ਪ੍ਰਸ਼ਾਸਨ ਅੱਜ ਤੋਂ ਨਜਾਇਜ ਕਬਜਿਆਂ ਵਿਰੁੱਧ ਮੁਹਿੰਮ ਆਰੰਭ ਕਰੇਗਾ- ਐੱਸ ਡੀ ਐਮ ਅਰੋੜਾ
ਸਮਰਾਲਾ, 28 ਮਈ (ਭਾਰਦਵਾਜ) ਪਿੱਛਲੇ ਕਈ ਦਹਾਕਿਆਂ ਤੋਂ ਆਮ ਲੋਕਾਂ ਦੀਆਂ ਮੁਸ਼ਕਲਾਂ 'ਤੇ ਸੰਘਰਸ਼ ਕਰਨ ਵਾਲੇ ਲੋਕ ਚੇਤਨਾ ਮੰਚ ਨੇ ਕੇਂਦਰ, ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸਾਸ਼ਨ ਨੂੰ ਅਲਟੀਮੇਟਮ ਦਿੱਤਾ ਹੈ, ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਸਥਾਨਕ ਮੁੱਖ ਬਾਜ਼ਾਰ ਵਿਚ ਕੀਤੇ ਨਜਾਇਜ਼ ਕਬਜ਼ਿਆਂ ਨੂੰ ਨਾ ਹਟਵਾਇਆ ਤਾਂ ਉਹ ਵੱਡਾ ਸੰਘਰਸ਼ ਆਰੰਭ ਕਰਨਗੇ। ਮੰਚ ਦੇ ਕਨਵੀਨਰ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਹੈ ਕਿ ਉਹ ਨੈਸ਼ਨਲ ਹਾਈਵੇ ਅਥਾਰਟੀ ਅਤੇ ਪੰਜਾਬ ਸਰਕਾਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਹ ਮੰਗ ਕਰ ਰਹੇ ਹਨ ਕਿ ਸ਼ਹਿਰ ਦੇ ਕਈ ਦੁਕਾਨਦਾਰਾਂ ਨੇ ਮੁੱਖ ਸੜ੍ਹਕ ਉਪਰ 8-8 ਫੁੱਟ ਤੱਕ ਆਪਣਾ ਸਾਮਾਨ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਸ਼ਾਮੀ ਚਾਰ ਵਜੇ ਤੋਂ ਲੈ ਕੇ 7 ਵਜੇ ਤੱਕ ਬਾਜ਼ਾਰ ਵਿਚੋ ਪੈਦਲ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸਾਸ਼ਨ ਨੂੰ ਸਵਾਲ ਕੀਤਾ ਕਿ ਉਹ ਸਪਸ਼ਟ ਕਰੇ ਕਿ ਕਾਨੂੰਨ ਅਨੁਸਾਰ ਪੈਦਲ ਚੱਲਣ ਵਾਲੇ ਲੋਕਾਂ ਲਈ ਬਣਾਏ ਗਏ ਫੁੱਟਪਾਥ ਕਿੱਥੇ ਗਾਇਬ ਹੋ ਗਏ ਹਨ? ਉਨ੍ਹਾਂ ਕਿਹਾ ਕਿ ਇਨ੍ਹਾਂ ਨਜਾਇਜ਼ ਕਬਜ਼ਿਆਂ ਕਾਰਨ ਸਕੂਟਰ ’ਤੇ ਕਾਰਾਂ ਸਮੇਤ ਅਨੇਕਾਂ ਹੋਰ ਵਾਹਨ ਸੜ੍ਹਕ ਦੇ ਅੱਧ ਤੱਕ ਪਾਰਕ ਕਰਨੇ ਪੈ ਰਹੇ ਹਨ, ਜਿਸ ਕਾਰਨ ਸਕੂਲੀ ਵੈਨਾਂ, ਐਬੂਲੈਂਸਾਂ ਸਮੇਤ ਪੈਦਲ ਚੱਲਣ ਵਾਲਿਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸ਼ਹਿਰ ਦੇ ਫੁੱਟਪਾਥ ਦੀ ਤਰ੍ਹਾਂ ਹੀ ਟ੍ਰੈਫਿਕ ਪੁਲਸ ਵੀ ਗਾਇਬ ਹੋਕੇ ਹੀ ਰਹਿ ਗਈ ਜਾਪਦੀ ਹੈ। ਉਨ੍ਹਾ ਨੇ ਆਪਣੇ ਸੰਘਰਸ਼ ਦੀ ਚਿਤਵਾਨੀ ਦਿੰਦਿਆ ਕਿਹਾ ਕਿ, ਜੇਕਰ 15 ਦਿਨਾਂ ਵਿਚ ਇਸ ਮੁਸ਼ਕਲ ਤੋਂ ਨਿਜਾਤ ਨਾ ਦਿਵਾਈ ਗਈ ਤਾ ਲੋਕ ਚੇਤਨਾ ਮੰਚ ਵੱਲੋਂ ਹਰ ਰੋਜ ਸ਼ਾਮੀ 4 ਵਜੇ ਤੋਂ 7 ਵਜੇ ਤੱਕ ਬਾਜ਼ਾਰ ਵਿਚ ਪ੍ਰਸਾਸ਼ਨ ਖਿਲਾਫ਼ ਰੋਸ ਪ੍ਰਦਸ਼ਨ ਕੀਤਾ ਜਾਵੇਗਾ ਅਤੇ ਕਬਜ਼ੇ ਹਟਾਵਾਏ ਜਾਣ ਤੱਕ ਇਹ ਸੰਘਰਸ਼ ਨਾ ਸਿਰਫ ਜਾਰੀ ਰੱਖਿਆ ਜਾਵੇਗਾ ਬਲਕਿ ਹੋਰ ਵੀ ਪ੍ਰਚੰਡ ਕੀਤਾ ਜਾਵੇਗਾ।
ਸਥਾਨਕ ਐਸ.ਡੀ.ਐਮ ਰਜਨੀਸ਼ ਅਰੋੜਾ ਨੇ ਕਿਹਾ ਕਿ ਪਹਿਲਾਂ ਵੀ ਦੁਕਾਨਦਾਰਾਂ ਨੂੰ ਨਜਾਇਜ਼ ਕਬਜ਼ਿਆਂ ਵਿਰੁੱਧ ਚਿਤਾਵਨੀ ਦਿੱਤੀ ਗਈ ਸੀ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਸਨ। ਪਰ ਫਿਰ ਵੀ ਦੁਕਾਨਦਾਰ ਸੜਕ ਤੇ ਨਜਾਇਜ ਕਬਜੇ ਕਰਨ ਤੋਂ ਨਹੀਂ ਹੱਟ ਰਹੇ ਉਨਾਂ ਦੇ ਪ੍ਰਸਾਸ਼ਾਸਨ ਕੱਲ ਤੋਂ ਫਿਰ ਸਖ਼ਤ ਕਾਰਵਾਈ ਸ਼ੁਰੂ ਕਰ ਰਿਹਾ ਹੈ।
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਬਾਜ਼ਾਰ ਵਿੱਚੋਂ ਨਜਾਇਜ਼ ਕਬਜੇ ਖਤਮ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਿੱਥੇ ਟਰੈਕ ਜਾਮ ਹੋ ਜਾਵੇ ਉੱਥੇ ਵਿਸ਼ੇਸ਼ ਤੌਰ 'ਤੇ ਪੁਲਿਸ ਟੀਮ ਭੇਜ ਕੇ ਜਾਮ ਹਟਾਇਆ ਜਾਂਦਾ ਹੈ। ਓਹਨਾ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਨਜਾਇਜ਼ ਕਬਜ਼ਾ ਵਿਰੁੱਧ ਕਾਰਵਾਈ ਲਈ ਪੁਲਿਸ ਸਹਾਇਤਾ ਦਿੱਤੀ ਗਈ ਹੈ ਅਤੇ ਜੇਕਰ ਹੁਣ ਵੀ ਨਗਰ ਕੌਂਸਲ ਜਾਂ ਪ੍ਰਸ਼ਾਸਨ ਸੜਕ 'ਤੇ ਨਜਾਇਜ ਕਬਜੇ ਚੁਕਵਾਉਣ ਲਈ ਪੁਲਿਸ ਸਹਾਇਤਾ ਦੀ ਮੰਗ ਕਰੇਗਾ ਤਾਂ ਲੋੜੀਂਦੀ ਪੁਲਿਸ ਸਹਾਇਤਾ ਦਿੱਤੀ ਜਾਵੇਗੀ।
No comments
Post a Comment