇ ਦੀ ਵਾਪਸੀ ਲਈ ਅੱਜ ਦਾ ਸਰਕਲ ਪੱਧਰ ਦਾ ਰੋਸ ਧਰਨਾ ਦਿੱਤਾ ਗਿਆ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜਮਾਂ ਅਤੇ ਪਾਵਰ ਕਾਮ ਦੀ ਕਲੋਨੀ ਦੇ ਵਾਸੀਆਂ ਨੇ ਭਾਗ ਲਿਆ। ਏਸੇ ਪ੍ਰਕਾਰ ਦਾ ਦੂਜਾ ਸਰਕਲ ਪੱਧਰ ਦਾ ਧਰਨਾ 29 ਅਕਤੂਬਰ ਨੂੰ ਚੀਫ ਦਫਤਰ ਦੇ ਬਾਹਰ ਹੀ ਦਿੱਤਾ ਜਾਵੇਗਾ ਅਤੇ ਜੇਕਰ ਪੰਜਾਬ ਸਰਕਾਰ ਤੇ ਬਿਜਲੀ ਮੰਤਰੀ ਨੇ ਸਾਡੀ ਮੰਗ ਨਾ ਮੰਨੀ ਤਾਂ 2 ਨਵੰਬਰ ਨੂੰ ਬਿਜਲੀ ਮੰਤਰੀ ਦੀ ਲੁਧਿਆਣਾ ਸਥਿਤ ਰਿਹਾਇਸ਼ ਨੂੰ ਸੂਬਾ ਪੱਧਰ ਦਾ ਧਰਨਾ ਰੱਖ ਕੇ ਘੇਰਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਓਦੋਂ ਤੱਕ ਕੇਵਲ ਸੰਘਰਸ਼ ਜਾਰੀ ਹੀ ਨਹੀਂ ਰਹੇਗਾ ਬਲਕਿ ਜਰੂਰ ਮੁਤਾਬਿਕ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਸਾਲ 2016 ਚ ਅਕਾਲੀ ਭਾਜਪਾ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਦੋ ਜਾਇਦਾਦਾਂ ਨੂੰ ਵੇਚਣ ਦਾ ਫੈਸਲਾ ਕੀਤਾ ਗਿਆ ਸੀ ਜਿਸਨੂੰ ਮੁਲਾਜਮਾਂ ਨੇ ਤਿੱਖਾ ਸੰਘਰਸ਼ ਵਿੱਢ ਕੇ ਵਾਪਸ ਕਰਵਾਇਆ ਸੀ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਤਾਂ ਹੱਦ ਹੀ ਤੋੜ ਦਿੱਤੀ ਹੈ ਜਿਸਨੇ ਪਹਿਲੀਆਂ ਦੋ ਜਾਇਦਾਦਾਂ ਵਿੱਚ 8 ਹੋਰ ਬੇਸ਼ਕੀਮਤੀ ਜਾਇਦਾਦਾਂ ਨੂੰ ਜੋੜ ਦਿੱਤਾ ਹੈ। ਆਗੂਆਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ 'ਤੇ ਵਰ੍ਹਦਿਆਂ ਕਿਹਾ ਕਿ ਇਹ ਪ੍ਰਾਪਰਟੀ ਡੀਲਰ ਆ ਤੇ ਆਪਣੀ ਉਸੇ ਸੋਚ 'ਤੇ ਚੱਲਦਿਆਂ ਬਿਜਲੀ ਨਿਗਮ ਦੀਆਂ 10 ਬਹੁਤ ਹੀ ਮਹਿੰਗੀਆਂ ਜਮੀਨਾਂ ਅਤੇ ਖੇਤੀਬਾੜੀ ਸਮੇਤ 16 ਹੋਰ ਬੇਸ਼ਕੀਮਤੀ ਜਾਇਦਾਦਾਂ ਨੂੰ ਵੇਚਣ ਦੀ ਯੋਜਨਾ ਬਣਾਈ ਹੈ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਇਸ ਲੋਕ ਵਿਰੋਧੀ ਯੋਜਨਾ ਨੂੰ ਵਾਪਸ ਕਰਵਾਉਣ ਲਈ ਕਿਸਾਨ ਤੇ ਮਜਦੂਰ ਜਥੇਬੰਦੀਆਂ ਵੀ ਇਸ ਘੋਲ ਚ ਸ਼ਮੂਲੀਅਤ ਕਰਨ। ਆਗੂਆਂ ਨੇ ਦੱਸਿਆ ਕਿ ਅੱਜ ਦੇ ਧਰਨੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਬਿਜਲੀ ਬਿੱਲ 2025 ਨੂੰ ਵਾਪਸ ਕਰਵਾਉਣ ਉੱਤੇ ਜੋਰ ਦਿੰਦਿਆਂ ਦੱਸਿਆ ਗਿਆ ਕਿ ਇਹ ਕੇਵਲ ਬਿਜਲੀ ਮੁਲਾਜਮ ਵਿਰੋਧੀ ਹੀ ਨਹੀਂ ਬਲਕਿ ਪੰਜਾਬ ਦੇ ਹਰ ਬਿਜਲੀ ਖਪਤਕਾਰ ਵਿਰੋਧੀ ਨੀਤੀ ਵੀ ਹੈ ਜਿਸਨੂੰ ਵਾਪਸ ਕਰਵਾਉਣ ਲਈ ਵੀ ਹਰ ਪੰਜਾਬ ਵਾਸੀ ਸੰਘਰਸ਼ ਦਾ ਪਿੜ ਮੱਲੇ। ਇਸ ਮੌਕੇ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਏਓਜੇਈ, ਗਰਿੱਡ ਯੂਨੀਅਨ ਤੇ ਪੈਨਸ਼ਨਰਜ ਯੂਨੀਅਨਾਂ ਦੀਆਂ ਜਥੇਬੰਦੀਆਂ ਟੀਐਸਯੂ, ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਯੂਨੀਅਨ, ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ, ਇੰਪਲਾਈਜ ਫੈਡਰੇਸ਼ਨ ਪਹਿਲਵਾਨ, ਇੰਪਲਾਈਜ ਫੈਡਰੇਸ਼ਨ ਇੰਟਕ, ਇੰਜਨੀਅਰ ਐਸੋਸੀਏਸ਼ਨ, ਟੈਕਨੀਕਲ ਸਰਵਿਸਜ ਯੂਨੀਅਨ ਭੰਗਲ, ਕਰਮਚਾਰੀ ਦਲ, ਐਮ ਐਸ ਯੂ, ਜਥੇਬੰਦੀਆਂ ਦੇ ਆਗੂ ਰਸ਼ਪਾਲ ਸਿੰਘ ਪਾਲੀ, ਰਘਵੀਰ ਸਿੰਘ ਰਾਮਗੜ੍ਹ, ਜਗਤਾਰ ਸਿੰਘ, ਕੇਵਲ ਸਿੰਘ ਬਨਵੈਤ, ਸਵਰਨ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ ਬਾਜਵਾ, ਜਸਵੀਰ ਸਿੰਘ ਆਂਡਲੂ, ਪਰਸ਼ ਗੁਪਤਾ, ਐਕਸੀਅਨ ਪਰਮਿੰਦਰ ਸਿੰਘ ਤੇ ਸੰਦੀਪ ਸਿੰਘ ਚਾਹਲ, ਸਤੀਸ਼ ਭਾਰਦਵਾਜ, ਗੁਰਪ੍ਰੀਤ ਸਿੰਘ ਮਹਿਦੂਦਾਂ ਤੋਂ ਇਲਾਵਾ ਸਰਕਲ ਪੱਧਰ ਦੇ ਹੋਰ ਆਗੂ ਹਾਜ਼ਰ ਸਨ।

« PREV
NEXT »

Facebook Comments APPID