ਮਾਮਲਾ ਜਿੰਮੇਵਾਰ ਐਸਐਸਈ ਭੁੱਲਰ 'ਤੇ ਕਾਰਵਾਈ ਕਰਨ ਦੀ ਬਜਾਏ ਬੇਦੋਸ਼ੇ ਜੇਈ ਬਲਬੀਰ ਚੰਦ ਨੂੰ ਸਸਪੈਂਡ ਕਰਨ ਦਾ
ਬਲਬੀਰ ਚੰਦ ਦੀ ਮੁਅੱਤਲੀ ਰੱਦ ਕਰਕੇ ਉਸੇ ਜਗ੍ਹਾ ਨਿਯੁਕਤ ਕਰਨ ਅਤੇ ਐਸਐਸਈ ਭੁੱਲਰ ਨੂੰ ਸਸਪੈਂਡ ਕਰਨ ਤੱਕ ਧਰਨਾ ਲੱਗਿਆ ਰਹੇਗਾ : ਆਗੂ
ਏਸੀਪੀ ਸਰਬਜੀਤ ਸਿੰਘ ਚੀਮਾ ਨੇ ਦੂਜੀ ਵਾਰ ਕਰਵਾਈ ਚੀਨ ਇੰਜੀਨੀਅਰ ਨਾਲ ਮੀਟਿੰਗ
ਲੁਧਿਆਣਾ 28 ਅਪ੍ਰੈਲ (ਹਰਸ਼ਦੀਪ ਸਿੰਘ ਮਹਿਦੂਦਾਂ) ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੇ ਸਾਂਝੇ ਸੱਦੇ ਤੇ ਚੱਲ ਰਹੇ "ਵਰਕ ਟੂ ਰੂਲ" ਭਾਵ ਬਿਜਲੀ ਮੁਲਾਜਮਾਂ ਨੂੰ ਬਣਦੀ ਡਿਊਟੀ ਕਰਨ ਦੇ ਆਦੇਸ਼ਾਂ ਦੀ ਪਾਲਣਾ ਕਰ ਰਹੇ ਨੂਰਵਾਲਾ ਸਬ ਸਟੇਸ਼ਨ ਦੇ ਇੰਚਾਰਜ ਜੇਈ ਬਲਵੀਰ ਚੰਦ ਨੂੰ ਬਿਨਾ ਵਜਾਹ ਸਸਪੈਂਡ ਕਰਨ ਦੇ ਖਿਲਾਫ਼ ਸਾਰੀਆਂ ਬਿਜਲੀ ਮੁਲਾਜਮ ਜੱਥੇਬੰਦੀਆਂ ਨੇ ਅੱਜ ਪੀ ਐਂਡ ਐਮ ਪੰਜਾਬ ਦੇ ਚੀਫ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਦੇ ਬਾਹਰ ਗੇਟ ਉੱਤੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਜੇਈ ਬਲਵੀਰ ਚੰਦ ਨੂੰ ਉਸੇ ਜਗਾਹ ਉੱਤੇ ਬਹਾਲ ਕਰਨ ਦੀ ਸਾਡੀ ਜਾਇਜ ਮੰਗ ਨਹੀਂ ਮੰਨੀ ਉਦੋਂ ਤੱਕ ਅਸੀਂ ਏਸੇ ਜਗਾਹ ਉੱਤੇ ਧਰਨੇ ਤੇ ਬੈਠਾਂਗੇ। ਇਸ ਤੋਂ ਇਲਾਵਾ ਬਿਜਲੀ ਸਪਲਾਈ ਕਈ ਘੰਟੇ ਤੱਕ ਬੰਦ ਰਹਿਣ ਦੇ ਅਸਲ ਜਿੰਮੇਵਾਰ ਐਸਐਸਈ ਯਾਦਵਿੰਦਰ ਪਾਲ ਸਿੰਘ ਭੁੱਲਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ।
ਆਗੂਆਂ ਨੇ ਦੱਸਿਆ ਕਿ ਬਿਜਲੀ ਮੁਲਾਜਮਾਂ ਤੇ ਅਫਸਰਾਂ ਦੀਆਂ ਸਾਂਝੀਆਂ ਮੰਗਾਂ ਮਨਵਾਉਣ ਲਈ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਬਾਹਰ 10 ਅਪ੍ਰੈਲ ਨੂੰ ਪੰਜਾਬ ਪੱਧਰ ਦਾ ਵਿਸ਼ਾਲ ਰੋਸ਼ ਧਰਨਾ ਦਿੱਤਾ ਗਿਆ ਸੀ ਜਿਸ ਦੇ ਪ੍ਰਭਾਵ ਹੇਠ ਬਿਜਲੀ ਮੰਤਰੀ ਨੇ 16 ਅਪ੍ਰੈਲ ਨੂੰ ਜੁਆਇੰਟ ਫੋਰਮ, ਏਕਤਾ ਮੰਚ, ਏਓਜੇਈ, ਪਾਵਰਕਾਮ ਐਂਡ ਟਰਾਂਸਕੋ ਪੈਸ਼ਨਰਜ ਯੂਨੀਅਨ ਏਟਕ ਅਤੇ ਗਰਿੱਡ ਯੂਨੀਅਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ। ਪਰ ਬਿਜਲੀ ਮੰਤਰੀ ਨੇ ਇਸ ਦਿਨ ਮੀਟਿੰਗ ਕਰਨ ਦੀ ਬਜਾਏ ਸਾਰੀਆਂ ਜੱਥੇਬੰਦੀਆਂ ਦੇ ਵਫਦ ਨਾਲ ਉਦਯੋਗ ਭਵਨ ਚੰਡੀਗੜ੍ਹ ਵਿਖੇ ਦੁਰਵਿਵਹਾਰ ਹੀ ਕੀਤਾ ਜਿਸ ਦੇ ਰੋਸ ਵਿੱਚ ਸਾਰੀਆਂ ਜੱਥੇਬੰਦੀਆਂ ਵੱਲੋਂ ਬੀਤੇ ਕੱਲ ਲੁਧਿਆਣਾ ਵਿਖੇ ਰੱਖੀ ਮੀਟਿੰਗ 'ਚ ਵਰਕ ਟੂ ਰੂਲ ਤਹਿਤ ਕੰਮ ਕਰਨ ਨੂੰ 24 ਮਈ ਤੱਕ ਦਾ ਐਲਾਨ ਕਰ ਦਿੱਤਾ। ਇਸ ਆਦੇਸ਼ ਨੂੰ ਮੰਨਦਿਆਂ ਬਲਬੀਰ ਚੰਦ ਨੇ ਨੂਰੇਵਾਲਾ ਗਰਿੱਡ ਬੰਦ ਹੋਣ 'ਤੇ ਐਸ ਐਸ ਈ ਭੁੱਲਰ ਨੂੰ ਛੁੱਟੀ ਵਾਲੇ ਦਿਨ ਆਉਣ ਤੋਂ ਇਨਕਾਰ ਕਰ ਦਿੱਤਾ। ਭੁੱਲਰ ਦੀ ਅਯੋਗਤਾ ਕਾਰਨ ਏਹ ਫੀਡਰ ਕਈ ਘੰਟੇ ਬੰਦ ਰਿਹਾ ਪਰ ਕਸੂਰਵਾਰ ਐਸ ਐਸ ਈ ਭੁੱਲਰ ਦੀ ਚਿੱਠੀ ਉੱਤੇ ਕਾਰਵਾਈ ਕਰਦਿਆਂ ਚੀਫ ਇੰਜੀਨੀਅਰ ਪੀ ਐਂਡ ਐਮ ਪੁਨਰਦੀਪ ਸਿੰਘ ਬਰਾੜ ਨੇ ਬੇਕਸੂਰ ਬਲਬੀਰ ਚੰਦ ਨੂੰ ਸਸਪੈਂਡ ਕਰ ਦਿੱਤਾ। ਮੁੱਖ ਦਫ਼ਤਰ ਦੇ ਗੇਟ ਤੇ ਲਗਾਏ ਧਰਨੇ ਕਾਰਨ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਅਤੇ ਲੁਧਿਆਣਾ ਦਾ ਮੀਡੀਆ ਵੱਡੀ ਪੱਧਰ 'ਤੇ ਕਵਰੇਜ ਲਈ ਪੀ ਐਂਡ ਐਮ ਦਫਤਰ ਪੁੱਜਾ। ਮੀਡੀਆ ਨੂੰ ਗੁੰਮਰਾਹ ਕਰਨ ਦੇ ਮਨੋਰਥ ਨਾਲ ਚੀਫ ਇੰਜੀਨੀਅਰ ਸਮੇਤ ਹਾਜਰ ਹੋਰਨਾਂ ਅਧਿਕਾਰੀਆਂ ਨੇ ਬਲਬੀਰ ਚੰਦ ਨੂੰ ਏਹ ਕਹਿਕੇ ਕਸੂਰਵਾਰ ਬਣਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਕਿ ਉਸਨੇ ਪਹਿਲਾਂ ਕੁਤਾਹੀਆਂ ਕੀਤੀਆਂ ਹੋਈਆਂ ਹਨ। ਪਰ ਬਾਅਦ ਵਿੱਚ ਹੋਈ ਮੀਟਿੰਗ ਦੌਰਾਨ ਜਦੋਂ ਚੀਫ ਇੰਜੀਨੀਅਰ ਸਮੇਤ ਹਾਜਰ ਹੋਰਨਾਂ ਉੱਚ ਅਧਿਕਾਰੀਆਂ ਨਾਲ ਚਰਚਾ ਹੋਈ ਤਾਂ ਉਹ ਕੋਈ ਸਹੀ ਜਵਾਬ ਨਹੀਂ ਦੇ ਪਾਏ। ਇਸ ਮੌਕੇ ਬਿਜਲੀ ਏਕਤਾ ਮੰਚ ਦੇ ਆਗੂ ਰਸ਼ਪਾਲ ਸਿੰਘ ਪਾਲੀ, ਜੁਆਇੰਟ ਫੋਰਮ ਦੇ ਆਗੂ ਰਘਵੀਰ ਸਿੰਘ, ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ, ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਮੀਤ ਪ੍ਰਧਾਨ ਕਰਤਾਰ ਸਿੰਘ, ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਜੋਨ ਦੇ ਕਨਵੀਨਰ ਚਰਨਜੀਤ ਸਿੰਘ ਜਗਰਾਉਂ, ਸਕੱਤਰ ਅਕਾਸ਼ਦੀਪ ਸ਼ਰਮਾ, ਸਬ ਅਰਬਨ ਸਰਕਲ ਦੇ ਪ੍ਰਧਾਨ ਹਰਿੰਦਰ ਸਿੰਘ ਲਾਲੂ, ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਜੋਨ ਸਕੱਤਰ ਸਰਤਾਜ ਸਿੰਘ, ਟੀ ਐਸ ਯੂ ਦੇ ਸਰਕਲ ਪੂਰਬੀ ਦੇ ਪ੍ਰਧਾਨ ਗੌਰਵ ਕੁਮਾਰ, ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸਰਕਲ ਪੱਛਮੀਂ ਦੇ ਸਰਪ੍ਰਸਤ ਠਾਕੁਰ ਸੋਬਨ ਸਿੰਘ, ਪ੍ਰਧਾਨ ਗੁਰਮੁੱਖ ਸਿੰਘ, ਸਸਪੈਂਡ ਕੀਤੇ ਜੇਈ ਬਲਬੀਰ ਚੰਦ, ਗਰਿੱਡ ਸਬ ਸਟੇਸ਼ਨ ਟੈਕਨੀਕਲ ਅਤੇ ਕਲੈਰੀਕਲ ਇੰਪਲਾਈਜ ਯੂਨੀਅਨ (ਭਾਰਦਵਾਜ) ਦੇ ਸੂਬਾ ਪ੍ਰੈਸ ਸਕੱਤਰ ਵਿੱਕੀ ਕੁਮਾਰ, ਰਘਵੀਰ ਸਿੰਘ, ਦਵਿੰਦਰ ਸਿੰਘ, ਮੁਨੀਸ਼ ਕੁਮਾਰ, ਧਰਮਪਾਲ, ਜਸਵਿੰਦਰ ਸਿੰਘ, ਕਰਤਾਰ ਸਿੰਘ, ਵਿਨੋਦ ਸਿੰਘ, ਜਸਵਿੰਦਰ ਸਿੰਘ ਧੂਰੀ, ਰਮਨਦੀਪ ਸਿੰਘ, ਕਮਲਦੀਪ ਸਿੰਘ, ਦੀਪਕ ਕੁਮਾਰ, ਦਲੀਪ ਕੁਮਾਰ, ਪਰਦੀਪ ਕੁਮਾਰ, ਬਲਦੀਪ ਗਰੇਵਾਲ, ਲਖਵੀਰ ਸਿੰਘ, ਰਵਿੰਦਰ ਸ਼ਰਮਾ, ਪਿ੍ੰਸ ਕੁਮਾਰ, ਜਗਤ ਰਾਮ, ਅਮਰ ਬਹਾਦਰ, ਬਲਵਿੰਦਰ ਸਿੰਘ ਸੈਂਭੀ, ਜਤਿੰਦਰ ਪਾਲ ਸਿੰਘ, ਸਰਬਜੀਤ ਸਿੰਘ, ਖੁਸ਼ਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਮੁਲਾਜਮ ਹਾਜਰ ਸਨ।
