ਭਾਰਤ ਦੇ ਨਵੇਂ ਮੁਕਤ ਵਪਾਰ ਸਮਝੌਤੇ ਨਾਲ ਖੇਤਾਂ ਤੋਂ ਲੈ ਕੇ ਕਾਰਖਾਨਿਆਂ ਤੱਕ ਰੁਜ਼ਗਾਰ ਅਤੇ ਸਮ੍ਰਿੱਧੀ ਵਧੇਗੀ
ਲੇਖਕ: ਪੀਯੂਸ਼ ਗੋਇਲ
ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ (ਐੱਫਟੀਏ) ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਪਾਰ ਕੂਟਨੀਤੀ ਵਿੱਚ ਇੱਕ ਮਹੱਤਵਪੂਰਨ ਰਣਨੀਤਕ ਕਦਮ ਨੂੰ ਪ੍ਰਤੀ ਪ੍ਰਤੀਬਿੰਬਿਤ ਕਰਦਾ ਹੈ- ਇਹ ਰੁਜ਼ਗਾਰ ਸਿਰਜਣ ਨੂੰ ਤੇਜ਼ ਕਰਦਾ ਹੈ, ਨਿਵੇਸ਼ ਨੂੰ ਹੁਲਾਰਾ ਦਿੰਦਾ ਹੈ ਅਤੇ ਭਾਰਤ ਦੇ ਛੋਟੇ ਕਾਰੋਬਾਰਾਂ, ਵਿਦਿਆਰਥੀਆਂ, ਮਹਿਲਾਵਾਂ, ਕਿਸਾਨਾਂ ਅਤੇ ਨੌਜਵਾਨਾਂ ਲਈ ਪਰਿਵਰਤਨਕਾਰੀ ਮੌਕਿਆਂ ਦੇ ਦੁਆਰ ਖੋਲ੍ਹਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਕ੍ਰਿਸਟੋਫਰ ਲਕਸਨ ਦੁਆਰਾ ਸੰਯੁਕਤ ਤੌਰ ‘ਤੇ ਘੋਸ਼ਿਤ ਇਹ ਸਮਝੌਤਾ, ਮੋਦੀ ਸਰਕਾਰ ਦਾ ਕੀਤਾ ਗਿਆ ਸੱਤਵਾਂ ਐੱਫਟੀਏ ਹੈ ਅਤੇ 2025 ਦਾ ਤੀਸਰਾ ਪ੍ਰਮੁੱਖ ਵਪਾਰ ਸਮਝੌਤਾ ਹੈ, ਜੋ ਬ੍ਰਿਟੇਨ ਅਤੇ ਓਮਾਨ ਦੇ ਨਾਲ ਹੋਏ ਇਤਿਹਾਸਿਕ, ਲਾਭਕਾਰੀ ਸਮਝੌਤਿਆਂ ਦੇ ਬਾਅਦ ਹੋਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਾਰੀਆਂ ਐੱਫਟੀਏ ਵਿਕਸਿਤ ਅਰਥਵਿਵਸਥਾਵਾਂ ਦੇ ਨਾਲ ਹਨ, ਜਿਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ ਭਾਰਤ ਤੋਂ ਬਹੁਤ ਵੱਧ ਹੈ। ਇਹ ਐੱਫਟੀਏ ਵਿਸ਼ਵਵਿਆਪੀ ਵਪਾਰ ਗੱਲਾਬਾਤਾਂ ਵਿੱਚ ਭਾਰਤ ਦੀ ਵਧਦੀ ਸ਼ਕਤੀ ਅਤੇ ਭਰੋਸੇਯੋਗਤਾ ਨੂੰ ਰੇਖਾਂਕਿਤ ਕਰਦਾ ਹੈ।
ਹਰੇਕ ਸਮਝੌਤੇ ‘ਤੇ ਸਾਰੇ ਹਿਤਧਾਰਕਾਂ ਦੇ ਨਾਲ ਵਿਆਪਕ ਸਲਾਹ-ਮਸ਼ਵਰੇ ਦੇ ਬਾਅਦ ਗੱਲਬਾਤ ਕੀਤੀ ਗਈ ਹੈ, ਜਿਸ ਨਾਲ ਸੰਤੁਲਿਤ ਨਤੀਜੇ ਸਾਹਮਣੇ ਆਏ ਹਨ ਵਿਕਸਿਤ ਦੁਨੀਆ ਦੇ ਨਾਲ ਅਸਲ ਲਾਭਕਾਰੀ ਸ਼ਮੂਲੀਅਤ ਯਕੀਨੀ ਹੋਈ ਹੈ।
ਰੁਜ਼ਗਾਰ, ਵਿਕਾਸ ਅਤੇ ਬਜ਼ਾਰ ਪਹੁੰਚ
ਇਸ ਐੱਫਟੀਏ ਦਾ ਇੱਕ ਕੇਂਦਰੀ ਥੰਮ੍ਹ ਰੁਜ਼ਗਾਰ ਸਿਰਜਣ ਹੈ। ਨਿਊਜ਼ੀਲੈਂਡ ਭਾਰਤੀ ਨਿਰਯਾਤ ਦੀ 100 ਫੀਸਦੀ ਪਹੁੰਚ ਲਈ ਜ਼ੀਰੋ-ਡਿਊਟੀ ਦੀ ਸੁਵਿਧਾ ਪ੍ਰਦਾਨ ਕਰੇਗਾ, ਜਿਸ ਨਾਲ ਭਾਰਤ ਦੇ ਕਿਰਤ ਸਬੰਧੀ ਖੇਤਰਾਂ ਜਿਵੇਂ ਟੈਕਸਟਾਈਲ, ਚਮੜਾ, ਲਿਬਾਸ, ਜੁੱਤੇ, ਸਮੁੰਦਰੀ ਉਤਪਾਦ, ਰਤਨ ਅਤੇ ਆਭੂਸ਼ਨ, ਦਸਤਕਾਰੀ ਅਤੇ ਇੰਜੀਨੀਅਰਿੰਗ ਵਸਤੂਆਂ ਨੂੰ ਅਤਿਅਧਿਕ ਹੁਲਾਰਾ ਮਿਲੇਗਾ। ਇਸ ਦਾ ਸਿੱਧਾ ਲਾਭ ਭਾਰਤੀ ਵਰਕਰਾਂ, ਕਾਰੀਗਰਾਂ, ਮਹਿਲਾ ਉੱਦਮੀਆਂ, ਨੌਜਵਾਨਾਂ ਅਤੇ ਐੱਮਐੱਸਐੱਮਈ ਖੇਤਰ ਨੂੰ ਮਿਲੇਗਾ।
ਭਾਰਤ ਨੇ ਆਪਣੀ ਬਜ਼ਾਰ ਪਹੁੰਚ ਅਤੇ ਸੇਵਾਵਾਂ ਦੀ ਪੇਸ਼ਕਸ਼ ਨੂੰ ਵੀ ਸੁਰੱਖਿਅਤ ਕੀਤਾ ਹੈ, ਜਿਸ ਵਿੱਚ ਦੂਰਸੰਚਾਰ, ਨਿਰਮਾਣ, ਆਈਟੀ, ਵਿੱਤੀ ਸੇਵਾਵਾਂ, ਯਾਤਰਾ ਅਤੇ ਟੂਰਿਜ਼ਮ ਸਮੇਤ 118 ਸੇਵਾ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਵਿਸਤਾਰਿਤ ਪਹੁੰਚ, ਭਾਰਤੀ ਪੇਸ਼ੇਵਰਾਂ ਅਤੇ ਕਾਰੋਬਾਰਾਂ ਲਈ ਵੱਡੇ ਪੈਮਾਨੇ ‘ਤੇ ਰੁਜ਼ਗਾਰ ਅਤੇ ਵਿਕਾਸ ਦੇ ਨਵੇਂ ਮੌਕਿਆਂ ਦਾ ਮਾਰਗ ਪੱਧਰਾ ਕਰੇਗੀ।
ਪੇਸ਼ੇਵਰਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਮੌਕੇ
ਇਸ ਸਮਝੌਤੇ ਵਿੱਚ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਪ੍ਰਵੇਸ਼ ਅਤੇ ਰਹਿਣ ਦੇ ਬਿਹਤਰ ਪ੍ਰਾਵਧਾਨ ਹਨ। ਇਹ ਸਮਝੌਤਾ ਅਧਿਐਨ ਦੇ ਦੌਰਾਨ ਕੰਮ ਕਰਨ ਦੇ ਮੌਕੇ, ਅਧਿਐਨ ਤੋਂ ਬਾਅਦ ਰੁਜ਼ਗਾਰ ਅਤੇ ਇੱਕ ਸੁਚਾਰੂ ਕਾਰਜ-ਛੁੱਟੀ (ਵਰਕਿੰਗ-ਹੌਲੀਡੇਅ) ਵੀਜ਼ਾ ਵਿਵਸਥਾ ਨੂੰ ਯੋਗ ਬਣਾਉਂਦਾ ਹੈ।
ਐੱਸਟੀਈਐੱਮ ਗ੍ਰੈਜੂਏਟ ਅਤੇ ਮਾਸਟਰ ਗ੍ਰੈਜੂਏਟ ਹੁਣ ਤਿੰਨ ਵਰ੍ਹਿਆਂ ਤੱਕ ਕੰਮ ਕਰ ਸਕਦੇ ਹਨ, ਜਦੋਂ ਕਿ ਡਾਕਟੋਰੇਟ ਖੋਜਕਰਤਾ ਚਾਰ ਵਰ੍ਹਿਆਂ ਤੱਕ ਕੰਮ ਕਰ ਸਕਦੇ ਹਨ, ਜਿਸ ਨਾਲ ਭਾਰਤ ਦੇ ਨੌਜਵਾਨਾਂ ਲਈ ਬੇਮਿਸਾਲ ਵਿਸ਼ਵਵਿਆਪੀ ਅਨੁਭਵ ਅਤੇ ਕੈਰੀਅਰ ਦੇ ਮਾਰਗ ਖੁੱਲ੍ਹਦੇ ਹਨ। ਇੱਕ ਨਵਾਂ ਅਸਥਾਈ ਰੁਜ਼ਗਾਰ ਪ੍ਰਵੇਸ਼ ਵੀਜ਼ਾ ਉਨ੍ਹਾਂ ਕੁਸ਼ਲ ਭਾਰਤੀ ਪੇਸ਼ੇਵਰਾਂ ਦਾ ਸਮਰਥਨ ਕਰਦਾ ਹੈ, ਜੋ ਅੰਤਰਰਾਸ਼ਟਰੀ ਮੌਕਿਆਂ ਦੀ ਖੋਜ ਵਿੱਚ ਹਨ।
ਕਿਸਾਨਾਂ ਦੀ ਤਰੱਕੀ
ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ ਸਪਸ਼ਟ ਹੈ: ਭਾਰਤੀ ਕਿਸਾਨਾਂ ਨੂੰ ਵਿਸ਼ਵਵਿਆਪੀ ਪਲੈਟਫਾਰਮ ‘ਤੇ ਸਾਰਥਕ ਭੂਮਿਕਾ ਨਿਭਾਉਣੀ ਚਾਹੀਦੀ ਹੈ। ਐੱਫਟੀਏ ਇਸ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਇਸ ਸਮਝੌਤੇ ਦੇ ਤਹਿਤ ਸੇਬ, ਕੀਵੀ ਅਤੇ ਸ਼ਹਿਦ ਨੂੰ ਸ਼ਾਮਲ ਕਰਦੇ ਹੋਏ ਇੱਕ ਖੇਤੀਬਾੜੀ ਉਤਪਾਦਨ ਸਾਂਝੇਦਾਰੀ ਸਥਾਪਿਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਘਰੇਲੂ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਨਿਊਜ਼ੀਲੈਂਡ ਨੇ ਬਾਸਮਤੀ ਚੌਲ ਲਈ ਜੀਆਈ ਪੱਧਰ ਸੁਰੱਖਿਆ ਦੇਣ ਦੀ ਵੀ ਵਚਨਬੱਧਤਾ ਜਤਾਈ ਹੈ, ਜਿਸ ਨਾਲ ਭਾਰਤੀ ਚੌਲ ਕਿਸਾਨਾਂ ਨੂੰ ਮਜ਼ਬੂਤ ਸਮਰਥਨ ਮਿਲੇਗਾ।
