ਦੋਰਾਹਾ (ਮਨਪ੍ਰੀਤ ਰਣਦਿਓ) ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਹੋਣਹਾਰ ਵਿਦਿਆਰਥੀਆਂ ਨੇ ਯੂਥ ਲੀਡਰਸ਼ਿਪ ਕੈਂਪ ਵਿਚ ਭਾਗ ਲੈਂਦਿਆਂ ਸਰਵੋਤਮ ਵਲੰਟੀਅਰਾਂ ਦਾ ਇਨਾਮ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਡੀਨ ਐਕਸਟੈਂਸ਼ਨ ਐਕਟੀਵਿਟੀਜ਼ ਡਾ. ਲਵਲੀਨ ਬੈਂਸ ਦੀ ਅਗਵਾਈ ਹੇਠ ਕਾਲਜ ਦੇ ਪੰਜ ਵਿਦਿਆਰਥੀਆਂ ਨਵਨੀਤ ਕੌਰ, ਰੋਹਿਤ ਕੁਮਾਰ, ਯੁਵਰਾਜ ਸਿੰਘ, ਪ੍ਰਿੰਯਕਾ ਅਤੇ ਅਮਨਦੀਪ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਵੱਲੋਂ 21 ਜੂਨ ਤੋਂ 27 ਜੂਨ 2025 ਤੱਕ ਲਗਾਏ ਗਏ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਵਿਚ ਭਾਗ ਲਿਆ।
ਇਸ ਕੈਂਪ ਦੌਰਾਨ ਵੱਖ ਵੱਖ ਸਰੀਰਕ, ਅਕਾਦਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਬੀਕਾਮ ਭਾਗ ਤੀਜਾ ਦੀ ਵਿਦਿਆਰਥਣ ਨਵਨੀਤ ਕੌਰ ਨੇ ਦੂਜਾ ਰਨਰ-ਅੱਪ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀਏ ਭਾਗ ਤੀਜਾ ਦੇ ਵਿਦਿਆਰਥੀ ਰੋਹਿਤ ਕੁਮਾਰ ਨੇ ਆਪਣੀ ਸ਼ਾਨਦਾਰ ਰੰਗਮੰਚੀ ਪੇਸ਼ਕਾਰੀ ਅਤੇ ਸੰਚਾਰ‑ਯੋਗਤਾ ਦੇ ਹੁਨਰ ਨੂੰ ਉਜਾਗਰ ਕਰਦੇ ਹੋਏ ਸਰਵੋਤਮ ਸਟੇਜ ਪ੍ਰਦਰਸ਼ਨ ਪੁਰਸਕਾਰ ਹਾਸਿਲ ਕੀਤਾ ।
ਜ਼ਿਕਰ ਯੋਗ ਹੈ ਕਿ ਯੂਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਖਜਿੰਦਰ ਸਿੰਘ ਅਤੇ ਅਸਿਸਟੈਂਟ ਡਾਇਰੈਕਟਰ ਡਾ. ਤੇਜਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਕੈਂਪ ਵਿੱਚ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਐਡਮਿਨਿਸਟ੍ਰੇਟਿਵ ਅਫ਼ਸਰ ਦੇ ਤੌਰ ’ਤੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਜਨਰਲ ਸਕੱਤਰ ਡਾ. ਪਵਿੱਤਰਪਾਲ ਸਿੰਘ ਪਾਂਗਲੀ, ਅਹੁਦੇਦਾਰਾਂ, ਮੈਂਬਰ ਸਾਹਿਬਾਨ ਅਤੇ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਪ੍ਰੋ. ਦੀਪਾਲੀ ਅਤੇ ਪ੍ਰੋ. ਹਿਨਾ ਰਾਣੀ, ਸੰਬੰਧਿਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।
No comments
Post a Comment