ਜਿਕਰਯੋਗ ਹੈ ਕਿ ਮੁੱਖ ਗੇਟ 'ਤੇ ਧਰਨਾ ਲਗਾਉਣ ਤੋਂ ਬਾਅਦ ਚੀਫ ਇੰਜੀਨੀਅਰ ਪੁਨਰਜੀਤ ਸਿੰਘ ਬਰਾੜ ਵੱਲੋਂ ਥਾਣਾ ਡਵੀਜ਼ਨ ਪੰਜ ਦੀ ਪੁਲਿਸ ਨੂੰ ਬੁਲਾਇਆ ਗਿਆ। ਮੌਕੇ ਤੇ ਪੁੱੱਜੇ ਪੁਲਿਸ ਅਧਿਕਾਰੀਆਂ ਨੂੰ ਮੁਲਾਜਮ ਆਗੂਆਂ ਨੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਂਦਿਆ ਦੱਸਿਆ ਕਿ ਅਸੀਂ ਸੰਵਿਧਾਨਕ ਤਰੀਕੇ ਨਾਲ ਹੀ ਏਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਇਸਤੋਂ ਬਾਅਦ ਚੀਫ ਇੰਜੀਨੀਅਰ ਪੁਨਰਜੀਤ ਸਿੰਘ ਬਰਾੜ ਨੇ ਆਗੂਆਂ ਨਾਲ ਮੀਟਿੰਗ ਕੀਤੀ। ਮੁਲਾਜਮ ਆਗੂਆਂ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਬਲਬੀਰ ਚੰਦ ਦੀ ਸਸਪੈਂਸ਼ਨ ਤੁਰੰਤ ਰੱਦ ਕਰਕੇ ਉਸਨੂੰ ਨੂਰੇਵਾਲਾ ਸਬ ਸਟੇਸ਼ਨ ਉੱਤੇ ਹੀ ਨਿਯੁਕਤ ਕੀਤਾ ਜਾਵੇ ਤੇ ਸਾਰੇ ਮਾਮਲੇ ਦੇ ਜਿੰਮੇਵਾਰ ਐਸਐਸਈ ਵਾਈ ਪੀ ਐਸ ਭੁੱਲਰ ਉੱਤੇ ਕਾਰਵਾਈ ਕਰਦਿਆਂ ਤੁਰੰਤ ਸਸਪੈਂਡ ਕੀਤਾ ਜਾਵੇ। ਹਾਜਰ ਅਫਸਰਸ਼ਾਹੀ ਮੁਲਾਜਮ ਆਗੂਆਂ ਦੀ ਤਰਕਸੰਗਤ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਪਾਈ ਤੇ ਅਖੀਰ ਵਿੱਚ ਉਨ੍ਹਾਂ ਨੂੰ ਏਹ ਕਹਿਣਾ ਪਿਆ ਕਿ ਸਾਨੂੰ ਕੁਝ ਸਮਾਂ ਦਿਓ। ਪਰ ਖਬਰ ਲਿਖੇ ਜਾਣ ਤੱਕ ਅਫਸਰਸ਼ਾਹੀ ਨੇ ਕੋਈ ਹੱਲ ਨਹੀਂ ਕੀਤਾ ਉਲਟਾ ਪੁਲਿਸ ਦਾ ਦਬਾਅ ਬਣਾ ਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ। ਮੁਲਾਜਮ ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ਤੇ ਅਫਸਰਸ਼ਾਹੀ ਨੂੰ ਦੋ ਟੁੱਕ ਆਖ ਦਿੱਤਾ ਕਿ ਸਾਨੂੰ ਇਨਸਾਫ਼ ਦੇ ਦਿਓ ਅਸੀਂ ਧਰਨਾ ਚੁੱਕ ਲੈਂਦੇ ਹਾਂ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਹੈ।



No comments
Post a Comment