ਮਹੱਤਵਪੂਰਨ ਤੌਰ ‘ਤੇ, ਭਾਰਤ ਨੇ ਯਕੀਨੀ ਬਣਾਇਆ ਕਿ ਚੌਲ,ਡੇਅਰੀ, ਕਣਕ, ਸੋਇਆ ਅਤੇ ਹੇਰ ਪ੍ਰਮੁੱਖ ਖੇਤੀਬਾੜੀ ਉਤਪਾਦ ਜਿਹੇ ਸੰਵੇਦਨਸ਼ੀਲ ਖੇਤਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹਿਣ ਅਤੇ ਕਿਸੇ ਵੀ ਬਜ਼ਾਰ ਦੇ ਖੁੱਲ੍ਹਣ ਨਾਲ ਘਰੇਲੂ ਆਜੀਵਿਕਾ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਨਵੀਨਤਾਕਾਰੀ ਐੱਫਟੀਏ ਅਤੇ ਨਿਵੇਸ਼ ਵਚਨਬੱਧਤਾਵਾਂ
ਭਾਰਤ ਦੇ ਐੱਫਟੀਏ ਅੱਜ ਸਿਰਫ਼ ਫੀਸ-ਕਟੌਤੀ ਤੋਂ ਕਿਤੇ ਅੱਗੇ ਵਧ ਗਏ ਹਨ। ਇਹ ਐੱਫਟੀਏ ਕਿਸਾਨ, ਐੱਮਐੱਸਐੱਮਈ, ਮਹਿਲਾਵਾਂ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਖੋਲ੍ਹਣ ਦੇ ਉਪਾਅ ਹਨ, ਨਾਲ ਹੀ ਇਹ ਰਾਸ਼ਟਰੀ ਹਿਤਾਂ ਦੀ ਸੁਰੱਖਿਆ ਵੀ ਕਰਦੇ ਹਨ।
ਵੱਖ-ਵੱਖ ਵਪਾਰ ਸਮਝੌਤਿਆਂ ਨਾਲ ਭਾਰਤੀ ਨਿਰਯਾਤ ਤਤਕਾਲ ਜਾਂ ਤੇਜ਼ ਟੈਰਿਫ ਖਾਤਮੇ ਦੇ ਜ਼ਰੀਏ ਲਾਭਵੰਦ ਹੁੰਦਾ ਹੈ, ਜਦੋਂ ਕਿ ਭਾਰਤ ਦੇ ਆਪਣੇ ਬਜ਼ਾਰ ਦਾ ਖੁੱਲ੍ਹਣਾ ਸੋਚ-ਸਮਝ ਕੇ ਅਤੇ ਹੌਲੀ-ਹੌਲੀ ਹੋ ਰਿਹਾ ਹੈ। ਨਿਊਜ਼ੀਲੈਂਡ ਨੇ ਅਗਲੇ 15 ਵਰ੍ਹਿਆਂ ਵਿੱਚ 20 ਬਿਲੀਅਨ ਡਾਲਰ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਵਚਨਬੱਧਤਾ ਜਤਾਈ ਹੈ, ਜੋ ਭਾਰਤ ਦੇ ਈਐੱਫਟੀਏ ਦੇਸ਼ਾਂ-ਸਵਿਟਜ਼ਰਲੈਂਡ, ਨਾਰਵੇ, ਆਈਸਲੈਂਡ ਅਤੇ ਲਿਕਟੇਂਸਟਾਈਨ- ਦੇ ਨਾਲ ਹੋਏ ਐੱਫਟੀਏ ਦੇ ਨਿਵੇਸ਼ ਨਾਲ ਜੁੜੇ ਨਵੀਨਤਾਕਾਰੀ ਪ੍ਰਾਵਧਾਨਾਂ ਨੂੰ ਦਰਸਾਉਂਦਾ ਹੈ।
ਨਿਊਜ਼ੀਲੈਂਡ ਲਈ, ਇਹ ਭਾਰਤ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿੱਚ ਇੱਕ ਵੱਡੀ ਛਾਲ ਦਾ ਪ੍ਰਤੀਕ ਹੈ। ਪਿਛਲੇ 25 ਵਰ੍ਹਿਆਂ ਵਿੱਚ, ਨਿਊਜ਼ੀਲੈਂਡ ਨੇ ਭਾਰਤ ਵਿੱਚ ਲਗਭਗ 643 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਨਵੀਂ ਵਚਨਬੱਧਤਾ- ਅਗਲੇ 15 ਵਰ੍ਹਿਆਂ ਵਿੱਚ ਲਗਭਗ 1.8 ਲੱਖ ਕਰੋੜ ਰੁਪਏ- ਇੱਕ ਮਹੱਤਵਪੂਰਨ ਵਿਸਤਾਰ ਦੀ ਪ੍ਰਤੀਨਿਧਤਾ ਕਰਦੀ ਹੈ, ਜਿਸ ਵਿੱਚ ਨਿਵੇਸ਼ ਟੀਚਿਆਂ ਨੂੰ ਪੂਰਾ ਨਾ ਕਰਨ ‘ਤੇ ਦੁਬਾਰਾ ਪੂਰਾ ਕਰਨ ਦੀ ਵਿਵਸਥਾ ਦਾ ਪ੍ਰਾਵਧਾਨ ਹੈ।
ਇਸ ਨਿਵੇਸ਼ ਦਾ ਜ਼ਿਆਦਾਤਰ ਹਿੱਸਾ ਖੇਤੀਬਾੜੀ, ਡੇਅਰੀ, ਐੱਮਐੱਸਐੱਮਈ, ਸਿੱਖਿਆ, ਖੇਡ ਅਤੇ ਨੌਜਵਾਨਾਂ ਦੇ ਵਿਕਾਸ ਦਾ ਸਮਰਥਨ ਕਰੇਗਾ, ਜਿਸ ਨਾਲ ਵਿਆਪਕ ਅਤੇ ਸਮਾਵੇਸ਼ੀ ਵਿਕਾਸ ਯਕੀਨੀ ਬਣਾਇਆ ਜਾਵੇਗਾ।
ਭਾਰਤ ਦਾ ਪਹਿਲਾ ਮਹਿਲਾ-ਅਗਵਾਈ ਵਾਲਾ ਐੱਫਟੀਏ
ਇਹ ਸਮਝੌਤਾ ਇੱਕ ਇਤਿਹਾਸਿਕ ਉਪਲਬਧੀ ਹੈ: ਇਹ ਭਾਰਤ ਦਾ ਪਹਿਲਾ ਮਹਿਲਾ-ਅਗਵਾਈ ਵਾਲਾ ਐੱਫਟੀਏ ਹੈ। ਗੱਲਬਾਤ ਕਰਨ ਵਾਲੀ ਪੂਰੀ ਟੀਮ ਦੇ ਮੈਂਬਰਾਂ ਵਿੱਚ ਮੁੱਖ ਵਾਰਤਾਕਾਰ ਅਤੇ ਡਿਪਟੀ ਮੁੱਖ ਵਾਰਤਾਕਾਰ ਤੋਂ ਲੈ ਕੇ ਵਸਤੂਆਂ, ਸੇਵਾਵਾਂ ਅਤੇ ਨਿਵੇਸ਼ ਦੀ ਪ੍ਰਤੀਨਿਧੀ ਅਤੇ ਨਿਊਜ਼ੀਲੈਂਡ ਵਿੱਚ ਸਾਡੀ ਰਾਜਦੂਤ ਤੱਕ- ਜ਼ਿਆਦਾਤਰ ਮਹਿਲਾਵਾਂ ਸਨ। ਸਾਡੀਆਂ ਯੋਗ ਮਹਿਲਾਵਾਂ ਪ੍ਰਧਾਨ ਮੰਤਰੀ ਦੇ ਵਿਕਾਸ ਏਜੰਡੇ ਵਿੱਚ ਅਗਵਾਈ ਵਾਲੀ ਭੂਮਿਕਾ ਨਿਭਾਉਣ ਲਗੀਆਂ ਹਨ।
ਭਾਰਤ ਦੀ ਐੱਫਟੀਏ ਰਣਨੀਤੀ
ਭਾਰਤ-ਨਿਊਜ਼ੀਲੈਂਡ ਐੱਫਟੀਏ ਭਾਰਤ ਦੀ ਸਪਸ਼ਟ ਰਣਨੀਤੀ ਦੀ ਉਦਾਹਰਣ ਹੈ: ਵਿਕਸਿਤ ਅਰਥਵਿਵਸਥਾਵਾਂ ਦੇ ਨਾਲ ਸਾਂਝੇਦਾਰੀ ਕਰਨਾ, ਜੋ ਭਾਰਤੀ ਉਤਪਾਦਾਂ ਦੇ ਨਾਲ ਅਨੁਚਿਤ ਮੁਕਾਬਲੇਬਾਜ਼ੀ ਕੀਤੇ ਬਿਨਾ ਭਾਰਤ ਦੇ ਕਿਰਤ-ਪ੍ਰਧਾਨ ਉਦਯੋਗਾਂ ਲਈ ਆਪਣੇ ਬਜ਼ਾਰ ਖੋਲ੍ਹਦੀਆਂ ਹਨ।
ਮੋਦੀ ਸਰਕਾਰ ਦੇ ਤਹਿਤ ਹੋਏ ਵਪਾਰ ਸਮਝੌਤੇ ਸਿਰਫ਼ ਲੈਣ-ਦੇਣ ਨਹੀਂ ਹਨ- ਇਹ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਭਾਰਤੀਆਂ, ਖਾਸ ਕਰਕੇ ਸਭ ਤੋਂ ਗ਼ਰੀਬ ਲੋਕਾਂ, ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਵਿਆਪਕ ਮਿਸ਼ਨ ਦਾ ਹਿੱਸਾ ਹਨ। ਇਸ ਰਣਨੀਤੀ ਨੇ ਭਾਰਤ ਦੇ 2014 ਦੇ ‘ਕਮਜ਼ੋਰ ਪੰਜְ’ ਵਿੱਚੋਂ ਇੱਕ ਹੋਣ ਦੀ ਸਥਿਤੀ ਨੂੰ ਬਦਲ ਦਿੱਤਾ ਹੈ, ਹੁਣ ਦੇਸ਼ ਵਿਸ਼ਵਵਿਆਪੀ ਵਿਕਾਸ ਦਾ ਇੰਜਣ ਅਤੇ ਵਿਸ਼ਵਵਿਆਪੀ ਪੱਧਰ ‘ਤੇ ਵਪਾਰ ਅਤੇ ਨਿਵੇਸ਼ ਦਾ ਪਸੰਦੀਦਾ ਸਾਂਝੇਦਾਰ ਬਣ ਗਿਆ ਹੈ।
ਅੱਜ ਭਾਰਤ ਆਤਮਵਿਸ਼ਵਾਸ ਅਤੇ ਤਾਕਤ ਦੇ ਨਾਲ ਗੱਲਬਾਤ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਖੇਤੀਬਾੜੀ, ਡੇਅਰੀ ਅਤੇ ਹੋਰ ਸੰਵੇਦਨਸ਼ੀਲ ਖੇਤਰ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ ਅਤੇ ਸਮਝੌਤੇ ਸਿਰਫ਼ ਤਦ ਕੀਤੇ ਜਾਣ, ਜਦੋਂ ਉਹ ਆਪਸੀ ਲਾਭ ਪ੍ਰਦਾਨ ਕਰਦੇ ਹੋਣ।
ਵਪਾਰ ਸ਼ਾਸਨ ਵਿੱਚ ਤਾਜ਼ਗੀ ਭਰਿਆ ਬਦਲਾਅ
ਭਾਰਤ ਦਾ ਮੌਜੂਦਾ ਦ੍ਰਿਸ਼ਟੀਕੋਣ ਅਤੀਤ ਦੀ ਤੁਲਨਾ ਵਿੱਚ ਬਹੁਤ ਵੱਖ ਹੈ। ਪਹਿਲਾਂ ਦੀਆਂ ਵਪਾਰਕ ਨੀਤੀਆਂ ਅਕਸਰ ਲੋੜੀਂਦੇ ਸਲਾਹ-ਮਸ਼ਵਰੇ ਤੋਂ ਬਿਨਾ, ਭਾਰਤੀ ਬਜ਼ਾਰਾਂ ਨੂੰ ਸਸਤੇ ਆਯਾਤ ਦੇ ਜੋਖਮ ਵਿੱਚ ਪਾ ਦਿੰਦੀਆਂ ਸਨ ਅਤੇ ਛੋਟੇ ਕਾਰੋਬਾਰਾਂ ਅਤੇ ਨੌਕਰੀਆਂ ਨੂੰ ਖਤਰੇ ਵਿੱਚ ਪਾਉਂਦੀਆਂ ਸਨ। ਪ੍ਰਧਾਨ ਮੰਤਰੀ ਮੋਦੀ ਦੀ ਨਿਰਣਾਇਕ ਅਗਵਾਈ ਨੇ ਵਿਸ਼ਵਵਿਆਪੀ ਪਲੈਟਫਾਰਮ ‘ਤੇ ਭਾਰਤੀ ਦੀ ਪ੍ਰਤਿਸ਼ਠਾ, ਭਰੋਸੇਯੋਗਤਾ ਅਤੇ ਗੱਲਬਾਤ ਸ਼ਕਤੀ ਨੂੰ ਬਹਾਲ ਕੀਤਾ ਹੈ।
ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ (ਐੱਫਟੀਏ), ਜਿਸ ਨੂੰ ਭਾਰਤੀ ਉਦਯੋਗ ਜਗਤ ਵਿੱਚ ਸ਼ਲਾਘਾ ਮਿਲੀ ਹੈ, 2014 ਤੋਂ ਬਾਅਦ ਸ਼ਾਸਨ ਵਿੱਚ ਹੋਏ ਇਸ ਤਾਜ਼ਗੀ ਭਰੇ ਬਦਲਾਅ ਦਾ ਨਤੀਜਾ ਹੈ।
ਇਹ ਸਮਝੌਤਾ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੇ ਹੋਏ, ਵਸਤੂਆਂ, ਸੇਵਾਵਾਂ, ਨਿਵੇਸ਼ ਅਤੇ ਗਤੀਸ਼ੀਲਤਾ ਨੂੰ ਏਕੀਕ੍ਰਿਤ ਕਰਕੇ ਭਾਰਤ ਦੀ ਆਧੁਨਿਕ, ਸਮਾਵੇਸ਼ੀ ਅਤੇ ਸੰਤੁਲਿਤ ਵਪਾਰਕ ਕੂਟਨੀਤੀ ਨੂੰ ਦਰਸਾਉਂਦਾ ਹੈ। ਜਿਵੇਂ-ਜਿਵੇਂ ਭਾਰਤ ਅਤੇ ਨਿਊਜ਼ੀਲੈਂਡ ਆਰਥਿਕ ਏਕੀਕਰਣ ਨੂੰ ਮਜ਼ਬੂਤ ਕਰ ਰਹੇ ਹਨ, ਇਹ ਐੱਫਟੀਏ ਦਿਖਾਉਂਦਾ ਹੈ ਕਿ ਵਪਾਰ ਕਿਵੇਂ ਬਜ਼ਾਰ ਨੂੰ ਖੋਲ੍ਹ ਸਕਦਾ ਹੈ ਅਤੇ ਸਰਹੱਦਾਂ ਦੇ ਪਾਰ ਮਨੁੱਖ-ਕੇਂਦ੍ਰਿਤ ਵਿਕਾਸ ਅਤੇ ਸਾਂਝੀ ਸਮ੍ਰਿੱਧੀ ਪ੍ਰਦਾਨ ਕਰ ਸਕਦਾ ਹੈ।
(ਲੇਖਕ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਹਨ)


No comments
Post a Comment